ਆਜ਼ਾਦ ਚੋਣ ਜਿੱਤੇ ਬਿਕਰਮ ਸਿੰਘ ਕੰਡੇਵਾਲਾ ਨੇ ਬਦਲੇ ਸਮੀਕਰਨ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਨਗਰ ਕੌਂਸਲ ਦੀਆਂ ਹੋਈਆਂ ਚੋਣਾਂ ਦੋ ਉਪਰੰਤ ਆਏ ਨਤੀਜਿਆਂ ’ਚ ਵਾਰਡ ਨੰਬਰ ਚਾਰ ਤੋਂ ਆਜ਼ਾਦ ਤੌਰ ’ਤੇ ਚੋਣ ਲੜਕੇ ਆਪ ਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਪਛਾੜਦਿਆਂ ਹੋਇਆ ਕੌਂਸਲਰ ਚੁਣੇ ਗਏ ਬਿਕਰਮ ਸਿੰਘ ਕੰਡੇਵਾਲਾ ਨੇ ਸਾਰੇ ਸਮੀਕਰਨ ਬਦਲ ਕੇ ਰੱਖ ਦਿੱਤੇ ਹਨ। ਜਾਣਕਾਰੀ ਦੇ ਅਨੁਸਾਰ ਰਾਜਪੁਰਾ ਨਗਰ ਕੌਂਸਲ ਦੇ ਵਾਰਡ ਨੰਬਰ 4 ਤੋਂ ਪਹਿਲਾਂ ਤੋਂ ਹੀ ‘ਆਪ’ ਦੀ ਕੌਂਸਲਰ ਦੇ ਪਤੀ ਬਿਕਰਮ ਸਿੰਘ ਕੰਡੇਵਾਲਾ ਨੂੰ ਹਲਕਾ ਰਾਜਪੁਰਾ ਵਿਧਾਇਕਾ ਨੀਨਾ ਮਿੱਤਲ ਦੀ ਤਰਫੋਂ ਚੋਣ ਲੜਨ ਦੇ ਲਈ ਥਾਪੜਾ ਮਿਲ ਗਿਆ। ਪਰ ਜਦੋਂ ਨਾਮਜ਼ਦਗੀਆਂ ਦਾਖਲ ਕਰਨ ਦਾ ਸਮਾਂ ਨੇੜੇ ਆਇਆ ਤਾਂ ਆਪ ਦੇ ਟਕਸਾਲੀ ਆਗੂਆਂ ਵੱਲੋਂ ਪਾਰਟੀ ਦੀ ਸੀਨੀਅਰ ਹਾਈ ਕਮਾਂਡ ਦੇ ਨਾਲ ਗੱਲਬਾਤ ਕਰਕੇ ਚੋਣ ਕਨਵੀਨਰ ਦੇ ਰਾਹੀ ਰਾਜਪੁਰਾ ਨਗਰ ਕੌਂਸਲ ਦੀਆਂ ਇਕ ਦਰਜਨ ਦੇ ਕਰੀਬ ਸੀਟਾਂ ’ਤੇ ਪਹਿਲਾਂ ਤੋਂ ਉਤਾਰੇ ਹੋਏ ਉਮੀਦਵਾਰਾਂ ਨੂੰ ਬਦਲ ਕੇ ਉਨ੍ਹਾਂ ਦੀ ਥਾਂ ਨਵੇਂ ਉਮੀਦਵਾਰ ਚੋਣ ਮੈਦਾਨ ’ਚ ਉਤਾਰੇ ਗਏ। ਜਿਸ ਕਾਰਨ ਵਾਰਡ ਨੰਬਰ ਚਾਰ ਤੋਂ ਯੋਗੇਸ਼ ਕੱਕੜ ਸੋਨੂ ਨੂੰ ਆਮ ਆਦਮੀ ਪਾਰਟੀ ਦਾ ਉਮੀਦਵਾਰ ਐਲਾਨ ਦਿੱਤਾ। ਜਿਸ ਤੋਂ ਬਾਅਦ ਬਿਕਰਮ ਸਿੰਘ ਕੰਡੇਵਾਲਾ ਨੇ ਆਜ਼ਾਦ ਤੌਰ ’ਤੇ ਚੋਣ ਲੜਨ ਦਾ ਐਲਾਨ ਕਰਦਿਆਂ ਹੋਇਆਂ ਚੋਣ ਮੈਦਾਨ ਵਿੱਚ ਉਤਰ ਗਏ। ਪਰ ਜਦੋਂ ਨਗਰ ਕੌਂਸਲ ਚੋਣਾਂ ਤੋਂ ਉਪਰੰਤ 29 ਮਈ ਨੂੰ ਚੋਣ ਨਤੀਜੇ ਸਾਹਮਣੇ ਆਏ ਤਾਂ ਆਜ਼ਾਦ ਤੌਰ ਉੱਤੇ ਚੋਲ ਲੜਨ ਵਾਲੇ ਬਿਕਰਮ ਸਿੰਘ ਕੰਡੇਵਾਲਾ ਨੂੰ ਕੁੱਲ ਪੋਲ ਹੋਈਆਂ 1978 ਵੋਟਾਂ ਦੇ ਵਿੱਚੋਂ 1226 ਵੋਟਾਂ ਲੈ ਕੇ ਚੋਣ ਜਿੱਤਦਿਆਂ ਹੋਇਆਂ ਪਹਿਲੇ ਨੰਬਰ ਤੇ ਆ ਗਏ। ਇਸ ਤਰਾਂ ਕਾਂਗਰਸ ਪਾਰਟੀ ਦੇ ਅਮਰਜੀਤ ਸਿੰਘ ਲਿੰਕਨ ਨੂੰ 319 ਵੋਟਾਂ, ਆਪ ਪਾਰਟੀ ਦੇ ਉਮੀਦਵਾਰ ਯੋਗੇਸ਼ ਕੱਕੜ ਸੋਨੂ ਨੂੰ 240 ਵੋਟਾਂ, ਭਾਜਪਾ ਦੇ ਪ੍ਰਸ਼ਾਂਤ ਬਾਂਸਲ ਨੂੰ 124 ਵੋਟਾਂ, ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਮਜੀਤ ਸਿੰਘ ਮਾਹੀ ਨੂੰ 33 ਵੋਟਾਂ ਹੀ ਪ੍ਰਾਪਤ ਹੋਈਆਂ। ਇਸ ਤਰ੍ਹਾਂ 32 ਵੋਟਾਂ ਰੱਦ ਹੋ ਗਈਆਂ ਅਤੇ 4 ਵੋਟਾਂ ਨੋਟਾਂ ਨੂੰ ਪ੍ਰਾਪਤ ਹੋਈਆਂ। ਇਸ ਤਰ੍ਹਾਂ ਕੁੱਲ 31 ਵਾਰਡ ’ਚੋਂ ਆਪ ਪਾਰਟੀ ਸਿਰਫ 7 ਸੀਟਾਂ ਹੀ ਜਿੱਤ ਸਕੀ ਹੈ। ਇੱਥੇ ਇਹ ਦੱਸਣਯੋਗ ਹੈ ਆਪ ਉਮੀਦਵਾਰ ਯੋਗੇਸ਼ ਕੱਕੜ ਸੋਨੂ ਜੋ ਕਿ ਰਾਜਪੁਰਾ ਨਗਰ ਕੌਂਸਲ ਦੇ ਪ੍ਰਧਾਨਗੀ ਦੇ ਮੁੱਖ ਦਾਅਵੇਦਾਰ ਮੰਨੇ ਜਾ ਰਹੇ ਸਨ ਨੂੰ ਵੀ ਦਾ ਮੂੰਹ ਦੇਖਣਾ ਪਿਆ ਅਤੇ ਉਨਾਂ ਦੇ ਵੱਲੋਂ ਹੋਰਨਾ ਵਾਰਡਾਂ ਦੇ ਵਿੱਚ ਵੀ ਆਪਣੀ ਟੀਮ ਦੇ ਮੈਂਬਰਾਂ ਨੂੰ ਚੋਣ ਮੈਦਾਨ ’ਚ ਉਤਾਰਿਆ ਸੀ ਵੀ ਚੋਣਾਂ ਹਾਰ ਗਏ। ਜ਼ਿਕਰਯੋਗ ਹੈ ਕਿ ਬਿਕਰਮ ਸਿੰਘ ਕੰਡੇਵਾਲਾ ਦੇ ਪਿਤਾ ਸਵਰਗੀ ਹਰਦੇਵ ਸਿੰਘ ਕੰਡੇਵਾਲਾ ਵੀ ਇਸੇ ਵਾਰਡ ਤੋਂ ਦੋ ਵਾਰ ਕੌਂਸਲਰ, 1 ਵਾਰ ਉਨਾਂ ਦੀ ਪਤਨੀ ਕੌਂਸਲਰ ਅਤੇ ਮੁੜ ਚੌਥੀ ਵਾਰ ਇਹ ਸੀਟ ਬਿਕਰਮ ਸਿੰਘ ਕੰਡੇਵਾਲਾ ਜਿੱਤ ਕੇ ਕੌਂਸਲਰ ਚੁਣੇ ਗਏ ਹਨ। ਹੁਣ ਰਾਜਪੁਰਾ ਨਗਰ ਕੌਂਸਲ ਚੋਣਾਂ ’ਚ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਬਹੁਮਤ ਹਾਸਿਲ ਨਾ ਹੋਣ ਕਾਰਨ ਪ੍ਰਧਾਨਗੀ ਪਦ ਹਾਸਲ ਕਰਨ ਲਈ ਚੱਲ ਰਹੀ ਦੌੜ ’ਚ ਆਜ਼ਾਦ ਚੋਣ ਜਿੱਤੇ ਉਮੀਦਵਾਰਾਂ ਦੀ ਡਿਮਾਂਡ ਵੱਧ ਗਈ ਹੈ। ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਿਹੜੀ ਰਾਜਨੀਤਿਕ ਪਾਰਟੀ ਆਪਣਾ ਬਹੁਮਤ ਦਿਖਾ ਕੇ ਪ੍ਰਧਾਨਗੀ ਵਰਗੇ ਵੱਕਾਰੀ ਅਹੁਦੇ ਨੂੰ ਹਾਸਲ ਕਰਦੀ ਹੈ।