ਵੱਖ-ਵੱਖ ਸੰਗਠਨਾਂ ਨੇ ਸਹਾਇਕ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ
ਵੱਖ-ਵੱਖ ਸੰਗਠਨਾਂ ਨੇ ਸਹਾਇਕ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ
Publish Date: Tue, 19 May 2026 04:14 PM (IST)
Updated Date: Wed, 20 May 2026 04:01 AM (IST)

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਵਾਲਮੀਕਿ ਸਮਾਜ ਆਗੂ ਸੁਰੇਸ਼ ਬੇਦੀ, ਵਿਜੈ ਸਾਹਨੀ, ਮਜ਼੍ਹਬੀ ਸਿੱਖ ਸਮਾਜ ਦੇ ਸੁਰਜੀਤ ਸਿੰਘ ਸਿੱਧੂ ਅਤੇ ਉਨ੍ਹਾਂ ਨਾਲ ਸਹਿਯੋਗੀ ਤੌਰ ਤੇ ਅਮਨ ਬਾਂਸਲ ਧਰਮ ਜਾਗਰਣ ਮੰਚ ਦੇ ਆਗੂ, ਵਿਜੈ ਢੋਲੇਵਾਲ ਜਿਲ੍ਹਾ ਜਨਰਲ ਸਕੱਤਰ ਹਿੰਦੂ ਵਿਸ਼ਵ ਪ੍ਰੀਸ਼ਦ ਸੰਗਰੂਰ ਤੇ ਮਹਿੰਦਰ ਪਾਲ ਬਾਬਾ ਸ਼ਹਿਰੀ ਪ੍ਰਧਾਨ ਵਿਸ਼ਵ ਹਿੰਦੂ ਪ੍ਰੀਸ਼ਦ ਸੰਗਰੂਰ ਵੱਲੋਂ ਸਹਾਇਕ ਕਮਿਸ਼ਨਰ ਰਾਜਬੀਰ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਜਿਹੜੇ ਲੋਕ ਆਪਣਾ ਮੂਲ ਧਰਮ ਪਰਿਵਰਤਨ ਕਰਕੇ ਦੂਜੇ ਧਰਮਾਂ ’ਚ ਜਾ ਚੁੱਕੇ ਹਨ, ਉਹ ਅਜੇ ਵੀ ਗ਼ੈਰ-ਕਾਨੂੰਨੀ ਤਰੀਕੇ ਨਾਲ ਅਨੁਸੂਚਿਤ ਜਾਤੀ (ਐੱਸਸੀ) ਦੇ ਸਰਟੀਫਿਕੇਟਾਂ ਦੀ ਵਰਤੋਂ ਕਰਕੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਸਮੇਤ ਹੋਰ ਥਾਵਾਂ ’ਤੇ ਮਿਲਣ ਵਾਲੀਆਂ ਸਰਕਾਰੀ ਸਹੂਲਤਾਂ ਦਾ ਲਾਭ ਲੈ ਰਹੇ ਹਨ। ਸਰਵ ਉੱਚ ਅਦਾਲਤ ਦੇ ਨਿਯਮਾਂ ਅਨੁਸਾਰ ਧਰਮ ਬਦਲਣ ਤੋਂ ਬਾਅਦ ਕੋਈ ਵੀ ਵਿਅਕਤੀ ਐੱਸਸੀ ਕੈਟਾਗਰੀ ਦੇ ਰਾਖਵੇਂਕਰਨ ਦਾ ਹੱਕਦਾਰ ਨਹੀਂ ਰਹਿੰਦਾ। ਇਸ ਦੇ ਬਾਵਜੂਦ ਕਈ ਲੋਕ ਦੋਹਰਾ ਲਾਭ ਲੈ ਕੇ ਅਸਲ ਹੱਕਦਾਰਾਂ (ਵਾਲਮੀਕਿ ਅਤੇ ਮਜ਼੍ਹਬੀ ਸਿੱਖ ਸਮਾਜ) ਦੇ ਹੱਕਾਂ ’ਤੇ ਡਾਕਾ ਮਾਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸੁਵਿਧਾਵਾਂ ’ਤੇ ਤੁਰੰਤ ਰੋਕ, ਧਰਮ ਪਰਿਵਰਤਨ ਕਰ ਚੁੱਕੇ ਵਿਅਕਤੀਆਂ ਤੇ ਉਨ੍ਹਾਂ ਦੇ ਬੱਚਿਆਂ ਨੂੰ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ’ਚ ਮਿਲਣ ਵਾਲੀਆਂ ਐੱਸਸੀ ਸੁਵਿਧਾਵਾਂ/ਵਜ਼ੀਫ਼ੇ ਤੁਰੰਤ ਬੰਦ ਕੀਤੇ ਜਾਣ। ਸਰਟੀਫਿਕੇਟਾਂ ਦੀ ਜਾਂਚ : ਜ਼ਿਲ੍ਹੇ ਅੰਦਰ ਅਜਿਹੇ ਸ਼ੱਕੀ ਐੱਸਸੀ ਸਰਟੀਫਿਕੇਟਾਂ ਦੀ ਬਾਰੀਕੀ ਨਾਲ ਜਾਂਚ ਕਰਵਾਈ ਜਾਵੇ ਤੇ ਗ਼ਲਤ ਤਰੀਕੇ ਨਾਲ ਲਾਭ ਲੈਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ ਤਾਂ ਜੋ ਅਸਲ ਲੋੜਵੰਦਾਂ ਨੂੰ ਉਨ੍ਹਾਂ ਦਾ ਹੱਕ ਮਿਲ ਸਕੇ। ਸਹਾਇਕ ਕਮਿਸ਼ਨਰ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ਦੀ ਕਾਨੂੰਨ ਮੁਤਾਬਕ ਉਚਿਤ ਪੜਤਾਲ ਕਰਵਾਈ ਜਾਵੇਗੀ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਨਿਰਭੈ ਸਿੰਘ ਛੰਨਾ, ਰਾਮੇਸ਼ ਬੋਹਤ, ਸੁਭਾਸ਼ ਚੰਦਰ, ਵਿੱਕੀ ਬੇਦੀ, ਆਵਾ ਸਿੰਘ, ਰਫੀ ਕੁਮਾਰ, ਸੀਤਾ ਰਾਮ ਚੌਹਾਨ, ਸੋਨੂੰ, ਜੋਗੀ ਰਾਮ ਲੋਹਟ ਹਾਜ਼ਰ ਸਨ।