ਭਵਾਨੀਗੜ ਟਰੱਕ ਯੂਨੀਅਨ ਪ੍ਰਧਾਨਗੀ ਨੂੰ ਲੈ ਕੇ ਹੋਇਆ ਹੰਗਾਮਾ
ਭਵਾਨੀਗੜ ਟਰੱਕ ਯੂਨੀਅਨ ਪ੍ਰਧਾਨਗੀ ਨੂੰ ਲੈ ਕੇ ਹੋਇਆ ਹੰਗਾਮਾ
Publish Date: Sat, 25 Apr 2026 07:34 PM (IST)
Updated Date: Sun, 26 Apr 2026 04:17 AM (IST)

ਦੋ ਧਿਰਾਂ ਵਿੱਚ ਵੰਡੀ ਗਈ ਯੂਨੀਅਨ, ਆਪਣਾ-ਆਪਣਾ ਪ੍ਰਧਾਨ ਥਾਪਿਆ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਸ਼ਨਿੱਚਰਵਾਰ ਨੂੰ ਉਸ ਸਮੇ ਭਾਰੀ ਹੰਗਾਮਾ ਹੋ ਗਿਆ, ਜਦੋ ਯੂਨੀਅਨ ਦੋ ਧੜਿਆਂ ਵਿੱਚ ਵੰਡੀ ਗਈ ਅਤੇ ਪੂਰਾ ਮਹੌਲ ਤਣਾਅਪੂਰਨ ਬਣ ਗਿਆ। ਦੋਵਾਂ ਧਿਰਾਂ ਨੇ ਆਪਣਾ-ਆਪਣਾ ਪ੍ਰਧਾਨ ਚੁਣ ਲਿਆ। ਕਾਫੀ ਹੰਗਾਮਾ ਹੋਣ ’ਤੇ ਇਕ ਧਿਰ ਦੇ ਆਗੂਆਂ ਨੂੰ ਡੀਐੱਸਪੀ ਦਫਤਰ ਬੁਲਾ ਕੇ ਬਿਠਾ ਲਿਆ। ਜਿਸ ਮਗਰੋਂ ਦੂਜੀ ਧਿਰ ਨੇ ਆਪਣਾ ਪ੍ਰਧਾਨ ਥਾਪ ਦਿੱਤਾ। ਜਿਸਤੋਂ ਖਫਾ ਦੂਜੀ ਧਿਰ ਦੇ ਸਮਰਥਕਾਂ ਨੇ ਚੰਡੀਗੜ-ਬਠਿੰਡਾ ਨੈਸ਼ਨਲ ਹਾਈਵੇ ਜਾਮ ਕਰਦਿਆਂ ਆਪਣਾ ਰੋਸ ਜਾਹਰ ਕੀਤਾ। ਜ਼ਿਕਰਯੋਗ ਹੈ ਕਿ ਟਰੱਕ ਯੂਨੀਅਨ ਦੀ ਚੋਣ ਮਾਲਵਿੰਦਰ ਸਿੰਘ ਮਾਲਾ ਅਤੇ ਲਵਲੀ ਕਾਕੜਾ ਲੜ ਰਹੇ ਸਨ। ਇਸ ਦੌਰਾਨ ਯੂਨੀਅਨ ਦੇ ਇਕ ਧੜੇ ਵੱਲੋਂ ਮਾਲਵਿੰਦਰ ਸਿੰਘ ਮਾਲਾ ਨੂੰ ਪ੍ਰਧਾਨ ਘੋਸ਼ਿਤ ਕਰ ਦਿੱਤਾ ਗਿਆ। ਜਦਕਿ ਕੁਝ ਸਮੇਂ ਬਾਅਦ ਦੂਜੇ ਧੜੇ ਨੇ ਇਕੱਠੇ ਹੋ ਕੇ ਲਵਲੀ ਕਾਕੜਾ ਨੂੰ ਪ੍ਰਧਾਨ ਐਲਾਨ ਦਿੱਤਾ। ਅਜਿਹਾ ਹੋਣ ਮਗਰੋ ਮਹੌਲ ਪੂਰੀ ਤਰ੍ਹਾਂ ਗਰਮਾ ਗਿਆ ਅਤੇ ਪ੍ਰਧਾਨਗੀ ਉੱਤੇ ਦੋਵੇ ਧਿਰਾਂ ਆਪਣਾ ਹੱਕ ਜਤਾਉਣ ਲੱਗੀਆਂ। ਲਵਲੀ ਕਾਕੜਾ ਧਿਰ ਨੇ ਦੋਸ਼ ਲਾਇਆ ਕਿ ਪੁਲਿਸ ਨੇ ਉਨ੍ਹਾਂ ਦੇ ਆਗੂਆਂ ਨੂੰ ਜਬਰਦਸਤੀ ਡੀਐਸਪੀ ਦਫ਼ਤਰ ਵਿੱਚ ਬਿਠਾ ਕੇ ਰੱਖਿਆ, ਜਿਸ ਕਾਰਨ ਟਰੱਕ ਅਪਰੇਟਰਾਂ ਵਿੱਚ ਰੋਸ ਫੈਲ ਗਿਆ। ਹਾਲਾਤ ਤਣਾਅਪੂਰਨ ਬਣਦੇ ਦੇਖ ਵਿਧਾਇਕਾ ਨਰਿੰਦਰ ਕੌਰ ਭਰਾਜ ਮੌਕੇ ‘ਤੇ ਪਹੁੰਚੀ ਅਤੇ ਆਪਣੇ ਸਮਰਥਕਾਂ ਨੂੰ ਰਿਹਾਅ ਕਰਵਾਇਆ। ਉਨ੍ਹਾਂ ਨੇ ਪੁਲਿਸ ਕਾਰਵਾਈ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਨਿਰਪੱਖ ਚੋਣਾਂ ਦੇ ਵਾਅਦੇ ਦੇ ਬਾਵਜੂਦ ਹੋਈ ਕਾਰਵਾਈ ਸਰਕਾਰ ਦੀ ਛਵੀ ਨੂੰ ਨੁਕਸਾਨ ਪਹੁੰਚਾਉਂਦੀ ਹੈ। ਦੂਜੇ ਪਾਸੇ, ਮਾਲਵਿੰਦਰ ਸਿੰਘ ਮਾਲਾ ਨੇ ਕਿਹਾ ਕਿ ਉਹ ਪ੍ਰਸ਼ਾਸਨ ਦੀ ਸਹਿਮਤੀ ਨਾਲ ਪ੍ਰਧਾਨ ਚੁਣੇ ਗਏ ਹਨ ਅਤੇ ਅਪਰੇਟਰਾਂ ਦੇ ਹਿੱਤ ਵਿੱਚ ਕੰਮ ਕਰਨਗੇ। ਜਦਕਿ ਦੂਜੇ ਉਮੀਦਵਾਰ ਲਵਲੀ ਕਾਕੜਾ ਨੇ ਵੀ ਆਪਣੇ ਆਪ ਨੂੰ ਸਹਿਮਤੀ ਨਾਲ ਬਣਿਆ ਪ੍ਰਧਾਨ ਦੱਸਿਆ। ਇਸ ਦੌਰਾਨ ਪੁਲਿਸ ਵੱਲੋਂ ਲਵਲੀ ਕਾਕੜਾ ਅਤੇ ਕੁਝ ਹੋਰ ਆਗੂਆਂ ਨੂੰ ਕਥਿਤ ਤੌਰ ‘ਤੇ ਹਿਰਾਸਤ ਵਿੱਚ ਲੈਣ ਨਾਲ ਗੁੱਸੇ ਵਿੱਚ ਆਏ ਟਰੱਕ ਅਪਰੇਟਰਾਂ ਨੇ ਮੁੱਖ ਸੜਕ ‘ਤੇ ਜਾਮ ਲਾ ਦਿੱਤਾ ਅਤੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਖ਼ਬਰ ਲਿਖੇ ਜਾਣ ਤੱਕ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ਮੁਕੰਮਲ ਜਾਮ ਸੀ। ਸੜਕ ਅਤੇ ਇਲਾਕੇ ਵਿੱਚ ਤਣਾਅ ਕਾਇਮ ਸੀ।