ਦੀ ਭੈਣੀ ਕਲਾਂ ਕੋਆਪਰੇਟਿਵ ਸੁਸਾਇਟੀ ਦੀ ਚੋਣ ’ਚ ਹੰਗਾਮਾ; ਨਵੇਂ ਚੁਣੇ ਅਹੁਦੇਦਾਰਾਂ ਵੱਲੋਂ ਡੀਸੀ ਦਫ਼ਤਰ ਅੱਗੇ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਦੀ ਭੈਣੀ ਕਲਾਂ ਬਹੁ-ਮੰਤਵੀ ਕੋਆਪਰੇਟਿਵ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਦੀ ਚੋਣ ਨੂੰ ਲੈ ਕੇ ਉਸ ਵੇਲੇ ਵਿਵਾਦ ਖੜ੍ਹਾ ਹੋ ਗਿਆ, ਜਦੋਂ ਨਵੇਂ ਚੁਣੇ ਅਹੁਦੇਦਾਰਾਂ ਨੇ ਸਹਿਕਾਰਤਾ ਵਿਭਾਗ ’ਤੇ ਪੱਖਪਾਤ ਦੇ ਦੋਸ਼ ਲਾਉਂਦਿਆਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਸੁਸਾਇਟੀ ਦੇ ਅਹੁਦੇਦਾਰਾਂ ਦੀ ਚੋਣ ਲਈ ਰੱਖੀ ਗਈ ਮੀਟਿੰਗ ਦੌਰਾਨ 11 ਵਿੱਚੋਂ 6 ਮੈਂਬਰਾਂ ਨੇ ਬਹੁਮਤ ਨਾਲ ਭਰਪੂਰ ਸਿੰਘ ਨੂੰ ਪ੍ਰਧਾਨ, ਸਿਮਰਜੀਤ ਸਿੰਘ ਨੂੰ ਮੀਤ ਪ੍ਰਧਾਨ, ਅਮਰਜੀਤ ਸਿੰਘ ਨੂੰ ਜੂਨੀਅਰ ਮੀਤ ਪ੍ਰਧਾਨ, ਬਲਵਿੰਦਰ ਕੌਰ, ਹਰਜਿੰਦਰ ਕੌਰ ਤੇ ਪ੍ਰਿਤਪਾਲ ਸਿੰਘ ਨੂੰ ਮੈਂਬਰ ਚੁਣੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੀ ਭੈਣੀ ਕਲਾ ਬਹੁਤ ਸੰਮਤੀ ਕੋਆਪਰੇਟਿਵ ਸੁਸਾਇਟੀ ਦੇ ਨਵੇਂ ਚੁਣੇ ਪ੍ਰਧਾਨ ਭਰਪੂਰ ਸਿੰਘ ਤੇ ਜਤਿੰਦਰ ਸਿੰਘ ਬੱਬੂ ਭੈਣੀ ਨੇ ਦੱਸਿਆ ਕਿ ਅੱਜ ਦੀ ਭੈਣੀ ਕਲਾ ਕੋਆਪਰੇਟਿਵ ਸੁਸਾਇਟੀ ਦੀ ਪ੍ਰਬੰਧਗੀ ਕਮੇਟੀ ਦੀ ਚੋਣ ਹੋਣੀ ਸੀl ਇਸ ਸਬੰਧੀ 3 ਮਾਰਚ 2026 ਨੂੰ ਏਜੰਡਾ ਵੀ ਜਾਰੀ ਕੀਤਾ ਗਿਆ ਸੀ, ਕਿ 19 ਮਾਰਚ ਨੂੰ ਸੁਸਾਇਟੀ ਦੇ ਅਹੁਦੇਦਾਰਾਂ ਦੀ ਚੋਣ ਅਤੇ ਅਧਿਕਾਰ ਖਾਤੇ ਅਪਰੇਟ ਕਰਨ ਲਈ ਚੋਣ ਮੀਟਿੰਗ ਰੱਖੀ ਗਈ ਸੀ। ਪਰ ਅੱਜ ਜਦੋਂ ਉਹ ਦੀ ਭੈਣੀ ਕਲਾ ਕੋਆਪਰੇਟਿਵ ਸੋਸਾਇਟੀ ਸੁਸਾਇਟੀ ਵਿਚ ਪਹੁੰਚੇ ਤਾਂ ਸੁਸਾਇਟੀ ਦੇ ਦਫਤਰ ਨੂੰ ਜਿੰਦਾ ਲੱਗਿਆ ਹੋਇਆ ਸੀ। ਅਧਿਕਾਰੀਆਂ ਨਾਲ ਫ਼ੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਵੀ ਨਾਕਾਮ ਰਹੀ। ਇਸ ਉਪਰੰਤ ਮੈਂਬਰਾਂ ਨੇ ਬਹੁਮਤ ਹੋਣ ਕਾਰਨ ਖ਼ੁਦ ਮੀਟਿੰਗ ਕਰਕੇ ਮਤਾ ਪਾਇਆ ਅਤੇ ਚੋਣ ਪ੍ਰਕਿਰਿਆ ਮੁਕੰਮਲ ਕੀਤੀ।