ਭਾਰਤ-ਕੈਨੇਡਾ ਵਪਾਰਕ ਸਬੰਧਾਂ ’ਚ ਪੰਜਾਬੀ ਮੂਲ ਦੇ ਪ੍ਰਵਾਸੀਆਂ ਦੀ ਭੂਮਿਕਾ ਅਹਿਮ :ਖੋਜ
ਭਾਰਤ-ਕੈਨੇਡਾ ਵਪਾਰਕ ਸਬੰਧਾਂ ਵਿੱਚ ਪੰਜਾਬੀ ਮੂਲ ਦੇ ਪ੍ਰਵਾਸੀਆਂ ਦੀ ਭੂਮਿਕਾ ਅਹਿਮ:ਖੋਜ
Publish Date: Sun, 22 Mar 2026 05:04 PM (IST)
Updated Date: Sun, 22 Mar 2026 05:07 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਇਕ ਤਾਜ਼ਾ ਪੀਐੱਚਡੀ ਅਧਿਐਨ ਵਿਚ ਭਾਰਤ ਅਤੇ ਕੈਨੇਡਾ ਦਰਮਿਆਨ ਵਪਾਰਕ ਸਬੰਧਾਂ ਦੀ ਸਮੀਖਿਆ ਕਰਨ ਤੇ ਪੰਜਾਬ ਤੋਂ ਨਿਰਯਾਤ ਨੂੰ ਹੁਲਾਰਾ ਦੇਣ ਦੀ ਲੋੜ ਤੇ ਜ਼ੋਰ ਦਿੱਤਾ ਗਿਆ ਹੈ। ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ ਦੇ ਡਾ. ਦਵਿੰਦਰ ਕੁਮਾਰ ਮਦਾਨ ਦੀ ਅਗਵਾਈ ਹੇਠ ਇਹ ਖੋਜ ਕਾਰਜ ਖੋਜਾਰਥੀ ਡਾ. ਮਨਮੀਤ ਕੌਰ ਵੱਲੋਂ ਕੀਤਾ ਗਿਆ ਹੈ। ਡਾ. ਮਨਮੀਤ ਕੌਰ ਨੇ ਦੱਸਿਆ ਕਿ ਅਧਿਐਨ ਮੁਤਾਬਕ ਕੈਨੇਡਾ ਨੂੰ ਭਾਰਤ ਵੱਲੋਂ ਕੀਤਾ ਜਾਂਦਾ ਨਿਰਯਾਤ ਸਾਲ 1995 ਵਿਚ 30 ਮਿਲੀਅਨ ਅਮਰੀਕੀ ਡਾਲਰ ਸੀ, ਜੋ 2024 ਵਿਚ ਵਧ ਕੇ 4,140 ਮਿਲੀਅਨ ਡਾਲਰ ਹੋ ਗਿਆ ਹੈ। ਇਸੇ ਤਰ੍ਹਾਂ ਕੈਨੇਡਾ ਤੋਂ ਹੁੰਦਾ ਅਯਾਤ 38 ਮਿਲੀਅਨ ਡਾਲਰ ਤੋਂ ਵਧ ਕੇ 4,464 ਮਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ। ਭਾਰਤ ਵੱਲੋਂ ਮੁੱਖ ਤੌਰ ਤੇ ਦਵਾਈਆਂ, ਜੰਮੇ ਹੋਏ ਝੀਂਗੇ, ਗਹਿਣੇ, ਜੈਵਿਕ ਮਿਸ਼ਰਣ, ਚਾਵਲ, ਹੀਰੇ, ਟੀ-ਸਰਟ, ਪਲਾਸਟਿਕ, ਟਰੈਕਟਰ ਅਤੇ ਮਸ਼ੀਨਾਂ ਦੇ ਪੁਰਜੇ ਅਤੇ ਕਾਸਟ ਆਇਰਨ ਆਦਿ ਕੈਨੇਡਾ ਭੇਜੇ ਜਾਂਦੇ ਹਨ। ਦੂਜੇ ਪਾਸੇ, ਕੈਨੇਡਾ ਤੋਂ ਸੁੱਕੇ ਮਟਰ, ਕੋਲਾ, ਦਾਲਾਂ, ਪੋਟਾਸ਼ੀਅਮ ਕਲੋਰਾਈਡ, ਅਖਬਾਰੀ ਕਾਗਜ਼ ਅਤੇ ਹੀਰੇ ਮੰਗਵਾਏ ਜਾਂਦੇ ਹਨ। ਭਾਰਤ ਦੀ ਨਿਰਯਾਤ ਪੂਰਕਤਾ (ਕੰਪਲੀਮੈਂਟੈਰਿਟੀ) 1995 ਵਿਚਲੇ ਅੰਕੜੇ 45.6 ਫੀਸਦੀ ਤੋਂ ਵਧ ਕੇ 2024 ਵਿੱਚ 83.2 ਫੀਸਦੀ ਹੋ ਗਈ ਹੈ, ਜੋ ਭਵਿੱਖ ਵਿੱਚ ਵੱਡੀਆਂ ਸੰਭਾਵਨਾਵਾਂ ਨੂੰ ਦਰਸਾਉਂਦੀ ਹੈ। ਉਨ੍ਹਾਂ ਦੱਸਿਆ ਕਿ ਕੈਨੇਡਾ ਵਿਚ ਰਹਿ ਰਹੇ 20 ਲੱਖ ਤੋਂ ਵੱਧ ਪੰਜਾਬੀ ਮੂਲ ਦੇ ਲੋਕ ਪੰਜਾਬੀ ਵਸਤੂਆਂ ਲਈ ਇੱਕ ਵੱਡਾ ਅਤੇ ਸਥਿਰ ਬਾਜ਼ਾਰ ਹਨ। ਪੰਜਾਬ ਹੁਣ ਸਿਰਫ਼ ਕੱਚਾ ਮਾਲ ਹੀ ਨਹੀਂ, ਸਗੋਂ ਪ੍ਰੋਸੈਸਡ ਫੂਡ ਅਤੇ ਹੋਰ ਵਸਤੂਆਂ ਵੀ ਵੱਡੀ ਪੱਧਰ ਤੇ ਭੇਜ ਰਿਹਾ ਹੈ। ਬਾਸਮਤੀ ਚਾਵਲ ਪੰਜਾਬ ਤੋਂ ਹੁੰਦੇ ਨਿਰਯਾਤ ਦਾ ਮੁੱਖ ਹਿੱਸਾ ਹੈ, ਜਿਸ ਦੀ ਮੰਗ ਪੰਜਾਬੀ ਭਾਈਚਾਰੇ ਵਿੱਚ ਸਭ ਤੋਂ ਵੱਧ ਹੈ। ਅਨਾਜ ਤੋਂ ਬਣੇ ਪਦਾਰਥਾਂ (ਸਨੈਕਸ ਆਦਿ) ਦਾ ਨਿਰਯਾਤ 2017-18 ਵਿੱਚ 37 ਮਿਲੀਅਨ ਡਾਲਰ ਸੀ ਜੋ ਹੁਣ ਵਧ ਕੇ 2022-23 ਵਿੱਚ 67 ਮਿਲੀਅਨ ਡਾਲਰ ਹੋ ਗਿਆ ਹੈ। ਇਸੇ ਤਰ੍ਹਾਂ ਡੇਅਰੀ ਉਤਪਾਦ ਜਿਵੇਂ ਪਨੀਰ, ਘਿਓ ਅਤੇ ਮਠਿਆਈਆਂ ਵਰਗੇ ਰਵਾਇਤੀ ਉਤਪਾਦਾਂ ਦਾ ਨਿਰਯਾਤ ਵੀ 29 ਮਿਲੀਅਨ ਡਾਲਰ ਤੋਂ ਉਛਾਲ ਮਾਰ ਕੇ 59 ਮਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ। ਡਾ. ਦਵਿੰਦਰ ਕੁਮਾਰ ਮਦਾਨ ਨੇ ਦੱਸਿਆ ਕਿ ਕੈਨੇਡਾ ’ਚ ਵਸਿਆ ਪੰਜਾਬੀ ਭਾਈਚਾਰਾ ਖੇਤੀਬਾੜੀ, ਟਰਾਂਸਪੋਰਟੇਸ਼ਨ ਅਤੇ ਰੀਅਲ ਅਸਟੇਟ ਵਰਗੇ ਖੇਤਰਾਂ ’ਚ ਮਜ਼ਬੂਤ ਪਕੜ ਰਖਦਾ ਹੈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਅਧਿਐਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਅਧਿਐਨ ਸਿਰਫ਼ ਅੰਕੜਿਆਂ ਤੱਕ ਸੀਮਤ ਨਹੀਂ ਹੈ, ਸਗੋਂ ਇਹ ਪੰਜਾਬ ਦੀ ਆਰਥਿਕਤਾ ਨੂੰ ਵਿਸ਼ਵ ਪੱਧਰ ਤੇ ਮਜ਼ਬੂਤ ਕਰਨ ਲਈ ਇੱਕ ਵਿਗਿਆਨਕ ਮਾਰਗ-ਦਰਸ਼ਨ ਪ੍ਰਦਾਨ ਕਰਦਾ ਹੈ।