ਸੀਐੱਮ ਕੋਠੀ ਅੱਗੇ ਬੇਰੁਜ਼ਗਾਰਾਂ ਤੇ ਪੁਲਿਸ ਵਿਚਾਲੇ ਧੱਕਾ-ਮੁੱਕੀ
ਸੀਐੱਮ ਕੋਠੀ ਅੱਗੇ ਬੇਰੁਜਗਾਰਾਂ ਤੇ ਪੁਲਿਸ ’ਚ ਧੱਕਾ-ਮੁੱਕੀ
Publish Date: Fri, 01 May 2026 06:38 PM (IST)
Updated Date: Sat, 02 May 2026 04:11 AM (IST)

* ਮਜ਼ਦੂਰ ਦਿਵਸ ’ਤੇ ਰੁਜ਼ਗਾਰ ਦੀ ਮੰਗ ਕਰਨ ਲਈ ਪੁੱਜੇ ਸਨ ਬੇਰੁਜ਼ਗਾਰ ਫੋਟੋ–30 ਕੈਪਸ਼ਨ–ਸੰਗਰੂਰ ਬੇਰੁਜਗਾਰਾਂ ਅਤੇ ਪੁਲਿਸ ਵਿਚਕਾਰ ਧੱਕਾ-ਮੁੱਕੀ ਦੀ ਤਸਵੀਰ। ਪੰਜਾਬੀ ਜਾਗਰਣ ਰਿਪੋਰਟਰ, ਸੰਗਰੂਰ : ਮੁੱਖ ਮੰਤਰੀ ਭਗਵੰਤ ਮਾਨ ਦੀ ਸਥਾਨਕ ਰਿਹਾਇਸ਼ ਨੇੜੇ ਉਸ ਵੇਲੇ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ’ਚ ਸੈਂਕੜੇ ਦੇ ਕਰੀਬ ਬੇਰੁਜ਼ਗਾਰਾਂ ਨੇ ਮੁੱਖ ਮੰਤਰੀ ਦੀ ਕੋਠੀ ਅੱਗੇ ਪਹੁੰਚ ਕੇ ਲੱਗੀਆਂ ਪੁਲਿਸ ਰੋਕਾਂ ਨੂੰ ਟੱਪਣ ਦੀ ਕੋਸਿਸ਼ ਕੀਤੀ ਤੇ ਜ਼ਬਰਦਸਤ ਧੱਕਾ-ਮੁੱਕੀ ਹੋ ਗਈ। ਇਸ ਦੌਰਾਨ ਕਈ ਪ੍ਰਦਸ਼ਨਕਾਰੀ ਹੇਠਾਂ ਡਿੱਗ ਪਏ। ਸਥਾਨਕ ਵੇਰਕਾ ਮਿਲਕ ਪਲਾਂਟ ’ਚ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਅਮਨ ਸੇਖਾ ਤੇ ਹਰਜਿੰਦਰ ਝੁਨੀਰ ਦੀ ਅਗਵਾਈ ਹੇਠ ਇਕੱਠੇ ਹੋਏ ਬੇਰੁਜ਼ਗਾਰਾਂ ਦੀ ਮੰਗ ਸੀ ਕਿ ਉਨ੍ਹਾਂ ਦੀ ਮੀਟਿੰਗ ਮੁੱਖ ਮੰਤਰੀ ਨਾਲ ਕਰਵਾਈ ਜਾਵੇ। ਲੰਬੀ ਉਡੀਕ ਪਿੱਛੋਂ ਬਾਅਦ ਦੁਪਹਿਰ ਕਰੀਬ ਡੇਢ ਵਜੇ ਬੇਰੁਜ਼ਗਾਰਾਂ ਨੇ ਮੁੱਖ ਮੰਤਰੀ ਦੀ ਕੋਠੀ ਵੱਲ ਨੂੰ ਮਾਰਚ ਸ਼ੁਰੂ ਕਰ ਦਿੱਤਾ। ਕੋਠੀ ਅੱਗੇ ਪਹੁੰਚਦੇ ਹੀ ਬੇਰੁਜ਼ਗਾਰਾਂ ਦੀ ਪੁਲਿਸ ਨਾਲ ਝੜਪ ਹੋ ਗਈ, ਜਿਸ ’ਚ ਕੁਝ ਬੇਰੁਜ਼ਗਾਰਾਂ ਦੇ ਕੱਪੜੇ ਫਟ ਗਏ। ਲੰਬੀ ਜੱਦੋ-ਜਹਿਦ ਮਗਰੋਂ ਪ੍ਰਸ਼ਾਸ਼ਨ ਵੱਲੋਂ ਬੇਰੁਜ਼ਗਾਰਾਂ ਦੀ ਮੀਟਿੰਗ ਪੰਜਾਬ ਸਰਕਾਰ ਦੀ ਸਬ ਕਮੇਟੀ ਨਾਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਪਰ ਲੰਬਾ ਸਮਾਂ ਉਡੀਕ ਮਗਰੋਂ ਵੀ ਜਦੋਂ ਬੇਰੁਜ਼ਗਾਰਾਂ ਨੂੰ ਮੀਟਿੰਗ ਦੀ ਪੱਤ੍ਰਿਕਾ ਨਾ ਮਿਲੀ ਤਾਂ ਬੇਰੁਜ਼ਗਾਰਾਂ ਨੇ ਮੁੜ ਕੋਠੀ ਵੱਲ ਨੂੰ ਵਧਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਬੇਰੁਜ਼ਗਾਰਾਂ ਵਿਚੋਂ ਸੁਖਵਿੰਦਰ ਸਿੰਘ ਢਿੱਲਵਾਂ, ਅਮਨ ਸੇਖਾ, ਗੁਰਪ੍ਰੀਤ ਸਿੰਘ ਪੱਕਾ ਕਲਾਂ, ਸ਼ਿੰਦਰਪਾਲ ਕੌਰ, ਗਗਨਦੀਪ ਕੌਰ, ਬੇਅੰਤ ਕੌਰ, ਕਰਮਜੀਤ ਸਿੰਘ ਜਗਜੀਤਪੁਰਾ, ਸੰਦੀਪ ਮੋਫ਼ਰ, ਲਖਵੀਰ ਬੀਹਲਾ, ਕਮਲ ਲੁਧਿਆਣਾ, ਮੁਨੀਸ਼ ਫਾਜ਼ਿਲਕਾ ਸਮੇਤ ਦਰਜਨ ਭਰ ਬੇਰੁਜ਼ਗਾਰਾਂ ਨੂੰ ਪੁਲਿਸ ਦੁਆਰਾ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਦੌਰਾਨ ਬੇਅੰਤ ਕੌਰ ਦੀ ਹਾਲਤ ਗੰਭੀਰ ਹੋਣ ਕਰ ਕੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉੱਧਰ, ਬੇਰੁਜ਼ਗਾਰਾਂ ਦੀ ਮੀਟਿੰਗ 13 ਮਈ ਲਈ ਪੰਜਾਬ ਕੈਬਨਿਟ ਸਬ ਕਮੇਟੀ, ਮੁੱਖ ਮੰਤਰੀ ਦੇ ਸਕੱਤਰ, ਸਿੱਖਿਆ ਤੇ ਸਿਹਤ ਸਕੱਤਰ ਸਮੇਤ ਪਰਸੋਨਲ ਸਕੱਤਰ ਨਾਲ ਤੈਅ ਕਰਵਾਈ ਗਈ। ਉਨ੍ਹਾਂ ਮੰਗ ਕੀਤੀ ਕਿ ਮਾਸਟਰ ਕੇਡਰ ਤੇ ਲੈਕਚਰਾਰ ਦੀਆਂ ਸਾਰੀਆਂ ਖਾਲੀ ਅਸਾਮੀਆਂ ’ਤੇ ਉਮਰ ਹੱਦ ਛੋਟ ਦੇ ਕੇ ਇਸ਼ਤਿਹਾਰ ਜਾਰੀ ਕੀਤਾ ਜਾਵੇ। ਮਾਸਟਰ ਕੇਡਰ ’ਚ ਥੋਪੀ ਬੇਤੁਕੀ 55 ਫ਼ੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਰੱਦ ਕੀਤੀ ਜਾਵੇ। ਆਰਟ ਐਂਡ ਕਰਾਫਟ ਦੀਆਂ ਪਹਿਲਾਂ ਜਾਰੀ 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਲਈ ਜਾਵੇ। ਮਲਟੀਪਰਪਜ਼ ਹੈਲਥ ਵਰਕਰ (ਪੁਰਸ਼) ਦੀਆਂ ਸਾਰੀਆਂ ਖਾਲੀ ਅਸਾਮੀਆਂ ’ਤੇ ਉਮਰ ਹੱਦ ਛੋਟ ਦੇ ਕੇ ਭਰਤੀ ਕੀਤੀ ਜਾਵੇ। ਇਸ ਮੌਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਤੋਂ ਰੇਸ਼ਮ ਸਿੰਘ ਖੇਮੂਆਣਾ,ਹਰਜੀਤ ਸਿੰਘ ਜੀਦਾ, ਸੁਖਵਿੰਦਰ ਸਿੰਘ ਗਿਰ ਤੇ ਜਮਹੂਰੀ ਅਧਿਕਾਰ ਸਭਾ ਤੋਂ ਮਨਧੀਰ ਸਿੰਘ ਤੋਂ ਇਲਾਵਾ ਮਨਜੀਤ ਕੌਰ, ਰਾਜਵੀਰ ਕੌਰ, ਕਰਨ ਸਿੰਘ ਸ੍ਰੀ ਤਰਨਤਾਰਨ ਸਾਹਿਬ, ਇੰਦਰਜੀਤ ਸਿੰਘ ਗੁਰਦਾਸਪੁਰ, ਲਲਿਤਾ ਪਟਿਆਲਾ, ਰਿੰਕੂ ਝਾੜੋਂ, ਜਗਸੀਰ ਸਿੰਘ ਜਲੂਰ, ਹਰਵਿੰਦਰ ਸਿੰਘ, ਸੱਤਪਾਲ ਸਿੰਘ ਕਾਂਗੜ, ਸੁਖਪਾਲ ਖਾਨ, ਕੁਲਦੀਪ ਭੁਟਾਲ, ਮਨਦੀਪ ਕੌਰ ਨਦਾਮਪੁਰ, ਸ਼ਿੰਦਰ ਕੌਰ, ਮਾਲਵਿੰਦਰ ਸਿੰਘ ਆਦਿ ਹਾਜ਼ਰ ਸਨ।