ਅਨਾਜ ਮੰਡੀ ਬੁੱਗਾ ਕਲਾਂ ਵਿਚ ਦੁਕਾਨਾਂ ਨੂੰ ਲੈ ਕੇ ਦੋ ਧੜੇ ਆਹਮੋ-ਸਾਹਮਣੇ
ਅਨਾਜ ਮੰਡੀ ਬੁੱਗਾ ਕਲਾਂ ਵਿਚ ਦੁਕਾਨਾਂ ਨੂੰ ਲੈ ਕੇ ਦੋ ਧੜੇ ਆਹਮੋ-ਸਾਹਮਣੇ
Publish Date: Thu, 30 Apr 2026 05:50 PM (IST)
Updated Date: Thu, 30 Apr 2026 05:53 PM (IST)

ਗਰਗ, ਪੰਜਾਬੀ ਜਾਗਰਣ, ਅਮਲੋਹ : ਪਿੰਡ ਬੁੱਗਾ ਕਲਾਂ ਵਿਚ ਗ੍ਰਾਮ ਪੰਚਾਇਤ ਵੱਲੋਂ ਅਨਾਜ ਮੰਡੀ ਵਿਚ ਬਣਾਈਆਂ ਜਾ ਰਹੀਆਂ ਦੁਕਾਨਾਂ ਨੂੰ ਲੈ ਕੇ ਪਿੰਡ ਦੇ ਦੋ ਧੜੇ ਆਹਮੋ-ਸਾਹਮਣੇ ਹੋ ਗਏ ਹਨ। ਬੇਸ਼ੱਕ ਹਾਲੇ ਪੁਲਿਸ ਨੇ ਮਾਮਲਾ ਸ਼ਾਂਤ ਕਰ ਦਿੱਤਾ ਹੈ ਪਰ ਆਉਣ ਵਾਲੇ ਦਿਨਾਂ ਵਿਚ ਇਹ ਮਾਮਲਾ ਗਰਮਾ ਸਕਦਾ ਹੈ। ਪਿੰਡ ਬੁੱਗਾ ਨਿਵਾਸੀ ਸਾਬਕਾ ਸਰਪੰਚ ਨੇਤਰ ਸਿੰਘ ਅਤੇ ਕਿਸਾਨ ਯੂਨੀਅਨ ਦੇ ਕਈ ਲੀਡਰਾਂ ਵੱਲੋਂ ਅੱਜ ਅਨਾਜ ਮੰਡੀ ਬੁੱਗਾ ਵਿਖੇ ਇਕੱਠ ਕੀਤਾ ਗਿਆ। ਦੂਸਰੇ ਪਾਸੇ ਪਿੰਡ ਦੀ ਪੰਚਾਇਤ ਵੱਲੋਂ ਵੀ ਆਪਣੇ ਸਮਰਥਕ ਅਤੇ ਪਿੰਡ ਨਿਵਾਸੀ ਇਕੱਠੇ ਕੀਤੇ ਗਏ। ਨੇਤਰ ਸਿੰਘ ਅਤੇ ਕਿਸਾਨ ਯੂਨੀਅਨ ਦੇ ਲੀਡਰਾਂ ਦਾ ਕਹਿਣਾ ਹੈ ਕਿ 40 -45 ਸਾਲ ਪਹਿਲਾਂ ਗ੍ਰਾਮ ਪੰਚਾਇਤ ਬੁੱਗਾ ਨੇ ਪੰਜ ਏਕੜ ਜ਼ਮੀਨ ਅਨਾਜ ਮੰਡੀ ਲਈ ਮਾਰਕੀਟ ਕਮੇਟੀ ਅਮਲੋਹ /ਪੰਜਾਬ ਮੰਡੀ ਬੋਰਡ ਨੂੰ ਮਤਾ ਪਾ ਕੇ ਦਿੱਤੀ ਸੀ। ਇਸ ਅਨਾਜ ਮੰਡੀ ਵਿਚ ਆਸ ਪਾਸ ਦੇ 10- 12 ਪਿੰਡਾਂ ਦੀ ਫ਼ਸਲ ਆਉਂਦੀ ਹੈ। ਹੁਣ ਪੰਚਾਇਤ ਵੱਲੋਂ ਹਲਕਾ ਵਿਧਾਇਕ ਦੇ ਇਸ਼ਾਰੇ ਤੇ ਕੁੱਝ ਸਰਪੰਚਾਂ ਨੂੰ ਫਾਇਦਾ ਦੇਣ ਦੀ ਨੀਅਤ ਨਾਲ ਅਨਾਜ ਮੰਡੀ ਵਿਚ ਦੁਕਾਨਾਂ ਬਣਾਈਆਂ ਜਾ ਰਹੀਆਂ ਹਨ ਜਿਸ ਕਾਰਨ ਅਨਾਜ ਮੰਡੀ ਦੀ ਥਾਂ ਘੱਟ ਜਾਵੇਗੀ ਅਤੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਆਪਣੀ ਫ਼ਸਲ ਸੁੱਟਣ ਵਿਚ ਭਾਰੀ ਪਰੇਸ਼ਾਨੀ ਹੋਵੇਗੀ। ਨੇਤਰ ਸਿੰਘ ਨੇ ਦੋਸ਼ ਲਗਾਇਆ ਕਿ ਇਹ ਜਗਹਾ ਮਾਲ ਵਿਭਾਗ ਦੇ ਰਿਕਾਰਡ ਵਿਚ ਵੀ ਕਾਸ਼ਤ/ ਗਰਦਾਵਰੀ ਖਾਨੇ ਵਿਚ ਅਨਾਜ ਮੰਡੀ ਵਜੋਂ ਦਰਜ ਹੈ। ਦੂਸਰੇ ਪਾਸੇ ਪਿੰਡ ਦੀ ਗ੍ਰਾਮ ਪੰਚਾਇਤ ਦਾ ਕਹਿਣਾ ਹੈ ਕਿ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਪੰਜਾਬ ਮੰਡੀ ਬੋਰਡ ਦੀ ਮਨਜ਼ੂਰੀ ਨਾਲ ਹੀ ਇਹ ਦੁਕਾਨਾਂ ਬਣਾਈਆਂ ਜਾ ਰਹੀਆਂ ਹਨ। ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਪੰਜ ਏਕੜ ਜ਼ਮੀਨ ਵਿੱਚੋਂ ਸਿਰਫ਼ ਡੇਢ ਵਿੱਘੇ ਵਿਚ ਹੀ 29 ਦੁਕਾਨਾਂ ਬਣਾਈਆਂ ਜਾਣੀਆਂ ਹਨ। ਜਿਸ ਨਾਲ ਪਿੰਡ ਦੀ ਪੰਚਾਇਤ ਨੂੰ ਆਰਥਿਕ ਸਹਾਇਤਾ ਪ੍ਰਦਾਨ ਹੋਵੇਗੀ। ਜਦੋਂ ਕਿ ਅਨਾਜ ਮੰਡੀ ਨੂੰ ਇਸ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਗ੍ਰਾਮ ਪੰਚਾਇਤ ਵੱਲੋਂ ਤਿੰਨ ਵਿੱਘੇ ਜਗ੍ਹਾ ਹੋਰ ਅਨਾਜ ਮੰਡੀ ਨੂੰ ਦੇ ਦਿੱਤੀ ਗਈ ਹੈ।