ਸਬ ਡਿਵੀਜ਼ਨ ਪਾਤੜਾਂ ਅਧੀਨ ਆਉਂਦੇ ਪਿੰਡ ਨਿਆਲ ਵਿਖੇ ਦੋ ਦੋਸਤਾਂ ਵੱਲੋਂ ਜ਼ਹਿਰੀਲੀ ਦਵਾਈ ਖਾ ਕੇ ਖੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਟਰੱਕ ਡਰਾਈਵਰ ਅਤੇ ਹੈਲਪਰ ਵਜੋਂ ਕੰਮ ਕਰਦੇ ਆ ਰਹੇ ਦੋਵੇਂ ਮਰਨ ਵਾਲੇ ਵਿਅਕਤੀਆਂ ਨੇ ਜਹਿਰੀਲੀ ਦਵਾਈ ਨਿਗਲਣ ਤੋਂ ਪਹਿਲਾਂ ਆਪਣੇ ਮੋਬਾਈਲ ਫੋਨ ਉੱਤੇ ਵੀਡੀਓ ਬਣਾ ਕੇ ਟਰੱਕ ਦੇ ਮਾਲਕ ਵੱਲੋਂ ਪੈਸੇ ਚੋਰੀ ਕਰਨ ਦੇ ਲਗਾਏ ਗਏ ਇਲਜ਼ਾਮਾਂ ਦੇ ਚਲਦਿਆਂ ਉਹਨਾਂ ਦੀ ਭਾਰੀ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ।
ਭੁਪਿੰਦਰਜੀਤ ਮੌਲਵੀਵਾਲਾ ਪੰਜਾਬੀ ਜਾਗਰਣ ਪਾਤੜਾਂ : ਸਬ ਡਿਵੀਜ਼ਨ ਪਾਤੜਾਂ ਅਧੀਨ ਆਉਂਦੇ ਪਿੰਡ ਨਿਆਲ ਵਿਖੇ ਦੋ ਦੋਸਤਾਂ ਵੱਲੋਂ ਜ਼ਹਿਰੀਲੀ ਦਵਾਈ ਖਾ ਕੇ ਖੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਟਰੱਕ ਡਰਾਈਵਰ ਅਤੇ ਹੈਲਪਰ ਵਜੋਂ ਕੰਮ ਕਰਦੇ ਆ ਰਹੇ ਦੋਵੇਂ ਮਰਨ ਵਾਲੇ ਵਿਅਕਤੀਆਂ ਨੇ ਜਹਿਰੀਲੀ ਦਵਾਈ ਨਿਗਲਣ ਤੋਂ ਪਹਿਲਾਂ ਆਪਣੇ ਮੋਬਾਈਲ ਫੋਨ ਉੱਤੇ ਵੀਡੀਓ ਬਣਾ ਕੇ ਟਰੱਕ ਦੇ ਮਾਲਕ ਵੱਲੋਂ ਪੈਸੇ ਚੋਰੀ ਕਰਨ ਦੇ ਲਗਾਏ ਗਏ ਇਲਜ਼ਾਮਾਂ ਦੇ ਚਲਦਿਆਂ ਉਹਨਾਂ ਦੀ ਭਾਰੀ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ। ਇਸ ਦੌਰਾਨ ਪਾਤਰਾ ਪੁਲਿਸ ਨੇ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉੱਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਦਵਿੰਦਰ ਸਿੰਘ ਦੇ ਪਿਤਾ ਮਲਕੀਤ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਅਤੇ ਉਸਦਾ ਇੱਕ ਦੋਸਤ ਹਰਪ੍ਰੀਤ ਸਿੰਘ ਟਰੱਕ ਡਰਾਈਵਰ ਅਤੇ ਹੈਲਪਰ ਵਜੋਂ ਕੰਮ ਕਰਦੇ ਸਨ ਅਤੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੋਵਾਂ ਨੇ ਪਿੰਡ ਹਰਿਆਊ ਦੇ ਇੱਕ ਪੁਲਿਸ ਮੁਲਾਜ਼ਮ ਵਿਅਕਤੀ ਦੇ ਟਰੱਕ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਸੀ। ਉਹ ਹੁਸ਼ਿਆਰਪੁਰ ਵਿਖੇ ਟਰੱਕ ਖਾਲੀ ਕਰਕੇ ਭਾੜਾ ਲੈ ਕੇ ਵਾਪਸ ਆ ਰਹੇ ਸੀ ਤਾਂ ਲੁਧਿਆਣਾ ਵਿਖੇ ਜਦੋਂ ਉਹ ਰੋਟੀ ਖਾ ਕੇ ਆਰਾਮ ਕਰ ਰਹੇ ਸੀ ਤਾਂ ਉਸ ਸਮੇਂ ਪੈਸੇ ਚੋਰੀ ਹੋ ਗਏ। ਉਹਨਾਂ ਦੋਸ਼ ਲਗਾਇਆ ਕਿ ਉਕਤ ਪੁਲਿਸ ਮੁਲਾਜ਼ਮ ਨੇ ਇੱਕ ਹੋਰ ਵਿਅਕਤੀ ਜਿਸ ਦੀ ਜਿੰਮੇਵਾਰੀ ਉਤੇ ਇਹਨਾਂ ਦੋਹਾਂ ਨੂੰ ਕੰਮ ਉੱਤੇ ਰੱਖਿਆ ਗਿਆ ਸੀ ਉਸ ਦੀ ਕੰਮ ਵਾਲੀ ਥਾਂ ਉੱਤੇ ਬੁਲਾ ਕੇ ਇਹਨਾਂ ਦੋਵਾਂ ਦੀ ਕਥਿਤ ਤੌਰ ਤੇ ਕੁੱਟਮਾਰ ਕੀਤੀ ਜਿਸ ਤੇ ਬੇਸ਼ਰਮੀ ਨਾ ਸਹਾਰਦੇ ਹੋਏ ਦੋਨਾਂ ਨੇ ਇਕੱਠਿਆਂ ਹੀ ਸਲਫਾਸ ਨਿਗਲ ਲਈ। ਪਰਿਵਾਰਿਕ ਮੈਂਬਰ ਜਦੋਂ ਦੋਵਾਂ ਨੂੰ ਹਸਪਤਾਲ ਲੈ ਕੇ ਜਾ ਰਹੇ ਸੀ ਤਾਂ ਰਸਤੇ ਵਿੱਚ ਉਹਨਾਂ ਦੀ ਮੌਤ ਹੋ ਗਈ।
ਮਾਮਲੇ ਸਬੰਧੀ ਥਾਣਾ ਪਾਤੜਾਂ ਦੇ ਇੰਚਾਰਜ ਹਰਮਿੰਦਰ ਸਿੰਘ ਨੇ ਦੱਸਿਆ ਕਿ ਰਜਿੰਦਰਾ ਹਸਪਤਾਲ ਪਟਿਆਲਾ ਤੋਂ ਉਹਨਾਂ ਨੂੰ ਵਾਇਰਲੈਸ ਆਈ ਹੈ। ਪਰਿਵਾਰਕ ਮੈਂਬਰਾਂ ਦੇ ਆਉਣ ਤੇ ਉਹਨਾਂ ਦੇ ਬਿਆਨ ਦਰਜ ਕਰਕੇ ਦੋਸ਼ੀ ਵਿਅਕਤੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਮ੍ਰਿਤਕ ਦੋਵਾਂ ਵਿਅਕਤੀਆਂ ਵੱਲੋਂ ਸਲਫਾਸ ਨਿਕਲਣ ਤੋਂ ਪਹਿਲਾਂ ਆਪਣੇ ਮੋਬਾਈਲ ਫੋਨ ਤੇ ਬਣਾਈ ਗਈ ਕਰੀਬ ਛੇ ਮਿੰਟ ਦੀ ਵੀਡੀਓ ਜੋ ਬਾਅਦ ਵਿੱਚ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ ਵਿੱਚ ਜਿੱਥੇ ਕੁੱਟਮਾਰ ਦੇ ਦੋਸ਼ ਲਗਾਏ ਹਨ ਉੱਥੇ ਦੋਵਾਂ ਵਿਅਕਤੀਆਂ ਨੇ ਇਕੱਠਿਆਂ ਹੀ ਰੋਂਦੇ ਹੋਏ ਕੁੱਟਮਾਰ ਲਈ ਜਿੰਮੇਵਾਰ ਵਿਅਕਤੀਆਂ ਤੇ ਕਾਰਵਾਈ ਕਰਦਿਆਂ ਇਨਸਾਫ ਦੀ ਮੰਗ ਕੀਤੀ। ਦੋਵਾਂ ਵਿਅਕਤੀਆਂ ਦੀ ਸੋਸ਼ਲ ਮੀਡੀਆ ਉੱਤੇ ਵਾਇਰਲ ਵੀਡੀਓ ਹਰ ਇੱਕ ਦੇ ਰੋਂਗਟੇ ਖੜੇ ਕਰ ਰਹੀ ਹੈ ।