10 ਹਜ਼ਾਰ ਰੁਪਏ ਖੋਹਣ ਸਬੰਧੀ ਦੋ ’ਤੇ ਪਰਚਾ, ਇਕ ਕਾਬੂ
10 ਹਜ਼ਾਰ ਰੁਪਏ ਖੋਹਣ ਸਬੰਧੀ ਦੋ ਤੇ ਪਰਚਾ, ਇੱਕ ਗ੍ਰਿਫਤਾਰ
Publish Date: Sat, 25 Apr 2026 05:44 PM (IST)
Updated Date: Sun, 26 Apr 2026 04:10 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਪੁਲਿਸ ਨੇ ਦੋ ਨੌਜਵਾਨਾਂ ਖ਼ਿਲਾਫ਼ 10 ਹਜ਼ਾਰ ਰੁਪਏ ਝਪਟਣ ’ਤੇ ਪਰਚਾ ਦਰਜ ਕਰਦਿਆਂ ਇਕ ਨੂੰ ਕਾਬੂ ਕਰ ਲਿਆ ਹੈ। ਜਾਣਕਾਰੀ ਅਨੁਸਾਰ ਗੌਤਮ ਕੁਮਾਰ ਪੁੱਤਰ ਪਰਮਾਨੰਦ ਵਾਸੀ ਸੁਨਾਮ ਨੇ ਬਰਖ਼ਿਲਾਫ਼ ਬਰਿੰਦਰ ਸਿੰਘ ਉਰਫ ਬੱਬੀ ਵਾਸੀ ਖੰਡੇਬਾਦ ਤੇ ਬਲਦੇਵ ਸਿੰਘ ਉਰਫ ਆਸ਼ੂ ਵਾਸੀ ਲੇਹਲ ਖੁਰਦ ਖ਼ਿਲਾਫ਼ ਪਰਚਾ ਦਰਜ ਰਜਿਸਟਰਡ ਕਰਵਾਇਆ। ਇਸ ਵਿਚ ਪੀੜਤ ਗੌਤਮ ਕੁਮਾਰ ਨੇ ਦੱਸਿਆ ਕਿ ਮੈਂ ਆਪਣੇ ਮੋਟਰਸਾਈਕਲ ’ਤੇ ਭੁਟਾਲ ਕਲਾਂ ਤੋਂ ਪਿੰਡ ਖੰਡੇਬਾਦ ਨੂੰ ਆ ਰਿਹਾ ਸੀ। ਜਦੋਂ ਡਰੇਨ ਪੁਲ ਟੱਪ ਕੇ ਭੁਟਾਲ ਕਲਾਂ ਕੋਲ ਪੁੱਜਾ, ਜਿੱਥੇ ਬਰਿੰਦਰ ਸਿੰਘ ਉਰਫ ਬੱਬੀ ਤੇ ਬਲਦੇਵ ਸਿੰਘ ਉਰਫ ਆਸ਼ੂ ਨੇ ਇਸ਼ਾਰਾ ਕਰਕੇ ਮੈਨੂੰ ਰੋਕ ਲਿਆ। ਇਨ੍ਹਾਂ ਦੋਵਾਂ ਨੇ ਕਿਹਾ ਕਿ ਸਾਨੂੰ 1500 ਰੁਪਏ ਦੀ ਜ਼ਰੂਰਤ ਹੈ। ਉਸ ਸਮੇਂ ਮੈਂ ਆਪਣੀ ਪੈਂਟ ਦੀ ਜੇਬ ਵਿੱਚੋਂ ਪੰਜ-ਪੰਜ ਸੌ ਰੁਪਏ ਦੇ 20 ਕਰੰਸੀ ਨੋਟ ਕੁੱਲ 10 ਹਜ਼ਾਰ ਰੁਪਏ ਕੱਢ ਕੇ ਇਨ੍ਹਾਂ ਵਿੱਚੋਂ 1500 ਰੁਪਏ ਦੇਣ ਲੱਗਿਆ, ਪ੍ਰੰਤੂ ਬਰਿੰਦਰ ਸਿੰਘ ਉਰਫ ਬੱਬੀ ਤੇ ਬਲਦੇਵ ਸਿੰਘ ਉਰਫ ਆਸ਼ੂ ਨੇ ਮੇਰੇ ਹੱਥਾਂ ’ਤੇ ਇਕਦਮ ਝਪਟਾ ਮਾਰ ਕੇ ਮੇਰੇ ਸਾਰੇ 10 ਹਜ਼ਾਰ ਰੁਪਏ ਖੋਹੇ ਤੇ ਭੱਜ ਗਏ। ਇਸ ਦੇ ਚਲਦਿਆਂ ਪੀੜਤ ਦੇ ਬਿਆਨਾਂ ਮੁਤਾਬਕ ਲਹਿਰਾ ਪੁਲਿਸ ਨੇ ਪਰਚਾ ਦਰਜ ਕਰਦਿਆਂ ਬਰਿੰਦਰ ਸਿੰਘ ਉਰਫ ਬੱਬੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਬਲਦੇਵ ਸਿੰਘ ਦੀ ਗ੍ਰਿਫ਼ਤਾਰੀ ਬਾਕੀ ਹੈ। ਉਸ ਦੇ ਕਹਿਣ ਮੁਤਾਬਕ ਉਸ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ।