ਸਪੋਰਟਸ ਵਿੰਗਾਂ ’ਚ ਦਾਖ਼ਲੇ ਲਈ ਟ੍ਰਾਇਲ 4 ਤੋਂ 6 ਅਪ੍ਰੈਲ ਤੱਕ : ਖੇਡ ਅਫ਼ਸਰ
ਖੇਡ ਵਿਭਾਗ ਵੱਲੋਂ ਸਪੋਰਟਸ ਵਿੰਗਾਂ ਵਿਚ ਦਾਖ਼ਲੇ ਲਈ ਟ੍ਰਾਇਲ 4 ਤੋਂ 6 ਅਪ੍ਰੈਲ ਤੱਕ : ਜ਼ਿਲ੍ਹਾ ਖੇਡ ਅਫ਼ਸਰ
Publish Date: Mon, 30 Mar 2026 06:08 PM (IST)
Updated Date: Mon, 30 Mar 2026 06:09 PM (IST)

--ਚੁਣੇ ਹੋਏ ਖਿਡਾਰੀਆਂ ਨੂੰ ਦਿੱਤੀ ਜਾਵੇਗੀ ਮੁਫ਼ਤ ਕੋਚਿੰਗ ਖ਼ੁਰਾਕ/ਰਿਫਰੈਸ਼ਮੈਂਟ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਖੇਡ ਅਫ਼ਸਰ ਮਨਦੀਪ ਕੌਸ਼ਲ ਨੇ ਦੱਸਿਆ ਕਿ ਖੇਡ ਵਿਭਾਗ ਪੰਜਾਬ ਵੱਲੋਂ ਸਾਲ 2026-27 ਦੇ ਸ਼ੈਸ਼ਨ ਦੇ ਦੌਰਾਨ ਸਪੋਟਸ ਵਿੰਗ (ਸਕੂਲਾਂ) ਵਿਚ ਖਿਡਾਰੀ/ਖਿਡਾਰਨਾਂ ਨੂੰ ਦਾਖਲ ਕਰਨ ਲਈ ਉਮਰ ਵਰਗ ਅੰਡਰ-14, 17, 19 ਸਾਲ ਦੇ ਐਥਲੈਟਿਕਸ, ਬਾਸਕਿਟਬਾਲ, ਫੁੱਟਬਾਲ, ਹੈਂਡਬਾਲ, ਹਾਕੀ, ਕੁਸ਼ਤੀ, ਵਾਲੀਬਾਲ, ਕਬੱਡੀ ਨੈਸ਼ਨਲ ਸਟਾਇਲ, ਫੈਨਸਿੰਗ, ਜਿਮਨਾਸਟਿਕਸ ਅਤੇ ਨੈੱਟਬਾਲ ਦੇ ਟ੍ਰਾਇਲ 4 ਅਪ੍ਰੈਲ ਤੋਂ 6 ਅਪ੍ਰੈਲ ਤੱਕ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟ੍ਰਾਇਲਾਂ ਲਈ ਖਿਡਾਰੀਆਂ ਦਾ ਜਨਮ ਅੰਡਰ-14 ਲਈ 1 ਜਨਵਰੀ 2013, ਅੰਡਰ-17 ਲਈ ਇਕ ਜਨਵਰੀ 2010 ਅਤੇ ਅੰਡਰ-19 ਲਈ 1 ਜਨਵਰੀ 2008 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਖਿਡਾਰੀ ਫਿਜ਼ੀਕਲੀ ਅਤੇ ਮੈਡੀਕਲੀ ਫਿੱਟ ਹੋਵੇ, ਟਰਾਇਲ ਦੇਣ ਵਾਲੇ ਖਿਡਾਰੀਆਂ ਕੋਲ ਜਨਮ ਮਿਤੀ ਸਰਟੀਫਿਕੇਟ, ਆਧਾਰ ਕਾਰਡ ਅਤੇ 2 ਤਾਜ਼ਾ ਪਾਸਪੋਰਟ ਸਾਈਜ਼ ਫ਼ੋਟੋਆਂ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟਾਂ ਅਤੇ ਉਨ੍ਹਾਂ ਦੀਆਂ ਕਾਪੀਆਂ ਦਾ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਖਿਡਾਰੀ ਵੱਲੋਂ ਜ਼ਿਲ੍ਹਾ ਪੱਧਰ ਕੰਪੀਟੀਸ਼ਨਾਂ ਵਿਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ’ਚੋਂ ਕੋਈ ਇਕ ਪੁਜ਼ੀਸ਼ਨ ਪ੍ਰਾਪਤ ਕੀਤੀ ਹੋਵੇ ਜਾਂ ਉਸ ਵੱਲੋਂ ਸਟੇਟ ਪੱਧਰ ਕੰਪੀਟੀਸ਼ਨ ਵਿਚ ਹਿੱਸਾ ਲਿਆ ਹੋਵੇ। ਇਸ ਤੋਂ ਇਲਾਵਾ ਟਰਾਇਲ ਦੇ ਆਧਾਰ ਤੇ ਨਵੇਂ ਖਿਡਾਰੀ ਵੀ ਵਿਚਾਰੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਐਥਲੈਟਿਕਸ ਲਈ ਟ੍ਰਾਇਲ ਐਥਲੈਟਿਕਸ ਕੋਚਿੰਗ ਸੈਂਟਰ ਖਮਾਣੋਂ, ਬਾਸਕਿਟਬਾਲ, ਫੁੱਟਬਾਲ, ਕੁਸਤੀ, ਕਬੱਡੀ ਅਤੇ ਨੈਟਬਾਲ ਲਈ ਟ੍ਰਾਇਲ ਬਾਬਾ ਬੰਦਾ ਸਿੰਘ ਬਹਾਦਰ ਇੰਜੀ. ਕਾਲਜ ਫਤਹਿਗੜ੍ਹ ਸਾਹਿਬ, ਹਾਕੀ ਅਤੇ ਵਾਲੀਬਾਲ ਲਈ ਟ੍ਰਾਇਲ ਸਕੂਲ ਆਫ ਐਮੀਨੈਂਸ ਅਮਲੋਹ, ਹੈਂਡਬਾਲ ਲਈ ਟ੍ਰਾਇਲ ਹੈਂਡਬਾਲ ਕੋਚਿੰਗ ਸੈਂਟਰ ਸ. ਸੀਨੀ. ਸੈਕੰਡਰੀ ਸਮਾਰਟ ਸਕੂਲ, ਪੰਜੋਲੀ ਕਲਾਂ, ਜਿਮਨਾਸਟਿਸ ਲਈ ਇੰਡੋਰ ਜ਼ਿਮਨੇਜ਼ੀਅਮ ਹਾਲ, ਬਾਬਾ ਬੰਦਾ ਸਿੰਘ ਬਹਾਦੁਰ ਇੰਜੀ. ਕਾਲਜ ਫਤਹਿਗੜ੍ਹ ਸਾਹਿਬ ਅਤੇ ਫੈਂਨਸਿੰਗ ਲਈ ਟ੍ਰਾਇਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੱਧੂਪੁਰ ਕਲਾਂ ਅਤੇ ਸਕੂਲ ਆਫ ਐਂਮੀਨੈਂਸ, ਖਮਾਣੋਂ ਕਲਾਂ ਵਿਖੇ ਹੋਣਗੇ। ਉਨ੍ਹਾਂ ਦੱਸਿਆ ਕਿ ਖਿਡਾਰੀ ਸਬੰਧਤ ਟਰਾਇਲ ਸਥਾਨ ਉੱਤੇ ਸਵੇਰੇ 8 ਵਜੇ ਪੁਹੰਚਣਗੇ ਅਤੇ ਰਜਿਸਟਰੇਸ਼ਨ ਲਈ ਸਬੰਧਿਤ ਕੋਚ ਨੂੰ ਰਿਪੋਰਟ ਕਰਨਗੇ। ਚੁਣੇ ਹੋਏ ਖਿਡਾਰੀਆਂ ਨੂੰ 125 ਰੁਪਏ ਪ੍ਰਤੀ ਦਿਨ, ਪ੍ਰਤੀ ਖਿਡਾਰੀ ਦੀ ਦਰ ਨਾਲ ਖ਼ੁਰਾਕ/ਰਿਫਰੈਸ਼ਮੈਂਟ ਸਮੇਤ ਮੁਫ਼ਤ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ। ਟਰਾਇਲਾਂ ਵਿਚ ਭਾਗ ਲੈਣ ਵਾਲੇ ਖਿਡਾਰੀਆਂ/ਖਿਡਾਰਨਾਂ ਨੂੰ ਵਿਭਾਗ ਵੱਲੋਂ ਕੋਈ ਟੀਏ/ਡੀਏ ਨਹੀਂ ਦਿੱਤਾ ਜਾਵੇਗਾ।