ਕੇਅਰ ਕੰਪੈਨੀਅਨ ਪ੍ਰੋਗਰਾਮ ਸਬੰਧੀ ਨਰਸਿੰਗ ਸਟਾਫ਼ ਨੂੰ ਦਿੱਤੀ ਸਿਖਲਾਈ
ਕੇਅਰ ਕੰਪੈਨੀਅਨ ਪ੍ਰੋਗਰਾਮ ਸਬੰਧੀ ਨਰਸਿੰਗ ਸਟਾਫ਼ ਨੂੰ ਦਿੱਤੀ ਗਈ ਸਿਖਲਾਈ
Publish Date: Mon, 18 May 2026 04:41 PM (IST)
Updated Date: Mon, 18 May 2026 04:42 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸਿਵਲ ਸਰਜਨ ਫਤਹਿਗੜ੍ਹ ਸਾਹਿਬ ਡਾ. ਅਰਵਿੰਦ ਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਕੇਅਰ ਕੰਪੈਨੀਅਨ ਪ੍ਰੋਗਰਾਮ ਦੇ ਕੁਆਰਡੀਨੇਟਰ ਮਨਪ੍ਰੀਤ ਕੌਰ ਵੱਲੋਂ ਜ਼ਿਲ੍ਹਾ ਹਸਪਤਾਲ ਦੇ ਨਰਸਿੰਗ ਸਟਾਫ਼ ਨੂੰ ਇਕ ਰੋਜ਼ਾ ਸਿਖਲਾਈ ਦਿੱਤੀ ਗਈ। ਸਿਖਲਾਈ ਦੌਰਾਨ ਗਰਭਵਤੀ ਔਰਤਾਂ, ਨਵਜੰਮੇ ਬੱਚਿਆਂ ਦੀਆਂ ਮਾਵਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਗਰਭ ਦੌਰਾਨ ਖ਼ਤਰੇ ਦੇ ਚਿੰਨ੍ਹਾਂ, ਸਹੀ ਦੇਖਭਾਲ ਕਰਨ ਦੇ ਤਰੀਕਿਆਂ, ਗੈਰ-ਸੰਚਾਰੀ ਬਿਮਾਰੀਆਂ, ਪੌਸ਼ਟਿਕ ਖ਼ੁਰਾਕ ਅਤੇ ਮੋਬਾਈਲ ਕੇਅਰ ਕੰਪੈਨੀਅਨ ਸੇਵਾ ਸਬੰਧੀ ਵਿਸਥਾਰ ਸਹਿਤ ਜਾਣੂ ਕਰਵਾਇਆ ਗਿਆ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਮਰੀਜ਼ਾਂ ਦੀ ਬਿਹਤਰ ਦੇਖਭਾਲ ਵਿਚ ਕੇਅਰ ਕੰਪੈਨੀਅਨ ਪ੍ਰੋਗਰਾਮ ਇਕ ਮਹੱਤਵਪੂਰਨ ਰੋਲ ਅਦਾ ਕਰ ਰਿਹਾ ਹੈ। ਹੁਣ ਕੋਈ ਵੀ ਵਿਅਕਤੀ ਮੋਬਾਈਲ ਕੇਅਰ ਕੰਪੈਨੀਅਨ ਸੇਵਾ ਰਾਹੀਂ ਘਰ ਬੈਠੇ ਵੀ ਸਿਹਤ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਇਸ ਲਈ ਵਿਭਾਗ ਵੱਲੋਂ ਟੋਲ ਫ੍ਰੀ ਨੰਬਰ 18008899389 ਜਾਰੀ ਕੀਤਾ ਗਿਆ ਹੈ, ਜਿਸ ’ਤੇ ਸਿਹਤ ਸਬੰਧੀ ਕੋਈ ਵੀ ਜਾਣਕਾਰੀ ਕਿਸੇ ਵੀ ਸਮੇਂ ਲਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਕਿਊਆਰ ਕੋਡ ਸਕੈਨ ਕਰਕੇ ਵੀ ਇਸ ਸੇਵਾ ਨਾਲ ਜੁੜਿਆ ਜਾ ਸਕਦਾ ਹੈ। ਜ਼ਿਲ੍ਹਾ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਪ੍ਰੀਤ ਸਿੰਘ ਬੇਦੀ ਨੇ ਟ੍ਰੇਨਿੰਗ ਦੌਰਾਨ ਸਮੂਹ ਨਰਸਿੰਗ ਸਟਾਫ਼ ਨੂੰ ਹਦਾਇਤ ਕੀਤੀ ਕਿ ਹਸਪਤਾਲ ਵਿਚ ਹਰ ਰੋਜ਼ ਕੇਅਰ ਕੰਪੈਨੀਅਨ ਸੈਸ਼ਨ ਲਗਾਏ ਜਾਣ ਅਤੇ ਮਰੀਜ਼ਾਂ ਦੇ ਡਿਸਚਾਰਜ ਤੋਂ ਪਹਿਲਾਂ ਉਨ੍ਹਾਂ ਨੂੰ ਮੋਬਾਈਲ ਕੇਅਰ ਕੰਪੈਨੀਅਨ ਸੇਵਾ ਨਾਲ ਰਜਿਸਟਰਡ ਕੀਤਾ ਜਾਵੇ ਤਾਂ ਜੋ ਉਹ ਘਰ ਬੈਠੇ ਮੋਬਾਈਲ ਰਾਹੀਂ ਆਪਣੀ ਸਿਹਤ ਸਬੰਧੀ ਜਾਣਕਾਰੀ ਹਾਸਲ ਕਰ ਸਕਣ। ਸਿਖਲਾਈ ’ਚ ਭਾਗ ਲੈਣ ਵਾਲੇ ਨਰਸਿੰਗ ਸਟਾਫ਼ ਨੂੰ ਸਰਟੀਫਿਕੇਟ ਵੀ ਵੰਡੇ ਗਏ। ਇਸ ਮੌਕੇ ਡੀਪੀਐਮ ਡਾ. ਕਸੀਤਿਜ ਸੀਮਾ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਬਲਜਿੰਦਰ ਸਿੰਘ, ਜਸਵਿੰਦਰ ਕੌਰ, ਅਮਨਪ੍ਰੀਤ ਸਿੰਘ, ਜ਼ਿਲ੍ਹਾ ਬੀਸੀਸੀ ਕੁਆਰਡੀਨੇਟਰ ਅਮਰਜੀਤ ਸਿੰਘ, ਨਰਸਿੰਗ ਸਿਸਟਰ ਹਰਵਿੰਦਰ ਕੌਰ, ਜਸਪਾਲ ਕੌਰ, ਪ੍ਰਿਯੰਕਾ ਥੋਮਸ, ਅਮਨਦੀਪ ਕੌਰ, ਕਰਮਜੀਤ ਕੌਰ, ਦਲਜੀਤ ਕੌਰ, ਜਸਵਿੰਦਰ ਕੌਰ, ਜਰਨੈਲ ਕੌਰ ਅਤੇ ਕੌਂਸਲਰ ਬਲਜੀਤ ਸਿੰਘ ਤੋਂ ਇਲਾਵਾ ਨਰਸਿੰਗ ਵਿਦਿਆਰਥੀ ਵੀ ਮੌਜੂਦ ਸਨ।