ਟ੍ਰੈਕਟਰ-ਟਰਾਲੀ ਵੱਲੋਂ ਮੋਟਰਸਾਈਕਲ ਨੂੰ ਟੱਕਰ, ਅਧਿਆਪਕ ਦੀ ਮੌਤ
ਟ੍ਰੈਕਟਰ-ਟਰਾਲੀ ਵੱਲੋਂ ਮੋਟਰਸਾਈਕਲ ਨੂੰ ਟੱਕਰ ,ਨੌਜਵਾਨ ਅਧਿਆਪਕ ਦੀ ਮੌਤ
Publish Date: Tue, 10 Mar 2026 05:00 PM (IST)
Updated Date: Tue, 10 Mar 2026 05:03 PM (IST)

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ ਸਮਾਣਾ: ਮੰਗਲਵਾਰ ਸਵੇਰੇ ਸਮਾਣਾ-ਸ਼ੁਤਰਾਣਾ ਸੜਕ ਤੇ ਪਿੰਡ ਜੈਖਰ ਦੇ ਨੇੜੇ ਪਰਾਲੀ ਦੀਆਂ ਗੰਢਾਂ ਨਾਲ ਭਰੀ ਇਕ ਟ੍ਰੈਕਟਰ-ਟਰਾਲੀ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਗਈ। ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਇਕ ਨੌਜਵਾਨ ਯੋਗਾ ਅਧਿਆਪਕ ਦੀ ਮੌਤ ਹੋ ਗਈ, ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਮਾਮਲੇ ਦੀ ਜਾਂਚ ਕਰ ਰਹੇ ਬਾਦਸ਼ਾਹਪੁਰ ਪੁਲਿਸ ਚੌਕੀ ਦੇ ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਕਰਮਜੀਤ ਸਿੰਘ (28), ਨਿਵਾਸੀ ਪਿੰਡ ਚੀਚੜਵਾਲ ਦੇ ਪਿਤਾ ਚਰਨ ਦਾਸ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ, ਵਿਕਰਮਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਯੋਗਾ ਕਲਾਸ ਲੈਣ ਲਈ ਸਕੂਲ ਜਾ ਰਿਹਾ ਸੀ। ਜਦੋਂ ਉਹ ਪਿੰਡ ਜੈਖਰ ਨੇੜੇ ਪਹੁੰਚਿਆ ਤਾਂ ਇੱਕ ਤੇਜ਼ ਰਫ਼ਤਾਰ ਟ੍ਰੈਕਟਰ-ਟਰਾਲੀ ਚਾਲਕ ਨੇ ਲਾਪਰਵਾਹੀ ਨਾਲ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਨੌਜਵਾਨ ਸੜਕ ਤੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ। ਹਾਦਸੇ ਤੋਂ ਤੁਰੰਤ ਬਾਅਦ ਚਾਲਕ ਟ੍ਰੈਕਟਰ-ਟਰਾਲੀ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਅਧਿਕਾਰੀਆਂ ਅਨੁਸਾਰ ਹਾਦਸੇ ’ਚ ਨੁਕਸਾਨੇ ਟ੍ਰੈਕਟਰ-ਟਰਾਲੀ ਨੂੰ ਕਬਜ਼ੇ ’ਚ ਲੈ ਲਿਆ ਹੈ। ਅਣਪਛਾਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।