ਉੱਲਾਸ ਪ੍ਰਾਜੈਕਟ ਲਈ ਤਿੰਨ ਰੋਜ਼ਾ ਵਰਕਸ਼ਾਪ, 350 ਅਧਿਆਪਕਾਂ ਨੇ ਲਿਆ ਹਿੱਸਾ
ਉੱਲਾਸ ਪ੍ਰਾਜੈਕਟ ਲਈ ਤਿੰਨ ਰੋਜ਼ਾ ਵਰਕਸ਼ਾਪ, 350 ਅਧਿਆਪਕਾਂ ਨੇ ਲਿਆ ਹਿੱਸਾ
Publish Date: Tue, 03 Mar 2026 04:38 PM (IST)
Updated Date: Tue, 03 Mar 2026 04:41 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਫਤਹਿਗੜ੍ਹ ਸਾਹਿਬ ਵੱਲੋਂ ਜ਼ਿਲ੍ਹੇ ਦੇ ਸੈਕੰਡਰੀ, ਹਾਈ ਅਤੇ ਮਿਡਲ ਸਕੂਲਾਂ ਦੇ ਅਧਿਆਪਕਾਂ ਲਈ ਉੱਲਾਸ ਪ੍ਰਾਜੈਕਟ ਸਬੰਧੀ ਤਿੰਨ ਰੋਜ਼ਾ ਵਰਕਸ਼ਾਪ ਆਯੋਜਿਤ ਕੀਤੀ ਗਈ। ਡਾਇਟ ਪ੍ਰਿੰਸੀਪਲ ਡਾ. ਅਨੰਦ ਗੁਪਤਾ ਦੀ ਅਗਵਾਈ ਅਤੇ ਨੋਡਲ ਅਧਿਕਾਰੀ ਹਰਪ੍ਰੀਤ ਕੌਰ ਦੀ ਦੇਖ-ਰੇਖ ਹੇਠ ਸੰਪੰਨ ਇਸ ਵਰਕਸ਼ਾਪ ਵਿਚ ਡਾ. ਕੁਲਦੀਪ ਸਿੰਘ ਦੀਪ, ਲੇਖਕ ਰਬਿੰਦਰ ਸਿੰਘ ਰੱਬੀ, ਕੰਵਲਦੀਪ ਸਿੰਘ ਸੋਹੀ, ਜਸਪਾਲ ਕੌਰ ਅਤੇ ਤਨਵੀਰ ਸਿੰਘ ਰਿਸੋਰਸ ਪਰਸਨ ਵਜੋਂ ਸ਼ਾਮਲ ਹੋਏ। ਇਸ ਵਿਚ ਵਲੰਟੀਅਰ ਟੀਚਰਾਂ ਸਮੇਤ ਤਕਰੀਬਨ 350 ਮੈਂਬਰਾਂ ਨੇ ਭਾਗ ਲਿਆ। ਡਾ. ਅਨੰਦ ਗੁਪਤਾ ਨੇ ਵਲੰਟੀਅਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਿਰਅੱਖਰ ਵਿਅਕਤੀ ਨੂੰ ਸਿਖਾਈਆਂ ਨਿੱਕੀਆਂ ਗੱਲਾਂ ਉਨ੍ਹਾਂ ਦੀ ਜ਼ਿੰਦਗੀ ਵਿਚ ਨਵੇਂ ਰੰਗ ਭਰ ਸਕਦੀਆਂ ਹਨ। ਉਨ੍ਹਾਂ ਇਸ ਨੂੰ ਅਧਿਆਪਕਾਂ ਦੇ ਕੋਰਸ ਦਾ ਹਿੱਸਾ ਅਤੇ ਪੁੰਨ ਦਾ ਕਾਰਜ ਦੱਸਿਆ। ਉੱਘੇ ਸਾਹਿਤਕਾਰ ਰਬਿੰਦਰ ਸਿੰਘ ਰੱਬੀ ਨੇ ਕਿਹਾ ਕਿ ਉੱਲਾਸ ਵਰਗੇ ਪ੍ਰਾਜੈਕਟ ਅਧਿਆਪਕਾਂ ਦੇ ਕਿੱਤੇ ਦੀ ਆਤਮਾ ਹਨ। ਇਸ ਮੌਕੇ ਡਾ. ਕੁਲਦੀਪ ਸਿੰਘ ਦੀਪ ਤੇ ਕੰਵਲਦੀਪ ਸਿੰਘ ਸੋਹੀ ਨੇ ਵੀ ਸੰਬੋਧਨ ਕੀਤਾ। ਨੋਡਲ ਅਧਿਕਾਰੀ ਹਰਪ੍ਰੀਤ ਕੌਰ ਨੇ ਇਸ ਸਾਲ ਦਾ ਟੀਚਾ ਸਾਂਝਾ ਕੀਤਾ ਅਤੇ ਹੁਣ ਤੱਕ ਦੀ ਜ਼ਿਲ੍ਹੇ ਦੀ ਕਾਰਗੁਜ਼ਾਰੀ ’ਤੇ ਚਾਨਣਾ ਪਾਇਆ। ਵਰਕਸ਼ਾਪ ਦੌਰਾਨ ਅਧਿਆਪਕਾਂ ਨੇ ਉੱਲਾਸ ਪ੍ਰਾਜੈਕਟ ਸਬੰਧੀ ਸੁਆਲ ਪੁੱਛੇ ਅਤੇ ਸੁਝਾਅ ਵੀ ਦਿੱਤੇ। ਜ਼ਿਕਰਯੋਗ ਹੈ ਕਿ ਉੱਲਾਸ ਪ੍ਰਾਜੈਕਟ ਅਧੀਨ 15 ਸਾਲ ਤੋਂ ਵੱਧ ਉਮਰ ਦੇ ਗੈਰ-ਸਾਖਰ ਵਿਅਕਤੀਆਂ ਨੂੰ ਅੱਖਰ ਗਿਆਨ, ਡਿਜੀਟਲ ਸਾਖਰਤਾ, ਜ਼ਿੰਦਗੀ ਦੇ ਵਿਹਾਰਕ ਮਸਲਿਆਂ ਦੀ ਸਮਝ ਅਤੇ ਮਿਆਰੀ ਤੇ ਸਨਮਾਨਜਨਕ ਜ਼ਿੰਦਗੀ ਜਿਊਣ ਦੇ ਤਰੀਕਿਆਂ ’ਤੇ ਚਰਚਾ ਕੀਤੀ ਜਾਂਦੀ ਹੈ।