ਧੂਰੀ ’ਚ ਚੋਰਾਂ ਦਾ ਕਹਿਰ, ਇੱਕੋ ਰਾਤ 5 ਦੁਕਾਨਾਂ ਤੇ ਚੋਰੀ
ਧੂਰੀ ’ਚ ਚੋਰਾਂ ਦਾ ਕਹਿਰ, ਇੱਕੋ ਰਾਤ 5 ਦੁਕਾਨਾਂ ਤੇ ਚੋਰੀ
Publish Date: Sun, 12 Apr 2026 06:12 PM (IST)
Updated Date: Mon, 13 Apr 2026 04:11 AM (IST)

ਵਰਿੰਦਰ ਸਿੰਘ, ਪੰਜਾਬੀ ਜਾਗਰਣ, ਧੂਰੀ : ਸ਼ਹਿਰ ਵਿੱਚ ਚੋਰੀਆਂ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਸ਼ਨਿੱਚਰਵਾਰ ਦੀ ਰਾਤ ਮਾਲ ਗੋਦਾਮ ਰੋਡ ਅਤੇ ਭਲਵਾਨ ਵਾਲਾ ਅੱਡਾ ਇਲਾਕੇ ਵਿੱਚ ਚੋਰਾਂ ਨੇ ਪੰਜ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ, ਜਿਸ ਨਾਲ ਵਪਾਰੀਆਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। ਜਾਣਕਾਰੀ ਅਨੁਸਾਰ ਚੋਰਾਂ ਨੇ ਗੋਲਡਨ ਸਟਾਈਲ ਡਿਜ਼ਾਇਨਰ ਬੁਟੀਕ, ਜੇਐੱਸ ਫਾਈਨਾਸ ਐਡਵਾਈਜਰ, ਭੁਪਿੰਦਰ ਕਰਿਆਨਾ ਸਟੋਰ, ਓਰਬਿਸ ਅੱਖਾਂ ਹਸਪਤਾਲ ਤੋਂ ਇਲਾਵਾ ਹੋਰ ਨੇੜਲੀਆਂ ਦੁਕਾਨਾਂ ਵਿੱਚ ਦਾਖਲ ਹੋ ਕੇ ਨਕਦੀ ਅਤੇ ਕੀਮਤੀ ਸਾਮਾਨ ਉੱਤੇ ਹੱਥ ਸਾਫ ਕੀਤਾ। ਕੁਝ ਥਾਵਾਂ ’ਤੇ ਤਾਲੇ ਤੋੜ ਕੇ ਅੰਦਰ ਵੜਨ ਦੇ ਨਿਸ਼ਾਨ ਵੀ ਮਿਲੇ ਹਨ। ਸਵੇਰੇ ਜਦੋਂ ਦੁਕਾਨਦਾਰ ਆਪਣੀਆਂ ਦੁਕਾਨਾਂ ਖੋਲ੍ਹਣ ਆਏ ਤਾਂ ਉਨ੍ਹਾਂ ਨੂੰ ਚੋਰੀ ਦੀ ਘਟਨਾ ਬਾਰੇ ਪਤਾ ਲੱਗਿਆ, ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਇਲਾਕੇ ਵਿਚ ਰਾਤ ਦੇ ਸਮੇਂ ਪੁਲਿਸ ਪੈਟਰੋਲਿੰਗ ਘੱਟ ਹੈ, ਜਿਸ ਦਾ ਫਾਇਦਾ ਚੋਰ ਚੁੱਕ ਰਹੇ ਹਨ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਧੂਰੀ ਵਪਾਰ ਮੰਡਲ ਧੂਰੀ ਦੇ ਪ੍ਰਧਾਨ ਵਿਕਾਸ ਜੈਨ ਨੇ ਕਿਹਾ ਕਿ ਚੋਰੀ ਹੋਇਆ ਸਮਾਨ ਜਲਦ ਤੋਂ ਜਲਦ ਬਰਾਮਦ ਕੀਤਾ ਜਾਵੇ ਅਤੇ ਦੋਸ਼ੀ ਚੋਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਲਾਕੇ ਵਿੱਚ ਰਾਤ ਸਮੇਂ ਗਸਤ ਵਧਾਈ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ ’ਤੇ ਰੋਕ ਲੱਗ ਸਕੇ।