ਮੁਫਤ ਥੈਰੇਪੀ ਕੈਂਪ ਦੌਰਾਨ 60 ਮਰੀਜ਼ਾਂ ਦਾ ਇਲਾਜ
ਗੁਰਦੁਆਰਾ ਡੇਰਾ ਬਾਬਾ ਦੁਧਾਧਾਰੀ ਵਿਖੇ ਮੁਫਤ ਥੈਰੇਪੀ ਕੈਂਪ ਦੌਰਾਨ 60 ਮਰੀਜ਼ਾਂ ਦਾ ਇਲਾਜ
Publish Date: Mon, 11 May 2026 04:36 PM (IST)
Updated Date: Mon, 11 May 2026 04:39 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪੁਰਾਣਾ ਰਾਜਪੁਰਾ ਸਥਿਤ ਗੁਰਦੁਆਰਾ ਡੇਰਾ ਬਾਬਾ ਬਲਵੰਤ ਸਿੰਘ ਜੀ ਦੁਧਾਧਾਰੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਬਰਜਿੰਦਰ ਸਿੰਘ ਪਰਵਾਨਾ ਦੇ ਯਤਨਾ ਸਦਕਾ ਸਪੋਰਟਸ ਥੈਰੇਪੀ ਸੈਂਟਰ ਖੇੜੀ ਗੰਡਿਆਂ ਦੇ ਸਹਿਯੋਗ ਦੇ ਨਾਲ ਫ੍ਰੀ ਥੈਰੇਪੀ ਚੈੱਕਅਪ ਕੈਂਪ ਲਗਾਇਆ ਗਿਆ। ਜਿਸ ਵਿਚ ਮਰੀਜ਼ਾਂ ਦਾ ਥੈਰੇਪੀ ਤਰੀਕੇ ਨਾਲ ਇਲਾਜ ਕਰਨ ਦੇ ਲਈ ਐੱਨਆਈਐੱਸ ਮਾਸਪੇਸ਼ੀਆਂ ਦੇ ਮਾਹਰ ਹਰਪ੍ਰੀਤ ਸਿੰਘ ( ਸਪੋਰਟਸ ਕੋਚ) ਵੱਲੋਂ ਆਪਣੀ ਟੀਮ ਥਰੈਪਿਸਟ ਮਨਦੀਪ ਕੌਰ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਲਗਾਏ ਕੈਂਪ ਦੌਰਾਨ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਸਰਵਾਈਕਲ ਦਰਦ, ਮੋਢੇ ਦਾ ਦਰਦ, ਪਿੱਠ ਦਰਦ, ਮਾਸਪੇਸ਼ੀਆਂ ਦਾ ਖਿਚਾਅ, ਖੇਡਾਂ ਦੀਆਂ ਸੱਟਾਂ, ਸਾਈਟਿਕਾ ਦਰਦ, ਡਿਸਕ ਸਮੱਸਿਆ, ਪਿੱਠ ਦੇ ਹੇਠਲੇ ਹਿੱਸੇ ਵਿਚ ਦਰਦ ਅਤੇ ਗੋਡਿਆਂ ਦੇ ਦਰਦ ਨਾਲ ਸਬੰਧਤ 60 ਮਰੀਜ਼ਾਂ ਦਾ ਨਵੀਂ ਤਕਨੀਕ ਦੀਆਂ ਮਸ਼ੀਨਾਂ ਦੇ ਰਾਹੀਂ ਫਿਜੀਓਥਰੈਪੀ ਤਕਨੀਕ ਦੇ ਨਾਲ ਇਲਾਜ ਕੀਤਾ ਗਿਆ। ਇਸ ਦੌਰਾਨ ਮੌਕੇ ’ਤੇ ਮੌਜੂਦ ਦਮਦਮੀ ਟਕਸਾਲ ਜਥਾ ਰਾਜਪੁਰਾ ਦੇ ਇੰਚਾਰਜ ਭਾਈ ਬਰਜਿੰਦਰ ਸਿੰਘ ਪਰਵਾਨਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਰਾਜਪੁਰਾ ਸ਼ਹਿਰ ਦੇ ਵਸਨੀਕਾਂ ਦੀ ਮੰਗ ਉੱਤੇ ਦੂਜੀ ਵਾਰ ਮੁਫਤ ਫਿਜੀਓਥਰੈਪੀ ਕੈਂਪ ਲਗਾਇਆ ਗਿਆ ਹੈ ਜਿਸ ਵਿਚ ਮਾਂਸਪੇਸ਼ੀਆਂ ਦੇ ਮਾਹਰ ਐਨਆਈਐਸ ਹਰਪ੍ਰੀਤ ਸਿੰਘ ਵੱਲੋਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਲੋਕਾਂ ਦਾ ਇਲਾਜ ਕੀਤਾ ਗਿਆ ਹੈ। ਇਸ ਮੌਕੇ ਮੌਜੂਦ ਜਗੀਰ ਸਿੰਘ ਵਾਸੀ ਢਕਾਨਸੂ ਮਾਜਰਾ ਨੇ ਦੱਸਿਆ ਕਿ ਉਸ ਦੀ ਪਿੱਠ ਦੇ ਮਣਕਿਆਂ ਦੀ ਦਿੱਕਤ ਆ ਗਈ ਸੀ ਜਿਸ ਦੇ ਚਲਦਿਆਂ ਉਹ ਚੱਲਣ ਫਿਰਨ ਤੋਂ ਵੀ ਮੁਹਤਾਜ ਹੋ ਗਏ ਸਨ। ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਵਹੀਲ ਚੇਅਰ ਦੇ ਉੱਤੇ ਉਹਨਾਂ ਨੂੰ ਇਲਾਜ ਦੇ ਲਈ ਚੰਡੀਗੜ੍ਹ ਹਸਪਤਾਲ ਦੇ ਵਿਚ ਲਿਆਂਦਾ ਗਿਆ ਪਰ ਉਹਨਾਂ ਦਾ ਇਲਾਜ ਨਹੀਂ ਹੋ ਸਕਿਆ। ਜਿਸ ਤੋਂ ਬਾਅਦ ਗੁਰਦੁਆਰਾ ਸਾਹਿਬ ਵਿਖੇ ਲਗਾਏ ਗਏ ਮੁਫਤ ਥਰੈਪੀ ਕੈਂਪ ਦੇ ’ਚ ਆ ਕੇ ਆਪਣਾ ਇਲਾਜ ਸ਼ੁਰੂ ਕਰਵਾਇਆ ਤਾਂ ਉਹ ਹੁਣ ਆਪਣੇ ਆਪ ਚੱਲ ਫਿਰ ਸਕਣ ਜੋਗੇ ਹੋ ਗਏ ਹਨ। ਇਸ ਮੌਕੇ ਐਨਆਈਐਸ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜੇਕਰ ਗੁਰਦੁਆਰਾ ਕਮੇਟੀ ਉਹਨਾਂ ਨੂੰ ਦੁਬਾਰਾ ਥੈਰੇਪੀ ਕੈਂਪ ਲਗਾਉਣ ਦੇ ਲਈ ਕਹੇਗੀ ਤਾਂ ਉਹ ਮਰੀਜ਼ਾਂ ਦੀ ਸਹੂਲਤ ਦੇ ਲਈ ਮੁਫਤ ਥੈਰੇਪੀ ਕੈਂਪ ਲਗਾਉਣ ਦੇ ਲਈ ਤਿਆਰ ਹਨ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਮੈਂਬਰ ਹਾਜ਼ਰ ਸਨ।