ਮੌਸਮ ਦਾ ਬਦਲਿਆ ਮਿਜਾਜ, ਚਾਰ ਡਿਗਰੀ ਤੱਕ ਡਿੱਗਾ ਪਾਰਾ
ਮੌਸਮ ਦਾ ਬਦਲਿਆ ਮਿਜਾਜ, ਚਾਰ ਡਿਗਰੀ ਤੱਕ ਡਿੱਗਾ ਪਾਰਾ
Publish Date: Tue, 28 Apr 2026 04:36 PM (IST)
Updated Date: Wed, 29 Apr 2026 04:04 AM (IST)

ਹਲਕੀ ਬੂੰਦਾਂਬਾਦੀ ਨੇ ਕਹਿਰ ਦੀ ਗਰਮੀ ਤੋਂ ਲੋਕਾਂ ਨੂੰ ਦਿੱਤੀ ਰਾਹਤ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : 42 ਡਿਗਰੀ ਤਾਪਮਾਨ, ਝੁਲਸਾ ਦੇਣ ਵਾਲੀ ਗਰਮੀ ਤੇ ਗਰਮ ਹਵਾਵਾਂ ਨੇ ਪਿਛਲੇ ਕੁਝ ਦਿਨਾਂ ਤੋਂ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਸੀ, ਪ੍ਰੰਤੂ ਸੋਮਵਾਰ ਨੂੰ ਅਚਾਨਕ ਬਦਲੇ ਮੌਸਮ ਦੇ ਮਿਜਾਜ ਕਾਰਨ ਜਿੱਥੇ ਤਾਪਮਾਨ 4 ਡਿਗਰੀ ਥੱਲ੍ਹੇ ਆ ਗਿਆ, ਉੱਥੇ ਹੀ ਸੋਮਵਾਰ ਨੂੰ ਸਵੇਰ ਸਮੇਂ ਬਾਰਿਸ਼ ਦੀ ਹਲਕੀ ਬੂੰਦਾਂਬਾਦੀ ਤੇ ਠੰਢੀਆਂ ਹਵਾਵਾਂ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋ ਗਰਮੀ ਆਪਣਾ ਕਹਿਰ ਢਾ ਰਹੀ ਸੀ ਤੇ ਤਾਪਮਾਨ ਵਧਣ ਕਾਰਨ ਲੋਕਾਂ ਦਾ ਘਰਾਂ ਵਿੱਚੋ ਬਾਹਰ ਨਿਕਲਣਾ ਔਖਾ ਹੋ ਗਿਆ ਸੀ। ਦੁਪਹਿਰ ਸਮੇਂ ਬਾਜ਼ਾਰ ਤੇ ਗਲੀਆਂ ਸੁੰਨੀਆਂ ਹੋਣ ਲੱਗ ਪਈਆਂ ਸਨ। ਵਧਦੇ ਗਰਮੀ ਦੇ ਪ੍ਰਕੋਪ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਵੀ ਲੋਕਾਂ ਨੂੰ ਗਰਮੀ ਤੋਂ ਬਚਾਅ ਲਈ ਅਡਵਾਇਜਰੀ ਜਾਰੀ ਕਰ ਦਿੱਤੀ ਸੀ ਅਤੇ ਲੋਕਾਂ ਨੂੰ ਦੁਪਹਿਰ ਸਮੇ ਬਿਨ੍ਹਾਂ ਕੰਮ ਬਾਹਰ ਨਾ ਨਿਕਲਣ ਦੀ ਹਦਾਇਤ ਜਾਰੀ ਕਰ ਦਿੱਤੀ ਸੀ। ਪ੍ਰੰਤੂ ਸੋਮਵਾਰ ਦੁਪਹਿਰ ਬਾਅਦ ਅਚਾਨਕ ਮੌਸਮ ’ਚ ਬਦਲਾਅ ਵੇਖਣ ਨੂੰ ਮਿਲਿਆ। ਅਸਮਾਨ ਤੇ ਬਣੇ ਬੱਦਲ ਤੇ ਹਵਾ ਦੇ ਚੱਲਣ ਨਾਲ ਗਰਮੀ ਦਾ ਪ੍ਰਕੋਪ ਕੁਝ ਹੱਦ ਤੱਕ ਘਟ ਗਿਆ। ਸੋਮਵਾਰ ਨੂੰ ਸਵੇਰ ਹੁੰਦਿਆਂ ਅਸਮਾਨ ਤੇ ਸੰਘਣੇ ਬੱਦਲ ਬਣੇ ਰਹੇ ਤੇ ਬਾਰਿਸ਼ ਦੀਆਂ ਡਿੱਗੀਆਂ ਕੁਝ ਛਿੱਟਾਂ ਨੇ ਲੋਕਾਂ ਨੂੰ ਗਰਮੀ ਤੋ ਰਾਹਤ ਮਿਲੀ। ਪਹਿਲਾਂ ਜਿੱਥੇ ਤਾਪਮਾਨ ਵਧਕੇ 42 ਡਿਗਰੀ ਤੱਕ ਪੁੱਜ ਗਿਆ ਸੀ, ਮੰਗਲਵਾਰ ਨੂੰ ਤਾਪਮਾਨ 4 ਡਿਗਰੀ ਘਟ ਕੇ 38 ਡਿਗਰੀ ਸੈਲਸੀਅਸ ਹੋ ਗਿਆ। ਜਦਕਿ ਘੱਟੋ ਘੱਟ ਤਾਪਮਾਨ 25 ਡਿਗਰੀ ਤੋ ਘਟ ਕੇ 21 ਡਿਗਰੀ ਦਰਜ ਕੀਤਾ ਗਿਆ। ਦਿਨ ਵੇਲੇ ਵੀ ਕਈ ਵਾਰ ਸੂਰਜ ਤੇ ਬੱਦਲਾਂ ਦੀ ਲੁੱਕਣ ਮੀਚੀ ਹੁੰਦੀ ਵਿਖਾਈ ਦਿੱਤੀ।