‘ਮੁੱਖ ਮੰਤਰੀ ਭਗੌੜਾ ਹੈ’ ਬੇਰੁਜ਼ਗਾਰਾਂ ਦੀ ਸੱਥ ਨੇ ਐਲਾਨਿਆ
ਬੇਰੁਜ਼ਗਾਰਾਂ ਦੀ ਸੱਥ ਨੇ ਮੁੱਖ ਮੰਤਰੀ ਨੂੰ " ਭਗੌੜਾ" ਐਲਾਨਿਆ
Publish Date: Sun, 24 May 2026 05:53 PM (IST)
Updated Date: Mon, 25 May 2026 04:08 AM (IST)

ਸ਼ਹਿਰ ਦੇ ਮੁੱਖ ਚੌਕ ’ਚ ਰੱਖੀ ਮੁੱਖ ਮੰਤਰੀ ਦੀ ਕੁਰਸੀ ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਲੋਕ ਮਸਲਿਆਂ ਨੂੰ ਸੁਣਨ ਤੇ ਹੱਲ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੇ ਪ੍ਰੋਗਰਾਮ ਸੱਥ ਦੇ ਬਰਾਬਰ ਬੇਰੁਜ਼ਗਾਰਾਂ ਨੇ ਸਥਾਨਕ ਸ਼ਹਿਰ ਦੇ ਮੁੱਖ ਚੌਕ (ਵੱਡਾ ਚੌਕ) ਅੰਦਰ ਮੁੱਖ ਮੰਤਰੀ ਦੀ ਕੁਰਸੀ ਰੱਖ ਕੇ ਬੇਰੁਜ਼ਗਾਰਾਂ ਦੀ ਸੱਥ ਲਾਈ। ਜਿੱਥੇ ਮੁੱਖ ਮੰਤਰੀ ਨੂੰ ਰੁਜ਼ਗਾਰ ਦੇ ਮੁੱਦੇ ’ਤੇ ਬਹਿਸ ਕਰਨ ਦੀ ਖੁੱਲ੍ਹੀ ਚਿਤਾਵਨੀ ਦਿੱਤੀ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਅਮਨ ਸੇਖਾ ਤੇ ਹਰਜਿੰਦਰ ਝੁਨੀਰ ਦੀ ਅਗਵਾਈ ਵਿਚ ਇਕੱਠੇ ਹੋਏ ਬੇਰੁਜ਼ਗਾਰਾਂ ਨੇ ਸਥਾਨਕ ਡੀਸੀ ਦਫ਼ਤਰ ਗੇਟ ਅੱਗੇ ਚੱਲਦੇ ਆਪਣੇ ਪੱਕੇ ਮੋਰਚੇ ਤੋਂ ਬਾਜ਼ਾਰ ਅੰਦਰ ਰੋਸ ਮਾਰਚ ਕਰਦੇ ਵੱਡੇ ਚੌਕ ਵਿਚ ਪਹੁੰਚੇ। ਬੇਰੁਜ਼ਗਾਰਾਂ ਨੇ ਆਪਣੀ ਕਾਰ ’ਤੇ ਮੁੱਖ ਮੰਤਰੀ ਦੀ ਕੁਰਸੀ ਰੱਖੀ ਹੋਈ ਸੀ, ਉਸਦੇ ਉਪਰ ਬੇਰੁਜ਼ਗਾਰਾਂ ਦੀ ਸੱਥ ਲਿਖਿਆ ਹੋਇਆ ਸੀ। ਵੱਡੇ ਚੌਕ ਵਿਚ ਬੇਰੁਜ਼ਗਾਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਵਿੰਦਰ ਸਿੰਘ ਢਿੱਲਵਾਂ ਨੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਆਪਣੇ ਪਾਰਟੀ ਦੇ ਸੀਮਤ ਵਰਕਰਾਂ ਦੀ ਹਾਜ਼ਰੀ ਵਿਚ ਕੀਤੇ ਜਾਂਦੇ ਸੱਥ ਪ੍ਰੋਗਰਾਮ ਨੂੰ ਡਰਾਮਾ ਕਰਾਰ ਦਿੰਦਿਆਂ ਕਿਹਾ ਜੇਕਰ ਮੁੱਖ ਮੰਤਰੀ ਸੱਚਮੁੱਚ ਸੁਹਿਰਦ ਹਨ ਤਾਂ ਬੇਰੁਜ਼ਗਾਰੀ ਦੇ ਮੁੱਦੇ ’ਤੇ ਬੇਰੁਜ਼ਗਾਰਾਂ ਦੀ ਸੱਥ ਵਿਚ ਆ ਕੇ ਬਹਿਸ ਕਰਨ। ਲੰਬਾ ਸਮਾਂ ਉਡੀਕ ਕਰਨ ਮਗਰੋਂ ਜਦੋਂ ਸਰਕਾਰ ਵੱਲੋਂ ਕੋਈ ਅਧਿਕਾਰੀ ਨਹੀਂ ਬਹੁੜਿਆ ਤਾਂ ਮੁੱਖ ਮੰਤਰੀ ਨੂੰ ਭਗੌੜਾ ਹੈ, ਦੇ ਨਾਅਰੇ ਲਾਉਂਦੇ ਬੇਰੁਜ਼ਗਾਰ ਮੁੜ ਆਪਣੇ ਪੱਕੇ ਮੋਰਚੇ ’ਤੇ ਪਰਤੇ। ਜ਼ਿਕਰਯੋਗ ਹੈ ਡੀਸੀ ਦਫ਼ਤਰ ਅੱਗੇ ਬੇਰੁਜ਼ਗਾਰ ਸਾਂਝੇ ਮੋਰਚੇ ਦਾ ਪੱਕਾ ਧਰਨਾ ਪਿਛਲੇ 5 ਮਹੀਨਿਆਂ ਤੋਂ ਲਗਾਤਾਰ ਜਾਰੀ ਹੈ। ਮੋਰਚੇ ਦੇ ਆਗੂਆਂ ਦੀ ਮੰਗ ਹੈ ਕਿ ਸਿੱਖਿਆ ਵਿਭਾਗ ਵਿੱਚ ਲੈਕਚਰਾਰ ਤੇ ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਭਰੀਆਂ ਜਾਣ, ਮਾਸਟਰ ਕੇਡਰ ਵਿਚ ਥੋਪੀ ਬੇਤੁਕੀ 55 ਫੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਰੱਦ ਕੀਤੀ ਜਾਵੇ, ਆਰਟ ਐਂਡ ਕਰਾਫਟ ਦੀਆਂ 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਤੁਰੰਤ ਲਈ ਜਾਵੇ ਤੇ ਸਿਹਤ ਵਿਭਾਗ ’ਚ ਮਲਟੀ ਪਰਪਜ਼ ਹੈੱਲਥ ਵਰਕਰ ਪੁਰਸ਼ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਭਰੀਆਂ ਜਾਣ। ਇਸ ਮੌਕੇ ਜਮਹੂਰੀ ਅਧਿਕਾਰ ਸਭਾ ਦੇ ਮਨਧੀਰ ਸਿੰਘ, ਅਧਿਆਪਕ ਆਗੂ ਦਾਤਾ ਸਿੰਘ, ਅਮਨਦੀਪ ਕੌਰ, ਮਨਜੀਤ ਕੌਰ, ਰਾਜਵੀਰ ਕੌਰ, ਜੱਸੀ ਸੱਗੂ, ਸਤਵੰਤ ਸਿੰਘ ਅਹਿਮਦਗੜ, ਲੱਖਾ ਬੀਹਲਾ, ਗੁਰਵੀਰ ਮੰਗਵਾਲ, ਰਮਨਦੀਪ ਕੌਰ, ਰਾਜ ਕੁਮਾਰ, ਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ ਜਖੇਪਲ, ਸੇਖਰ ਮੂਨਕ, ਰਣਜੀਤ ਮੌੜ, ਮਾਲਵਿੰਦਰ ਸਿੱਧੂ ਅਤੇ ਲਖਵਿੰਦਰ ਸਿੰਘ ਹਾਜ਼ਰ ਸਨ।