ਦੁਕਾਨ ’ਤੇ ਕੰਮ ਕਰਨ ਵਾਲਾ ਨੌਕਰ ਹੀ ਨਿਕਲਿਆ ਚੋਰ
ਦੁਕਾਨ ’ਤੇ ਕੰਮ ਕਰਨ ਵਾਲਾ ਨੌਕਰ ਹੀ ਨਿਕਲਿਆ ਚੋਰ
Publish Date: Sun, 03 May 2026 06:09 PM (IST)
Updated Date: Mon, 04 May 2026 04:11 AM (IST)

ਪੁਲਿਸ ਨੇ ਕਾਬੂ ਕਰਕੇ ਚੋਰੀ ਦੇ 5 ਲੱਖ 20 ਹਜ਼ਾਰ ਰੁਪਏ ਕੀਤੇ ਬਰਾਮਦ ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਸਥਾਨਕ ਗਊਸ਼ਾਲਾ ਰੋਡ ’ਤੇ ਸਥਿਤ ਬੈਟਰੀ ਤੇ ਇਨਵਰਟਰ ਦੀ ਦੁਕਾਨ ’ਤੇ ਰਾਤ ਸਮੇਂ ਜਿੰਦਰਾ ਤੋੜ ਕੇ 5 ਲੱਖ 20 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਨ ਦੀ ਵਾਰਦਾਤ ਨੂੰ ਟ੍ਰੇਸ ਕਰਦੇ ਹੋਏ ਥਾਣਾ ਸਿਟੀ ਸੰਗਰੂਰ ਪੁਲਿਸ ਨੇ ਦੁਕਾਨ ’ਤੇ ਹੀ ਕੰਮ ਕਰਦੇ ਇਕ ਨੌਕਰ ਨੂੰ ਕਾਬੂ ਕਰ ਲਿਆ ਹੈ। ਪਤਾ ਲੱਗਿਆ ਹੈ ਕਿ ਦੁਕਾਨ ’ਤੇ ਪਹਿਲਾਂ ਕੰਮ ਕਰ ਚੁੱਕੇ ਇਸ ਨੌਕਰ ਨੇ ਹੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਨਕਦੀ ਆਪਣੇ ਘਰ ਵਿੱਚ ਲੁਕਾ ਕੇ ਰੱਖ ਲਈ ਸੀ। ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਦੁਕਾਨਦਾਰ ਦੇ ਬਿਆਨਾਂ ਦੇ ਆਧਾਰ ‘ਤੇ ਉਸਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸੰਗਰੂਰ ਦੇ ਐੱਸਐੱਚਓ ਇੰਸਪੈਕਟਰ ਗੁਲਾਬ ਸਿੰਘ ਨੇ ਦੱਸਿਆ ਕਿ ਮਹੇਸ਼ ਕੁਮਾਰ ਵਾਸੀ ਥਲੇਸ ਬਾਗ ਕਾਲੋਨੀ ਸੰਗਰੂਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਗਊਸ਼ਾਲਾ ਰੋਡ ’ਤੇ ਉਸ ਦੀ ਇਨਵਰਟਰ ਤੇ ਬੈਟਰੀ ਦੀ ਦੁਕਾਨ ਹੈ। 30 ਅਪ੍ਰੈਲ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਸ਼ਾਮ ਨੂੰ ਘਰ ਚਲੇ ਗਏ। ਅਗਲੀ ਸਵੇਰੇ ਜਦੋਂ ਉਹ ਦੁਕਾਨ ’ਤੇ ਪਹੁੰਚੇ ਤਾਂ ਪਿਛਲੇ ਦਰਵਾਜ਼ੇ ਦਾ ਜਿੰਦਰਾ ਟੁੱਟਿਆ ਹੋਇਆ ਸੀ ਤੇ ਗੱਲੇ ਵਿੱਚ ਰੱਖੀ 5 ਲੱਖ 20 ਹਜ਼ਾਰ ਰੁਪਏ ਦੀ ਰਕਮ ਗਾਇਬ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਸ਼ੱਕ ਦੇ ਆਧਾਰ ’ਤੇ ਦੁਕਾਨ ’ਚ ਪਹਿਲਾਂ ਕੰਮ ਕਰ ਚੁੱਕੇ ਸੋਨੂ ਨਾਮ ਦੇ ਨੌਕਰ ਨਾਲ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਦੌਰਾਨ ਦੋਸ਼ੀ ਨੇ ਆਪਣਾ ਜੁਰਮ ਕਬੂਲ ਕਰ ਲਿਆ। ਉਸ ਨੇ ਦੱਸਿਆ ਕਿ ਚੋਰੀ ਕੀਤੀ ਰਕਮ ਉਸ ਨੇ ਆਪਣੇ ਘਰ ਵਿਚ ਪੁਰਾਣੇ ਟੀਵੀ ਸੈੱਟ ਦੇ ਅੰਦਰ ਲੁਕਾ ਕੇ ਰੱਖੀ ਹੋਈ ਸੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਦੇ ਘਰ ’ਤੇ ਛਾਪਾ ਮਾਰ ਕੇ 5 ਲੱਖ 20 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕਰ ਲਈ। ਪੁਲਿਸ ਦੇ ਮੁਤਾਬਕ ਦੋਸ਼ੀ ਨੂੰ ਪਹਿਲਾਂ ਹੀ ਪਤਾ ਸੀ ਕਿ ਦੁਕਾਨ ਦੇ ਗੱਲੇ ਵਿੱਚ ਵੱਡੀ ਰਕਮ ਪਈ ਹੋਈ ਹੈ, ਜਿਸ ਕਾਰਨ ਉਸ ਨੇ ਰਾਤ ਦੇ ਸਮੇਂ ਜਿੰਦਰਾ ਤੋੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਸੋਨੂ ਵਾਸੀ ਸ਼ੇਖੂਪੁਰਾ ਬਸਤੀ, ਸੰਗਰੂਰ ਦੇ ਖ਼ਿਲਾਫ਼ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।