ਮੰਡੀ ’ਚ ਲਿਫਟਿੰਗ ਦੀ ਰਫਤਾਰ, ਸੁਸਤ, ਅਸਮਾਨ ’ਤੇ ਛਾਏ ਬੱਦਲ
ਮੰਡੀ ’ਚ ਲਿਫਟਿੰਗ ਦੀ ਰਫਤਾਰ, ਸੁਸਤ, ਅਸਮਾਨ ਤੇ ਛਾਏ ਬੱਦਲ
Publish Date: Tue, 28 Apr 2026 06:17 PM (IST)
Updated Date: Wed, 29 Apr 2026 04:11 AM (IST)

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਮੰਡੀਆਂ ਵਿਚ ਲਿਫਟਿੰਗ ਦੀ ਸੁਸਤ ਰਫ਼ਤਾਰ ਕਾਰਨ ਸਥਾਨਕ ਮੰਡੀ ਵਿਚ ਬੋਰੀਆਂ ਹਾਲੇ ਵੀ ਚੁੱਕਾਈ ਦੀ ਉਡੀਕ ਕਰ ਰਹੀਆਂ ਹਨ। ਮੰਗਲਵਾਰ ਨੂੰ ਇਲਾਕੇ ਵਿਚ ਮੌਸਮ ਵੀ ਬਦਲ ਗਿਆ ਹੈ। ਅਸਮਾਨ ਵਿਚ ਛਾਏ ਬੱਦਲ ਆੜ੍ਹਤੀਆਂ ਲਈ ਚਿੰਤਾ ਦਾ ਕਾਰਨ ਬਣੇ ਹੋਏ ਹਨ, ਕਿਉਂਕਿ ਮੀਂਹ ਪੈਣ ਨਾਲ ਭਿੱਜੀ ਕਣਕ ਦੀ ਮਾਰ ਦਾ ਨੁਕਸਾਨ ਉਨ੍ਹਾਂ ਨੂੰ ਝੱਲਣਾ ਪੈ ਸਕਦਾ ਹੈ। ਅੰਕੜਿਆਂ ਮੁਤਾਬਕ, ਜ਼ਿਲ੍ਹਾ ਸੰਗਰੂਰ ਵਿਚ ਹਾਲੇ 4 ਲੱਖ 32 ਹਜ਼ਾਰ 680 ਟਨ ਕਣਕ ਦੀ ਲਿਫ਼ਟਿੰਗ ਬਾਕੀ ਹੈ। ਪਿਛਲੇ 27 ਦਿਨਾਂ ਦੌਰਾਨ ਜ਼ਿਲ੍ਹੇ ਵਿਚ ਸਿਰਫ਼ 3 ਲੱਖ 63 ਹਜ਼ਾਰ 982 ਟਨ ਕਣਕ ਦੀ ਹੀ ਲਿਫ਼ਟਿੰਗ ਹੋਈ ਹੈ, ਜਦਕਿ ਇਸ ਤੋਂ ਕਾਫ਼ੀ ਵੱਧ ਕਣਕ ਅਜੇ ਵੀ ਅਟਕੀ ਹੋਈ ਹੈ। ਲਿਫ਼ਟਿੰਗ ਦੀ ਢਿੱਲੀ ਰਫ਼ਤਾਰ ਕਾਰਨ ਸਮੱਸਿਆਵਾਂ ਵੱਧ ਰਹੀਆਂ ਹਨ, ਕਿਉਂਕਿ ਮੌਸਮ ਵੀ ਬਦਲ ਰਿਹਾ ਹੈ। ਭਾਵੇਂ ਕਿ ਫ਼ਸਲ ਨੂੰ ਮੀਂਹ ਤੋਂ ਬਚਾਉਣ ਲਈ ਬੋਰੀਆਂ ਨੂੰ ਤਿਰਪਾਲ ਨਾਲ ਢੱਕਿਆ ਜਾ ਰਿਹਾ ਹੈ, ਪਰ ਮੰਡੀਆਂ ਵਿਚ ਇਕੱਠਾ ਹੋਣ ਵਾਲਾ ਪਾਣੀ ਵੀ ਕਣਕ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸੰਗਰੂਰ ਵਿਚ 27 ਅਪ੍ਰੈਲ ਤਕ 8 ਲੱਖ 14 ਹਜ਼ਾਰ 406 ਟਨ ਫ਼ਸਲ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋਂ ਖਰੀਦ ਏਜੰਸੀਆਂ ਤੇ ਵਪਾਰੀਆਂ ਵੱਲੋਂ 7 ਲੱਖ 96 ਹਜ਼ਾਰ 662 ਮੈਟ੍ਰਿਕ ਟਨ ਫ਼ਸਲ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ, ਜਦਕਿ 17 ਹਜ਼ਾਰ 744 ਟਨ ਦੀ ਖਰੀਦ ਹਾਲੇ ਬਾਕੀ ਹੈ। ਪਿਛਲੇ ਸਾਲ ਜ਼ਿਲ੍ਹੇ ਵਿਚ ਕਰੀਬ ਸਾਢੇ ਨੌਂ ਲੱਖ ਟਨ ਫ਼ਸਲ ਦੀ ਆਮਦ ਹੋਈ ਸੀ, ਜਿਸ ਦੇ ਮੁਕਾਬਲੇ ਇਸ ਵਾਰ ਲਗਭਗ 14 ਫ਼ੀਸਦੀ ਫ਼ਸਲ ਦੀ ਆਮਦ ਅਜੇ ਬਾਕੀ ਹੈ। ਜ਼ਿਲ੍ਹੇ ਵਿੱਚ ਪਨਗ੍ਰੇਨ ਨੇ 3 ਲੱਖ 25 ਹਜ਼ਾਰ 673 ਟਨ, ਮਾਰਕਫੈਡ ਨੇ 2 ਲੱਖ 10 ਹਜ਼ਾਰ 222 ਟਨ, ਪਨਸਪ ਨੇ 1 ਲੱਖ 65 ਹਜ਼ਾਰ 680 ਟਨ, ਵੇਅਰ ਹਾਊਸ ਨੇ 87 ਹਜ਼ਾਰ 373 ਮੈਟ੍ਰਿਕ ਟਨ ਅਤੇ ਵਪਾਰੀਆਂ ਨੇ 7714 ਮੈਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ। ਜ਼ਿਲ੍ਹੇ ਵਿੱਚ ਸਭ ਤੋਂ ਵੱਧ ਖਰੀਦ ਪਨਗ੍ਰੇਨ ਵੱਲੋਂ ਕੀਤੀ ਗਈ ਹੈ। ਲਿਫਟਿੰਗ ਦੀ ਗੱਲ ਕਰੀਏ ਤਾਂ ਸੀਜ਼ਨ ਦੀ ਸ਼ੁਰੂਆਤ ਤੋਂ ਹੀ ਇਸ ਦੀ ਰਫ਼ਤਾਰ ਢਿੱਲੀ ਰਹੀ ਹੈ। ਜ਼ਿਲ੍ਹੇ ਵਿੱਚ ਪਨਗ੍ਰੇਨ ਦੀ 1 ਲੱਖ 85 ਹਜ਼ਾਰ 413 ਮੈਟ੍ਰਿਕ ਟਨ, ਮਾਰਕਫੈਡ ਦੀ 1 ਲੱਖ 18 ਹਜ਼ਾਰ 623 ਮੈਟ੍ਰਿਕ ਟਨ, ਪਨਸਪ ਦੀ 80 ਹਜ਼ਾਰ ਮੈਟ੍ਰਿਕ ਟਨ ਅਤੇ ਵੇਅਰ ਹਾਊਸ ਦੀ 48 ਹਜ਼ਾਰ 452 ਮੈਟ੍ਰਿਕ ਟਨ ਸਮੇਤ ਕੁੱਲ 4 ਲੱਖ 32 ਹਜ਼ਾਰ 680 ਮੈਟ੍ਰਿਕ ਟਨ ਲਿਫਟਿੰਗ ਬਾਕੀ ਹੈ। ਜਦਕਿ ਹੁਣ ਤੱਕ ਪਨਗ੍ਰੇਨ ਵੱਲੋਂ 1 ਲੱਖ 40 ਹਜ਼ਾਰ 260 ਮੈਟ੍ਰਿਕ ਟਨ, ਮਾਰਕਫੈਡ ਵੱਲੋਂ 91 ਹਜ਼ਾਰ 599 ਮੈਟ੍ਰਿਕ ਟਨ, ਪਨਸਪ ਵੱਲੋਂ 85 ਹਜ਼ਾਰ 488 ਮੈਟ੍ਰਿਕ ਟਨ, ਵੇਅਰ ਹਾਊਸ ਵੱਲੋਂ 38 ਹਜ਼ਾਰ 921 ਮੈਟ੍ਰਿਕ ਟਨ ਅਤੇ ਵਪਾਰੀਆਂ ਵੱਲੋਂ 7714 ਮੈਟ੍ਰਿਕ ਟਨ ਸਮੇਤ ਕੁੱਲ 3 ਲੱਖ 63 ਹਜ਼ਾਰ 982 ਮੈਟ੍ਰਿਕ ਟਨ ਕਣਕ ਦੀ ਲਿਫਟਿੰਗ ਕੀਤੀ ਗਈ ਹੈ।