ਨਗਰ ਕੌਂਸਲ ਦੀ ਲਾਪ੍ਰਵਾਹੀ ਲੋਕਾਂ ’ਤੇ ਪੈ ਰਹੀ ਭਾਰੀ
ਨਗਰ ਕੌਂਸਲ ਦੀ ਲਾਪਰਵਾਹੀ ਲੋਕਾਂ ਤੇ ਪੈ ਰਹੀ ਭਾਰੀ
Publish Date: Mon, 09 Feb 2026 05:05 PM (IST)
Updated Date: Tue, 10 Feb 2026 04:03 AM (IST)

ਵਾਰਡ 13’ ਚ ਸੀਵਰੇਜ ਜਾਮ, ਗਲੀਆਂ ’ਚ ਭਰਿਆ ਗੰਦਾ ਪਾਣੀ: ਹਰਪਾਲ ਸੋਨੂੰ ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਸ਼ਹਿਰ ਦੇ ਵਾਰਡ ਨੰਬਰ 13 ’ਚ ਸੀਵਰੇਜ ਦੀ ਸਮੱਸਿਆ ਗੰਭੀਰ ਬਣ ਚੁੱਕੀ ਹੈ ਤੇ ਵਾਰਡ ਦੀਆਂ ਗਲੀਆਂ ਸੀਵਰੇਜ ਦੇ ਗੰਦੇ ਪਾਣੀ ਨਾਲ ਭਰੀਆਂ ਪਈਆਂ ਹਨ, ਜਿਸ ਕਾਰਨ ਵਾਰਡ ਵਾਸੀਆਂ ਦਾ ਜਿਊਣਾ ਔਖਾ ਹੋ ਗਿਆ ਹੈ, ਪ੍ਰੰਤੂ ਲੋਕਾਂ ਦੀ ਇਸ ਸਮੱਸਿਆ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਓਬੀਸੀ ਵਿੰਗ ਦੇ ਵਾਈਸ ਚੇਅਰਮੈਨ ਹਰਪਾਲ ਸੋਨੂੰ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਲਾਈਵ ਹੋਕੇ ਵਾਰਡ ਨੰਬਰ 13 ਵਿਚ ਪਿਛਲੇ ਕਈ ਦਿਨਾਂ ਤੋਂ ਖੜ੍ਹੇ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਨਾ ਹੋਣ ਕਾਰਨ ਪ੍ਰਸ਼ਾਸਨ ਤੇ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਜਿੱਥੇ ਗੰਦਾ ਪਾਣੀ ਜਮ੍ਹਾਂ ਹੈ ਉਸਦੇ ਨਾਲ ਹੀ ਆਰੀਆ ਸਮਾਜ ਸਕੂਲ ਤੇ ਸ਼੍ਰੀ ਰਾਮਲੀਲਾ ਗਰਾਊਂਡ ਸਥਿਤ ਹੈ, ਜਿੱਥੋਂ ਰੋਜ਼ਾਨਾ ਸ਼ਹਿਰ ਵਾਸੀਆਂ ਦਾ ਲੰਘਣਾ ਮੁਸ਼ਕਲ ਹੋ ਗਿਆ ਹੈ ਅਤੇ ਵਾਰਡ ਵਾਸੀਆਂ ਨੂੰ ਇਸ ਨਰਕ ਭਰੀ ਗੰਦਗੀ ਵਿਚ ਜਿਊਣਾ ਮੁਹਾਲ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਦਾ ਸੀਵਰੇਜ ਦਾ ਕੰਮ ਨਗਰ ਕੌਂਸਲ ਸੰਗਰੂਰ ਨੇ ਆਪਣੇ ਹੱਥੀਂ ਲਿਆ ਹੈ ਉਸ ਦਿਨ ਤੋਂ ਸ਼ਹਿਰ ਵਾਸੀਆਂ ਨੂੰ ਗੰਦਗੀ ਦੇ ਹਵਾਲੇ ਕਰ ਕੇ ਸਾਫ਼ ਸਫਾਈ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਨਗਰ ਕੌਂਸਲ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ ਤੇ ਪ੍ਰਸ਼ਾਸ਼ਨ ਵੀ ਇਸ ਸਭ ਤੋਂ ਬੇਖ਼ਬਰ ਲੋਕਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਮੰਗ ਕੀਤੀ ਕਿ ਵਾਰਡ ਵਾਸੀਆਂ ਦੀ ਮੰਗ ਤੇ ਸਿਹਤ ਨੂੰ ਮੁੱਖ ਰੱਖਦੇ ਨਗਰ ਕੌਂਸਲ ਤੁਰੰਤ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਕਰੇ ਨਹੀਂ ਤਾਂ ਕਾਂਗਰਸ ਪਾਰਟੀ ਸ਼ਹਿਰ ਵਾਸੀਆਂ ਨਾਲ ਮਿਲਕੇ ਸਥਾਨਕ ਵਿਧਾਇਕ ਅਤੇ ਨਗਰ ਕੌਂਸਲ ਦੇ ਪ੍ਰਧਾਨ ਵਿਰੁੱਧ ਮੋਰਚਾ ਖੋਲ੍ਹਣ ਲਈ ਦੇਰੀ ਨਹੀਂ ਕਰੇਗੀ।