‘ਜੇਠ’ ਨੇ ਕਢਵਾਤੇ ਘੁੰਡ, 44 ਡਿਗਰੀ ਤੱਕ ਪੁੱਜਾ ਤਾਪਮਾਨ
ਜੇਠ ਮਹੀਨੇ ਨੇ ਔਰਤਾਂ ਦੇ ਹੀ ਨਹੀਂ ਬੰਦਿਆਂ ਦੇ ਵੀ ਕਢਵਾਏ ਘੁੰਡ
Publish Date: Tue, 26 May 2026 04:13 PM (IST)
Updated Date: Wed, 27 May 2026 04:01 AM (IST)

ਧੁੱਪ ਤੋਂ ਬਚਾਅ ਲਈ ਔਰਤਾਂ ਹੀ ਨਹੀਂ ਬੰਦੇ ਵੀ ਲੱਗੇ ਮੂੰਹ ਸਿਰ ਲਪੇਟਣ • ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਮੰਗਲਵਾਰ ਦੁਪਹਿਰ ਡੇਢ ਵਜੇ, ਝੁਲਸਾ ਦੇਣ ਵਾਲੀ ਗਰਮੀ, ਸ਼ਹਿਰ ਦਾ ਮੁੱਖ ਬਾਜ਼ਾਰ ਤੇ ਉਸ ਵਿੱਚ ਪਸਰਿਆ ਸੰਨਾਟਾ, ਵਿਹਲੇ ਬੈਠੇ ਦੁਕਾਨਦਾਰ। ਸੰਗਰੂਰ ’ਚ ਕੁਝ ਅਜਿਹੇ ਹੀ ਹਾਲਾਤ ਵੇਖਣ ਨੂੰ ਮਿਲੇ। ਹੋਵੇ ਵੀ ਕਿਉਂ ਨਾ 44 ਡਿਗਰੀ ਤੱਕ ਤਾਪਮਾਨ, ਕਰੜੀ ਧੁੱਪ ਤੇ ਲੂ ਦੇ ਥਪੇੜਿਆਂ ਤੋਂ ਬਚਾਅ ਲਈ ਹਰ ਕੋਈ ਆਪਣੇ ਘਰ ਵਿੱਚ ਕੈਦ ਹੋ ਕੇ ਰਹਿ ਗਿਆ। ਸ਼ਹਿਰ ਦੀਆਂ ਗਲੀਆਂ ਤੇ ਸੜਕਾਂ ਦਾ ਮਾਹੌਲ ਇੰਝ ਲੱਗ ਰਿਹਾ ਸੀ ਜਿਵੇਂ ਕਰਫਿਊ ਲੱਗਾ ਹੋਵੇ। ਵਧਦੇ ਤਾਪਮਾਨ ਨੇ ਇਨਸਾਨਾਂ ਨੂੰ ਹੀ ਨਹੀਂ ਬਲਕਿ ਜੀਵ-ਜੰਤੂਆਂ ਤੇ ਸਬਜ਼ੀਆਂ ਤੱਕ ਪ੍ਰਭਾਵਿਤ ਕਰ ਦਿੱਤੀਆਂ ਹਨ। ਸਿਹਤ ਵਿਭਾਗ ਨੇ ਵੀ ਗਰਮੀ ਦੇ ਵਧਦੇ ਪ੍ਰਕੋਪ ਦੇ ਮੱਦੇਨਜ਼ਰ ਅਡਵਾਈਜਰੀ ਜਾਰੀ ਕਰਕੇ ਲੋਕਾਂ ਨੂੰ ਸੁਚੇਤ ਰਹਿਣ ਬਾਰੇ ਕਿਹਾ ਹੈ। ਉਧਰ, ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ’ਚ ਮੌਸਮ ਅਜਿਹਾ ਹੀ ਬਣੇ ਰਹਿਣ ਦੀ ਸੰਭਾਵਨਾ ਪ੍ਰਗਟਾਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਤੋਂ 41-42 ਡਿਗਰੀ ਤਾਪਮਾਨ ਸੀ, ਪ੍ਰੰਤੂ ਮੰਗਲਵਾਰ ਨੂੰ ਅਚਾਨਕ ਤਾਪਮਾਨ 44 ਡਿਗਰੀ ਤੱਕ ਪਹੁੰਚ ਗਿਆ। ਜਦਕਿ ਘੱਟੋ ਘੱਟ ਤਾਪਮਾਨ 24 ਡਿਗਰੀ ਦਰਜ ਕੀਤਾ ਗਿਆ। ਅਜਿਹੇ ’ਚ ਸਵੇਰ ਹੁੰਦਿਆਂ ਹੀ ਸੂਰਜ ਅੱਗ ਵਰ੍ਹਾਉਣ ਲੱਗਾ ਹੈ ਤੇ ਜਿਵੇਂ-ਜਿਵੇਂ ਦਿਨ ਚੜ੍ਹਦਾ ਜਾਂਦਾ ਹੈ, ਉਵੇਂ-ਉਵੇਂ ਤਾਪਮਾਨ ਵੀ ਵਧਦਾ ਜਾਂਦਾ ਹੈ। 10 ਵਜੇ ਤੋਂ ਬਾਅਦ ਧੁੱਪ ’ਚ ਨਿਕਲਣਾ ਵੀ ਔਖਾ ਹੋ ਰਿਹਾ ਹੈ। ਦੁਪਹਿਰ 12 ਵਜੇ ਤੋਂ ਸ਼ਾਮ ਕਰੀਬ 6 ਵਜੇ ਤੱਕ ਬਾਜ਼ਾਰਾਂ ਦੀ ਰੌਣਕ ਗਾਇਬ ਹੋ ਜਾਂਦੀ ਤੇ ਬਾਜ਼ਾਰ ਤੇ ਸੜਕਾਂ ਸੁੰਨੀਆਂ ਹੋ ਜਾਂਦੀਆਂ ਹਨ। ਦੁਪਹਿਰ ਸਮੇਂ ਅਣਸਰਦੇ ਹੀ ਟਾਵਾਂ ਵਿਅਕਤੀ ਬਾਹਰ ਸੜਕ ’ਤੇ ਵਿਖਾਈ ਦਿੰਦਾ ਹੈ। ਮੰਗਲਵਾਰ ਨੂੰ ਚੋਣਾਂ ਹੋਣ ਕਰਕੇ ਛੁੱਟੀ ਸੀ, ਅਜਿਹੇ ’ਚ ਜ਼ਿਆਦਾਤਰ ਲੋਕ ਸਵੇਰ ਤੋਂ ਸ਼ਾਮ ਤਕ ਆਪਣੇ ਘਰਾਂ ’ਚ ਹੀ ਬੰਦ ਹੋ ਕੇ ਰਹਿ ਗਏ। ਗਰਮੀ ਤੋਂ ਬਚਾਅ ਲਈ ਗੰਨੇ ਤੇ ਲੈਮਨ ਦਾ ਲੋਕ ਲੈ ਰਹੇ ਸਹਾਰਾ ਦੂਜੇ ਪਾਸੇ, ਇਸ ਪ੍ਰਚੰਡ ਗਰਮੀ ਤੋਂ ਬਚਣ ਲਈ ਲੋਕ ਠੰਢੀਆਂ ਚੀਜ਼ਾਂ ਦਾ ਜ਼ਿਆਦਾ ਇਸਤੇਮਾਲ ਕਰਨ ਲੱਗੇ ਹਨ। ਆਈਸ ਕ੍ਰੀਮ, ਜੂਸ ਤੇ ਹੋਰਨਾਂ ਠੰਢੀਆਂ ਵਸਤੂਆਂ ਦੀ ਡਿਮਾਂਡ ਪਹਿਲਾਂ ਨਾਲ ਕਿਤੇ ਜ਼ਿਆਦਾ ਵਧ ਗਈ ਹੈ। ਖਾਸ ਕਰਕੇ ਗੰਨੇ ਤੇ ਲੈਮਨ ਦੀਆਂ ਰੇਹੜੀਆਂ ’ਤੇ ਲੋਕਾਂ ਦੀ ਭੀੜ ਵੱਧ ਵਿਖਾਈ ਦੇ ਰਹੀ ਹੈ ਤੇ ਇਸ ਕੰਮਕਾਜ ਨਾਲ ਜੁੜੇ ਲੋਕਾਂ ਦੀ ਚੰਗੀ ਕਮਾਈ ਹੋਣ ਲੱਗੀ ਹੈ ਤੇ ਉਨ੍ਹਾਂ ਦੇ ਚਿਹਰਿਆਂ ’ਤੇ ਰੌਣਕ ਵੇਖਣ ਨੂੰ ਮਿਲ ਰਹੀ ਹੈ। ਜਦਕਿ ਬਾਜ਼ਾਰਾਂ ਦੀ ਦੁਪਹਿਰ ਸਮੇਂ ਗਾਇਬ ਹੋਈ ਰੌਣਕ ਦਾ ਸਿੱਧਾ ਅਸਰ ਦੁਕਾਨਦਾਰਾਂ ਦੇ ਕੰਮਕਾਜ ’ਤੇ ਪੈ ਰਿਹਾ ਹੈ ਤੇ ਉਹ ਸਵੇਰ ਤੋਂ ਸ਼ਾਮ ਤੱਕ ਵਿਹਲੇ ਗਾਹਕਾਂ ਦੀ ਉਡੀਕ ਵਿੱਚ ਆਪਣਾ ਸਮਾਂ ਲੰਘਾ ਰਹੇ ਹਨ। ਸ਼ਹਿਰ ਦੇ ਧੂਰੀ ਗੇਟ ਮਾਰਕੀਟ ਵੱਲੋਂ ਲੋਕਾਂ ਨੂੰ ਧੁੱਪ ਤੋਂ ਬਚਾਅ ਲਈ ਹਰੀਆਂ ਚਾਦਰਾਂ (ਗ੍ਰੀਨ ਨੈੱਟ) ਟੰਗ ਦਿੱਤੀਆਂ ਹਨ, ਤਾਂ ਜੋ ਲੋਕਾਂ ਨੂੰ ਤੇਜ਼ ਧੁੱਪ ਤੋਂ ਕੁਝ ਨਾ ਕੁਝ ਰਾਹਤ ਮਿਲ ਸਕੇ। ਗਰਮ ਹਵਾਵਾਂ ਨਾਲ ਸੜ੍ਹਨ ਲੱਗੀਆਂ ਸਬਜ਼ੀਆਂ ਦੀਆਂ ਵੇਲਾਂ ਨੇੜ੍ਹਲੇ ਪਿੰਡ ਗੁਰਦਾਸਪੁਰ ਦੇ ਕਿਸਾਨ ਅਮਨਦੀਪ ਸਿੰਘ, ਰਾਜਵਿੰਦਰ ਸਿੰਘ ਤੇ ਬਲਕਾਰ ਸਿੰਘ ਨੇ ਦੱਸਿਆ ਕਿ ਦਿਨੋਂ ਦਿਨ ਵਧ ਰਿਹਾ ਤਾਪਮਾਨ ਸਬਜ਼ੀਆਂ ਲਈ ਨੁਕਸਾਨਦੇਹ ਸਾਬਤ ਹੋ ਰਿਹਾ ਹੈ। ਲੂ ਚੱਲਣ ਕਾਰਨ ਸਬਜ਼ੀਆਂ ਤੇ ਹੋਰ ਬੂਟੇ ਸੜ ਰਹੇ ਹਨ। ਉਨ੍ਹਾਂ ਨੂੰ ਬਚਾਉਣ ਲਈ ਲਗਾਤਾਰ ਸਿੰਚਾਈ ਕੀਤੀ ਜਾ ਰਹੀ ਹੈ, ਪਰ ਗਰਮ ਹਵਾਵਾਂ ਕਾਰਨ ਸਿੰਚਾਈ ਵੀ ਅਸਰਦਾਰ ਸਾਬਤ ਨਹੀਂ ਹੋ ਰਹੀ। ਤੇਜ਼ ਧੁੱਪ ਕਾਰਨ ਬੂਟਿਆਂ ਦੇ ਪੱਤੇ ਝੁਲਸ ਚੁੱਕੇ ਹਨ ਤੇ ਉਨ੍ਹਾਂ ’ਤੇ ਲੱਗੇ ਫਲ ਵੀ ਸੜ ਗਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਅਡਵਾਈਜਰੀ ਬਲੱਡ ਪ੍ਰੈਸ਼ਰ, ਸ਼ੂਗਰ, ਥਾਇਰਾਇਡ, ਗਲੂਕੋਮਾ, ਅਪਾਹਜ ਜਾਂ ਲੱਕਵੇ ਨਾਲ ਪੀੜਤ ਵਿਅਕਤੀਆਂ ਨੂੰ ਧੁੱਪ ਵਿੱਚ ਇਕੱਲੇ ਬਾਹਰ ਨਹੀਂ ਨਿਕਲਣਾ ਚਾਹੀਦਾ। ਸਰੀਰ ‘ਤੇ ਹਲਕੇ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਸਿਰ ‘ਤੇ ਛਤਰੀ ਜਾਂ ਟੋਪੀ ਦੀ ਵਰਤੋਂ ਕਰਨੀ ਚਾਹੀਦੀ ਹੈ। ਨੰਗੇ ਪੈਰ ਧੁੱਪ ਵਿੱਚ ਨਾ ਜਾਓ। ਮੌਸਮੀ ਫਲ ਖਰਬੂਜ਼ਾ, ਅਨਾਰ, ਕੇਲਾ, ਤਰਬੂਜ਼, ਅੰਗੂਰ, ਖੀਰਾ, ਲੱਸੀ, ਨਿੰਬੂ ਪਾਣੀ ਅਤੇ ਨਾਰੀਅਲ ਪਾਣੀ ਦਾ ਵੱਧ ਸੇਵਨ ਕਰੋ। ਚਮੜੀ ਦੀ ਸੁਰੱਖਿਆ ਲਈ ਕਾਲਾ ਚਸ਼ਮਾ ਅਤੇ ਕ੍ਰੀਮ ਦੀ ਵਰਤੋਂ ਕਰੋ। ਪਿਆਜ਼ ਦਾ ਸਲਾਦ ਅਤੇ ਕੱਚੇ ਅੰਬ ‘ਤੇ ਨਮਕ ਤੇ ਜੀਰਾ ਲਗਾ ਕੇ ਖਾਣਾ ਵੀ ਲਾਭਕਾਰੀ ਮੰਨਿਆ ਜਾਂਦਾ ਹੈ।