ਪੰਜਾਬੀ ਯੂਨੀਵਰਸਿਟੀ ਵੱਲੋਂ ਇਸ ਵਾਰ ਨਿਵੇਕਲੀ ਪਹਿਲ ਕਰਦਿਆਂ ਪੰਜਾਬੀ ਸਭਿਆਚਾਰ ਦੀ ਪ੍ਰਤੀਨਿਧਤਾ ਵਾਲੇ ਵਸਤਰ ਬਣਵਾਏ ਗਏ ਸਨ। ਇਹ ਵਸਤਰ ਕਾਨਵੋਕੇਸ਼ਨ ਤੋਂ ਉਪਰੰਤ ਵਿਦਿਆਰਥੀ ਆਪਣੇ ਨਾਲ ਲੈ ਕੇ ਜਾ ਸਕਦੇ ਸਨ। ਇਸ ਮੌਕੇ ਸੈਸ਼ਨ 2022-23 ਤੇ ਸੈਸ਼ਨ 2023-24 ਦੇ 725 ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਮੈਡਲ ਪ੍ਰਦਾਨ ਕੀਤੇ ਗਏ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਦੇ ਰਾਜਪਾਲ ਅਤੇ ਪੰਜਾਬੀ ਯੂਨੀਵਰਸਿਟੀ ਦੇ ਚਾਂਸਲਰ ਗੁਲਾਬ ਚੰਦ ਕਟਾਰੀਆ ਨੇ ਪੰਜਾਬੀ ਯੂਨੀਵਰਸਿਟੀ ਦੀ 41ਵੀਂ ਕਨਵੋਕੇਸ਼ਨ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆ ਕਿਹਾ ਕਿ ਗਿਆਨ ਦਾ ਪਰਉਪਕਾਰੀ ਹੋਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਗਿਆਨ ਜੇਕਰ ਪਰਉਪਕਾਰੀ ਨਾ ਹੋਵੇ ਤਾਂ ਉਪਯੋਗੀ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਪੰਜਾਬ ਉਹ ਧਰਤੀ ਹੈ ਜਿਸ ਨੂੰ ਗੁਰੂ ਸਾਹਿਬਾਨ ਦਾ ਆਸ਼ੀਰਵਾਦ ਪ੍ਰਾਪਤ ਹੈ। ਇਸ ਧਰਤੀ ਉੱਤੇ ਗਿਆਨ ਦੀ ਜੋਤ ਜਗਦੀ ਰਹਿਣੀ ਚਾਹੀਦੀ ਹੈ।
ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸੇ ਵੀ ਅਦਾਰੇ ਲਈ ਇੰਨੀ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਸਿੱਖਿਆ ਦੇਣਾ ਉਸ ਅਦਾਰੇ ਲਈ ਮਾਣ ਵਾਲੀ ਗੱਲ ਹੁੰਦੀ ਹੈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਕਿਹਾ ਕਿ ਕਨਵੋਕੇਸ਼ਨ ਦੇ ਦਿਨ ਜਦੋਂ ਵੱਖ-ਵੱਖ ਫੈਕਲਟੀਆਂ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਆਪਣੀਆਂ ਡਿਗਰੀਆਂ ਹਾਸਿਲ ਕਰ ਰਹੇ ਹਨ ਤਾਂ ਸਾਨੂੰ ਇਸ ਗੱਲ 'ਤੇ ਮਾਣ ਕਰਨ ਦੇ ਨਾਲ-ਨਾਲ ਇਹ ਅਹਿਦ ਲੈਣਾ ਚਾਹੀਦਾ ਹੈ ਕਿ ਅਸੀਂ ਯੂਨੀਵਰਸਿਟੀ ਨੂੰ ਹੋਰ ਨਵੀਆਂ ਬਲਦੀਆਂ ਤੱਕ ਲੈ ਕੇ ਜਾਈਏ।
ਪੰਜਾਬੀ ਸਭਿਆਚਾਰ ਦੀ ਪ੍ਰਤੀਨਿਧਤਾ ਵਾਲੇ ਵਸਤਰ ਬਣਵਾਏ
ਪੰਜਾਬੀ ਯੂਨੀਵਰਸਿਟੀ ਵੱਲੋਂ ਇਸ ਵਾਰ ਨਿਵੇਕਲੀ ਪਹਿਲ ਕਰਦਿਆਂ ਪੰਜਾਬੀ ਸਭਿਆਚਾਰ ਦੀ ਪ੍ਰਤੀਨਿਧਤਾ ਵਾਲੇ ਵਸਤਰ ਬਣਵਾਏ ਗਏ ਸਨ। ਇਹ ਵਸਤਰ ਕਾਨਵੋਕੇਸ਼ਨ ਤੋਂ ਉਪਰੰਤ ਵਿਦਿਆਰਥੀ ਆਪਣੇ ਨਾਲ ਲੈ ਕੇ ਜਾ ਸਕਦੇ ਸਨ। ਇਸ ਮੌਕੇ ਸੈਸ਼ਨ 2022-23 ਤੇ ਸੈਸ਼ਨ 2023-24 ਦੇ 725 ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਮੈਡਲ ਪ੍ਰਦਾਨ ਕੀਤੇ ਗਏ। ਇਸ ਗਿਣਤੀ ਵਿੱਚ 457 ਡਾਕਟਰੇਟ ਡਿਗਰੀਆਂ ਸ਼ਾਮਲ ਹਨ। ਜਦ ਕਿ 179 ਪੋਸਟ ਗ੍ਰੈਜੂਏਟ ਅਤੇ ਪੇਸ਼ੇਵਰ ਕੋਰਸਾਂ ਦੇ ਵਿਦਿਆਰਥੀ ਅਤੇ 86 ਅੰਡਰ ਗ੍ਰੈਜੂਏਟ ਕੋਰਸਾਂ ਦੇ ਟੌਪਰ ਵਿਦਿਆਰਥੀਆਂ ਨੂੰ ਮਿਲਣ ਵਾਲ਼ੇ ਵਿਦਿਆਰਥੀ ਸ਼ਾਮਿਲ ਸਨ।
ਮੈਡਲਾਂ ਦੀ ਗਿਣਤੀ ਵਿੱਚ ਤਿੰਨ ਚਾਂਸਲਰ ਮੈਡਲ ਅਤੇ ਨੌਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਦਿੱਤੇ ਜਾਂਦੇ ਮੈਡਲ (ਦੋ ਸਾਲਾਂ ਦੇ 18 ਮੈਡਲ) ਸ਼ਾਮਿਲ ਸਨ। ਪੀ-ਐੱਚ.ਡੀ. ਦੀ ਡਿਗਰੀ ਪ੍ਰਾਪਤ ਕਰਨ ਵਾਲ਼ੇ ਕੁੱਲ 457 ਵਿਦਿਆਰਥੀਆਂ ਵਿੱਚ ਲਾਈਫ਼ ਸਾਇੰਸ ਫ਼ੈਕਲਟੀ ਦੇ 27 ਵਿਦਿਆਰਥੀ, ਫਿਜ਼ੀਕਲ ਸਾਇੰਸਜ਼ ਫ਼ੈਕਲਟੀ ਦੇ 37 ਵਿਦਿਆਰਥੀ, ਸੋਸ਼ਲ ਸਾਇੰਸਜ਼ ਫ਼ੈਕਲਟੀ ਦੇ 90 ਵਿਦਿਆਰਥੀ, ਆਰਟ ਐਂਡ ਕਲਚਰ ਫ਼ੈਕਲਟੀ ਦੇ 10 ਵਿਦਿਆਰਥੀ, ਭਾਸ਼ਾ ਫ਼ੈਕਲਟੀ ਦੇ 55 ਵਿਦਿਆਰਥੀ, ਐਜੂਕੇਸ਼ਨ ਐਂਡ ਇਨਫਰਮੇਸ਼ਨ ਸਾਇੰਸਜ਼ ਫ਼ੈਕਲਟੀ ਦੇ 55 ਵਿਦਿਆਰਥੀ, ਬਿਜ਼ਨਸ ਫ਼ੈਕਲਟੀ ਦੇ 85 ਵਿਦਿਆਰਥੀ, ਕਾਨੂੰਨ ਫ਼ੈਕਲਟੀ ਦੇ 16 ਵਿਦਿਆਰਥੀ, ਇੰਜੀਨੀਅਰ ਐਂਡ ਟੈਕਨੋਲੋਜੀ ਫ਼ੈਕਲਟੀ ਦੇ 37 ਵਿਦਿਆਰਥੀ, ਮੈਡੀਸਨ ਫ਼ੈਕਲਟੀ ਦੇ 14 ਵਿਦਿਆਰਥੀ ਅਤੇ ਕੰਪਿਊਟਿੰਗ ਸਾਇੰਸਜ਼ ਦੇ 31 ਵਿਦਿਆਰਥੀ ਸ਼ਾਮਿਲ ਹਨ।