ਸੁਨਾਮ ਵਿਖੇ ਐੱਨਓਸੀ ਨਾ ਦੇਣ ਦਾ ਮਾਮਲਾ ਗਰਮਾਇਆ
ਸੁਨਾਮ ਵਿਖੇ ਐਨਓਸੀ ਨਾ ਦੇਣ ਦਾ ਮਾਮਲਾ ਗਰਮਾਇਆ
Publish Date: Thu, 14 May 2026 05:07 PM (IST)
Updated Date: Fri, 15 May 2026 04:03 AM (IST)

ਦਾਮਨ ਬਾਜਵਾ ਸਣੇ ਵਿਰੋਧੀਆਂ ਨੇ ਦਿੱਤਾ ਈਓ ਦਫ਼ਤਰ ’ਚ ਧਰਨਾ ਘੰਟਿਆਂਬੱਧੀ ਚੱਲਦਾ ਰਿਹਾ ਹਾਈ ਵੋਲਟੇਜ ਡਰਾਮਾ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਨਗਰ ਕੌਂਸਲ ਚੋਣਾਂ ਲੜਣ ਦੇ ਚਾਹਵਾਨਾਂ ਨੂੰ ਸੁਨਾਮ ਦੇ ਕੌਂਸਲ ਪ੍ਰਸ਼ਾਸਨ ਵੱਲੋਂ ਐੱਨਓਸੀ ਦੇਣ ’ਚ ਕੀਤੀ ਜਾ ਰਹੀ ਆਨਾਕਾਨੀ ਦੇ ਰੋਸ ਵਜੋਂ ਵੀਰਵਾਰ ਨੂੰ ਸੁਨਾਮ ਵਿਖੇ ਆਮ ਆਦਮੀ ਪਾਰਟੀ ਨੂੰ ਛੱਡਕੇ ਵਿਰੋਧੀ ਧਿਰ ਇੱਕਜੁਟ ਦਿਖਾਈ ਦਿੱਤੀ। ਰੋਹ ’ਚ ਆਏ ਆਗੂਆਂ ਨੇ ਆਪਣੇ ਸਮਰਥਕਾਂ ਸਮੇਤ ਕਾਰਜ਼ ਸਾਧਕ ਅਫ਼ਸਰ ਦੇ ਦਫ਼ਤਰ ਵਿਚ ਧਰਨਾ ਦੇਕੇ ਕੌਂਸਲ ਪ੍ਰਸ਼ਾਸਨ ਤੇ ਹਾਕਮ ਧਿਰ ਦੇ ਆਗੂਆਂ ਨੂੰ ਘੇਰਦਿਆਂ ਨਾਅਰੇਬਾਜ਼ੀ ਕੀਤੀ ਤੇ ਆਖਿਆ ਕਿ ਅਜਿਹਾ ਵਰਤਾਰਾ ਲੋਕਤੰਤਰ ਦਾ ਘਾਣ ਹੈ। ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਦੇ ਦਫ਼ਤਰ ਵਿਚ ਧਰਨਾ ਦੇ ਰਹੇ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ, ਹਰਮਨਦੇਵ ਸਿੰਘ ਬਾਜਵਾ, ਕਾਂਗਰਸ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਧੀਮਾਨ, ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਅਮਨਬੀਰ ਸਿੰਘ ਚੈਰੀ, ਕਾਂਗਰਸ ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਵੜ੍ਹੈਚ ਨੇ ਕਿਹਾ ਕਿ ਅਜੋਕੇ ਸਮੇਂ ਪ੍ਰਸ਼ਾਸਨ ਸਿਰਫ਼ ਰਬੜ ਦੀ ਮੋਹਰ ਬਣਿਆ ਹੋਇਆ ਹੈ। ਹਾਕਮ ਧਿਰ ਹਾਰ ਦੇ ਡਰੋਂ ਵਿਰੋਧੀ ਉਮੀਦਵਾਰਾਂ ਨੂੰ ਐੱਨਓਸੀ ਦੇਣ ਤੋਂ ਰੋਕਣ ਦੇ ਯਤਨ ਕਰ ਰਹੀ ਹੈ। ਵਿਰੋਧੀ ਧਿਰ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਸੂਬੇ ਦੀ ਹਾਕਮ ਧਿਰ ਨਾਲ ਸਬੰਧਿਤ ਨਗਰ ਕੌਂਸਲ ਚੋਣਾਂ ਲੜਣ ਲਈ ਸੰਭਾਵੀ ਉਮੀਦਵਾਰਾਂ ਨੂੰ ਕੋਈ ਇਤਰਾਜ਼ ਨਹੀਂ ਦੇ ਸਰਟੀਫਿਕੇਟ ਰਾਤੋ-ਰਾਤ ਦੇ ਦਿੱਤੇ ਗਏ ਹਨ। ਧਰਨੇ ’ਤੇ ਬੈਠੇ ਆਗੂਆਂ ਨੇ ਅਜਿਹੇ ਵਰਤਾਰੇ ਨੂੰ ਹਾਕਮ ਧਿਰ ਦੀ ਚੋਣ ਪ੍ਰਕਿਰਿਆ ਵਿਚ ਵਿਘਨ ਪਾਉਣ ਲਈ ਬਣਾਈ ਗਈ ਇਕ ਗਿਣੀ-ਮਿਥੀ ਸਾਜ਼ਿਸ਼ ਵਜੋਂ ਨਿੰਦਾ ਕੀਤੀ। ਵਿਰੋਧੀ ਧਿਰ ਦੇ ਆਗੂਆਂ ਵੱਲੋਂ ਨਗਰ ਕੌਂਸਲ ਵਿਖੇ ਧਰਨਾ ਦਿੱਤੇ ਜਾਣ ਦੇ ਕੁੱਝ ਸਮੇਂ ਬਾਅਦ, ਕਾਰਜ਼ ਸਾਧਕ ਅਫ਼ਸਰ ਆਪਣੇ ਦਫ਼ਤਰ ਪਹੁੰਚੇ ਅਤੇ ਕਈ ਸੰਭਾਵੀ ਉਮੀਦਵਾਰਾਂ ਨੂੰ ਐਨਓਸੀ ਜਾਰੀ ਕਰਨ ਲਈ ਪ੍ਰੀਕਿਰਿਆ ਸ਼ੁਰੂ ਕੀਤੀ। ਇਸ ਮੌਕੇ ਘਣਸ਼ਿਆਮ ਕਾਂਸਲ, ਮੋਨਿਕਾ ਗੋਇਲ, ਸੁੱਖੀ ਜਿੰਮ, ਰਾਜੀਵ ਮੱਖਣ, ਹਾਕਮ ਸਿੰਘ, ਰਿੰਕੂ ਆਲਮਪੁਰੀਆ , ਰਾਣਾ ਬਾਲਟੀਆਂ ਵਾਲਾ ਮੌਜੂਦ ਸਨ।