ਬਸੀ ਪਠਾਣਾਂ ਸਬ ਡਵੀਜ਼ਨ ਨਾਲ ਮਤਰਈ ਮਾਂ ਵਾਲਾ ਸਲੂਕ ਕਰ ਰਹੀ ਸਰਕਾਰ : ਜਰਨੈਲ ਸਿੰਘ
ਬਸੀ ਪਠਾਣਾਂ ਸਬ ਡਵੀਜ਼ਨ ਨਾਲ ਮਤਰਈ ਮਾਂ ਵਾਲਾ ਸਲੂਕ ਕਰ ਰਹੀ ਹੈ ਸਰਕਾਰ : ਜਰਨੈਲ ਸਿੰਘ
Publish Date: Fri, 08 May 2026 05:49 PM (IST)
Updated Date: Fri, 08 May 2026 05:50 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਯੂਥ ਪ੍ਰਧਾਨ ਜਰਨੈਲ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਬਸੀ ਪਠਾਣਾਂ ਸਬ ਡਵੀਜ਼ਨ ਨਾਲ ਮਤਰਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੜਕਾਂ ਦੀ ਖਸਤਾ ਹਾਲਤ, ਮੁੱਖ ਮਾਰਗਾਂ ’ਤੇ ਹਾਦਸਿਆਂ ਨੂੰ ਸੱਦਾ ਦੇ ਰਹੇ ਸੁੱਕੇ ਰੁੱਖ ਅਤੇ ਤਹਿਸੀਲ ’ਚ ਪੱਕਾ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਨਾ ਹੋਣ ਵਰਗੇ ਅਹਿਮ ਮੁੱਦਿਆਂ ਤੋਂ ਪਾਸਾ ਵੱਟਣਾ ਸਰਕਾਰ ਦੀ ਮੰਸ਼ਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਤਹਿਸੀਲ ’ਚ ਰੋਜ਼ਾਨਾ ਆਪਣੇ ਕੰਮ ਕਰਵਾਉਣ ਆਉਣ ਵਾਲੇ ਸੈਂਕੜੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਰਨੈਲ ਸਿੰਘ ਨੇ ਦੱਸਿਆ ਕਿ ਬਸੀ ਪਠਾਣਾਂ ਤਹਿਸੀਲ ’ਚ ਮੌਜੂਦਾ ਸਮੇਂ ਨਾਇਬ ਤੇ ਤਹਿਸੀਲਦਾਰ ਪੱਕੇ ਤੌਰ ’ਤੇ ਤਾਇਨਾਤ ਨਹੀਂ ਹਨ। ਸਰਕਾਰ ਵੱਲੋਂ ਪਿਛਲੇ ਕਾਫ਼ੀ ਸਮੇਂ ਤੋਂ ਅਧਿਕਾਰੀਆਂ ਨੂੰ ਵਾਧੂ ਚਾਰਜ ਦੇ ਕੇ ਕੰਮ ਚਲਾਇਆ ਜਾ ਰਿਹਾ ਹੈ। ਹੁਣ ਵੀ ਅਮਿਤਾਭ ਤਿਵਾਰੀ ਨੂੰ ਬਸੀ ਪਠਾਣਾਂ ਤਹਿਸੀਲ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਉਨ੍ਹਾਂ ਜਥੇਬੰਦੀ ਵੱਲੋਂ ਸਰਕਾਰ ਤੋਂ ਖਸਤਾਹਾਲ ਸੜਕਾਂ ਦੀ ਹਾਲਤ ਸੁਧਾਰਨ, ਸੁੱਕੇ ਰੁੱਖ ਹਟਾਉਣ ਦੇ ਨਾਲ-ਨਾਲ ਨਾਇਬ ਤੇ ਤਹਿਸੀਲਦਾਰ ਦੀਆਂ ਖ਼ਾਲੀ ਅਸਾਮੀਆਂ ਪੱਕੇ ਤੌਰ ’ਤੇ ਭਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਨਾਇਬ ਤਹਿਸੀਲਦਾਰ ਅਮਿਤਾਭ ਤਿਵਾਰੀ ਨੇ ਸੰਪਰਕ ਕਰਨ ’ਤੇ ਕਿਹਾ ਕਿ ਦੋਵਾਂ ਤਹਿਸੀਲਾਂ ਬਸੀ ਪਠਾਣਾਂ ਤੇ ਖਮਾਣੋਂ ਦਾ ਕੰਮ ਸਹੀ ਢੰਗ ਨਾਲ ਚੱਲ ਰਿਹਾ ਹੈ। ਇਸ ਮੌਕੇ ਨੰਬਰਦਾਰ ਭਗਵੰਤ ਸਿੰਘ ਗੋਪਾਲੋਂ, ਰਣਜੀਤ ਸਿੰਘ, ਸੁਖਜਿੰਦਰ ਸਿੰਘ ਸਾਦਕਪੁਰ, ਸੁਖਵਿੰਦਰ ਸਿੰਘ ਅਤੇ ਸੁੱਖਾ ਗੋਪਾਲੋਂ ਵੀ ਮੌਜੂਦ ਸਨ।