ਆਵਾਰਾ ਕੁੱਤਿਆਂ ਦਾ ਖੌਫ ਲੋਕਾਂ ਦੀ ਸੁਰੱਖਿਆਂ ਲਈ ਬਣਿਆ ਗੰਭੀਰ ਚੁਣੌਤੀ
ਅਵਾਰਾ ਕੁੱਤਿਆਂ ਦਾ ਖੌਫ ਲੋਕਾਂ ਦੀ ਸੁਰੱਖਿਆਂ ਲਈ ਬਣਿਆ ਗੰਭੀਰ ਚੁਣੌਤੀ
Publish Date: Fri, 22 May 2026 06:14 PM (IST)
Updated Date: Sat, 23 May 2026 04:08 AM (IST)

ਡਰ ਦੇ ਮਹੌਲ ’ਚ ਜਿਊਂ ਰਹੇ ਸ਼ਹਿਰਵਾਸੀ, ਨਗਰ ਕੌਂਸਲ ਬੇਖ਼ਬਰ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਜ਼ਿਲ੍ਹਾ ਸੰਗਰੂਰ ਵਿਚ ਆਵਾਰਾ ਕੁੱਤਿਆਂ ਦਾ ਵਧਦਾ ਖੌਫ ਹੁਣ ਆਮ ਲੋਕਾਂ ਦੀ ਸੁਰੱਖਿਆ ਲਈ ਗੰਭੀਰ ਚੁਣੌਤੀ ਬਣਦਾ ਜਾ ਰਿਹਾ ਹੈ। ਗਲੀਆਂ-ਮੁਹੱਲਿਆਂ, ਬਾਜ਼ਾਰਾਂ, ਪਾਰਕਾਂ, ਸਕੂਲਾਂ ਤੇ ਹਸਪਤਾਲਾਂ ਦੇ ਆਲੇ-ਦੁਆਲੇ ਝੁੰਡਾਂ ਵਿਚ ਘੁੰਮ ਰਹੇ ਆਵਾਰਾ ਕੁੱਤਿਆਂ ਕਾਰਨ ਲੋਕ ਡਰ ਦੇ ਮਾਹੌਲ ਵਿਚ ਜੀਵਨ ਬਿਤਾਉਣ ਲਈ ਮਜਬੂਰ ਹਨ। ਬੱਚਿਆਂ, ਬਜ਼ੁਰਗਾਂ ਤੇ ਔਰਤਾਂ ਲਈ ਹਾਲਾਤ ਸਭ ਤੋਂ ਵੱਧ ਚਿੰਤਾਜਨਕ ਬਣੇ ਹੋਏ ਹਨ। ਇਸੇ ਦੌਰਾਨ ਮਾਨਯੋਗ ਸੁਪਰੀਮ ਕੋਰਟ ਨੇ ਇਸ ਮਾਮਲੇ ’ਤੇ ਸਖ਼ਤ ਰੁਖ ਅਪਣਾਉਂਦੇ ਹੋਏ ਜਨਤਕ ਥਾਵਾਂ ਤੋਂ ਆਵਾਰਾ ਕੁੱਤਿਆਂ ਨੂੰ ਹਟਾਉਣ ਤੇ ਖ਼ਤਰਨਾਕ ਕੁੱਤਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਸਪਸ਼ਟ ਹੁਕਮ ਜਾਰੀ ਕੀਤੇ ਹਨ। ਅਦਾਲਤੀ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਇਨ੍ਹਾਂ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਹੈ, ਪਰ ਸੰਗਰੂਰ ਵਿਚ ਹਾਲੇ ਤੱਕ ਜ਼ਮੀਨੀ ਪੱਧਰ ’ਤੇ ਕੋਈ ਢੁੱਕਵੀਂ ਕਾਰਵਾਈ ਸ਼ੁਰੂ ਨਹੀਂ ਹੋ ਸਕੀ। ਦੱਸ ਦੇਈਏ ਕਿ ਲੰਘੇ ਮੰਗਲਵਾਰ ਨੂੰ ਕੇਂਦਰੀ ਰਾਜ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸਿਵਲ ਹਸਪਤਾਲ ਧੂਰੀ ਦੀ ਇਮਾਰਤ ਵਿੱਚੋਂ ਖੁਦ ਆਵਾਰਾ ਕੁੱਤਿਆਂ ਨੂੰ ਬਾਹਰ ਕੱਢਦੇ ਹੋਏ ਰਾਜ ਸਰਕਾਰ ‘ਤੇ ਟਿੱਪਣੀ ਕੀਤੀ ਸੀ। ਜ਼ਿਕਰਯੋਗ ਹੈ ਕਿ ਸ਼ਹਿਰੀ ਖੇਤਰਾਂ ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣ ਦੀ ਜ਼ਿੰਮੇਵਾਰੀ ਨਗਰ ਕੌਂਸਲਾਂ ਨੂੰ ਸੌਂਪੀ ਗਈ ਹੈ, ਜਦਕਿ ਪਿੰਡਾਂ ਵਿੱਚ ਪਸ਼ੂ ਪਾਲਣ ਵਿਭਾਗ ਅਤੇ ਪੰਚਾਇਤ ਵਿਭਾਗ ਮਿਲ ਕੇ ਕੰਮ ਕਰਨਗੇ। ਇਸ ਦੇ ਬਾਵਜੂਦ ਜ਼ਿਲ੍ਹੇ ਵਿੱਚ ਸੰਬੰਧਤ ਵਿਭਾਗ ਹਾਲੇ ਸਰਕਾਰ ਦੀ ਵਿਸਥਾਰਪੂਰਵਕ ਗਾਈਡ ਲਾਈਨ ਅਤੇ ਹੁਕਮਾਂ ਦੀ ਉਡੀਕ ਕਰ ਰਹੇ ਹਨ। ਪ੍ਰਸ਼ਾਸਨਕ ਪੱਧਰ ‘ਤੇ ਮਾਮਲਾ ਇਸ ਵੇਲੇ ਸਿਰਫ਼ ਮੀਟਿੰਗਾਂ ਅਤੇ ਚਰਚਾਵਾਂ ਤੱਕ ਸੀਮਿਤ ਦਿਖਾਈ ਦੇ ਰਿਹਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਆਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਹਸਪਤਾਲ ਕੰਪਲੈਕਸ, ਖੇਡ ਮੈਦਾਨ ਅਤੇ ਸਟੇਡੀਅਮ, ਸਕੂਲ-ਕਾਲਜ ਕੈਂਪਸ, ਸਰਕਾਰੀ ਦਫ਼ਤਰਾਂ ਅਤੇ ਸੜਕਾਂ ‘ਤੇ ਝੁੰਡਾਂ ਵਿੱਚ ਘੁੰਮਦੇ ਕੁੱਤੇ ਰਾਹਗੀਰਾਂ ‘ਤੇ ਹਮਲੇ ਕਰ ਦਿੰਦੇ ਹਨ। ਸੰਗਰੂਰ ਵਿੱਚ ਪਿਛਲੇ ਛੇ ਮਹੀਨਿਆਂ ਦੌਰਾਨ ਕਈ ਬੱਚੇ, ਔਰਤਾਂ ਅਤੇ ਹੋਰ ਲੋਕ ਕੁੱਤਿਆਂ ਦੇ ਕੱਟਣ ਦਾ ਸ਼ਿਕਾਰ ਹੋ ਚੁੱਕੇ ਹਨ। ਜੇਕਰ ਸਿਵਲ ਹਸਪਤਾਲ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਹਰ ਰੋਜ਼ ਇੱਕ ਤੋਂ ਡੇਢ ਦਰਜਨ ਤੱਕ ਡਾਗ ਬਾਈਟ ਦੇ ਮਾਮਲੇ ਪਹੁੰਚ ਰਹੇ ਹਨ ਅਤੇ ਇਨ੍ਹਾਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਮਾਪਿਆਂ ਵਿੱਚ ਖ਼ਾਸ ਕਰਕੇ ਇਸ ਗੱਲ ਨੂੰ ਲੈ ਕੇ ਚਿੰਤਾ ਹੈ ਕਿ ਘਰਾਂ ਦੇ ਬਾਹਰ ਗਲੀਆਂ-ਮੁਹੱਲਿਆਂ ਵਿੱਚ ਖੇਡਣ ਵਾਲੇ ਬੱਚਿਆਂ ਨੂੰ ਹਰ ਰੋਜ਼ ਖ਼ਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਹਾਲਾਤ ਇਹ ਹਨ ਕਿ ਕਈ ਮਾਪੇ ਬੱਚਿਆਂ ਨੂੰ ਗਲੀ ਵਿੱਚ ਖੇਡਣ ਤੋ ਵੀ ਰੋਕਣ ਲੱਗ ਪਏ ਹਨ। ਹੁਕਮਾਂ ਦੀ ਗੰਭੀਰਤਾ ਨਾਲ ਪਾਲਣਾ ਹੋਵੇਗੀ : ਈਓ ਨਗਰ ਕੌਂਸਲ ਸੰਗਰੂਰ ਦੇ ਕਾਰਜਸਾਧਕ ਅਫ਼ਸਰ ਅਸ਼ਵਨੀ ਕੁਮਾਰ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਰਾਜ ਸਰਕਾਰ ਅਤੇ ਸੰਬੰਧਤ ਵਿਭਾਗਾਂ ਵੱਲੋਂ ਜੋ ਵੀ ਨੀਤੀ ਬਣਾਕੇ ਲਾਗੂ ਕਰਨ ਲਈ ਹੁਕਮ ਦਿੱਤੇ ਜਾਣਗੇ, ਨਗਰ ਕੌਂਸਲ ਉਸ ਦੀ ਗੰਭੀਰਤਾ ਨਾਲ ਪਾਲਣਾ ਕਰੇਗੀ। ਲੋਕਾਂ ਦੀ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ।