ਗਿਆਨ ਸਿੰਘ ਮਾਨ ਨੇ ਸੋਸ਼ਨ ਮੀਡੀਆਂ ’ਤੇ ਪਾਈ ਪੋਸਟ, ਪਾਰਟੀ ਛੱਡਦੇ ਹੀ ਟਰਾਈਡੇਂਟ ਦਾ ਪ੍ਰਦੂਸ਼ਣ ਵੀ ਦਿਖਣ ਲੱਗਾ,
ਮੁੱਖ ਮੰਤਰੀ ਦੇ ਚਚੇਰੇ ਭਰਾ ਦੇ 'ਬਾਗੀ' ਤੇਵਰ ਜਾਂ ਪੰਜਾਬੀਅਤ ਦੀ ਬੇਬਾਕ ਆਵਾਜ਼?
Publish Date: Sat, 02 May 2026 05:31 PM (IST)
Updated Date: Sun, 03 May 2026 04:09 AM (IST)

ਮੁੱਖ ਮੰਤਰੀ ਦੇ ਚਚੇਰੇ ਭਰਾ ਦੇ ਬਾਗੀ ਤੇਵਰ ਜਾਂ ਪੰਜਾਬੀਅਤ ਦੀ ਬੇਬਾਕ ਆਵਾਜ਼? ਕੇਜਰੀਵਾਲ ਸਾਹਿਬ ਤੁਸੀ ਪਹਿਲਾ ਗਲਤ ਸੀ ਜਾ ਹੁਣ : ਗਿਆਨ ਸਿੰਘ ਮਾਨ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਪੰਜਾਬ ਦੀ ਸਿਆਸਤ ਵਿਚ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਚਚੇਰੇ ਭਰਾ ਗਿਆਨ ਸਿੰਘ ਮਾਨ ਨੇ ਸੋਸ਼ਲ ਮੀਡੀਆ ’ਤੇ ਆਪਣੀ ਹੀ ਪਾਰਟੀ ਦੀ ਰੀਤੀ-ਨੀਤੀ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ। ਇਸ ਨੂੰ ਸਿਰਫ਼ ਇਕ ਪੋਸਟ ਨਹੀਂ ਮੰਨਿਆ ਜਾ ਰਿਹਾ, ਸਗੋਂ ਉਨ੍ਹਾਂ ਵਰਕਰਾਂ ਦੀ ਦਬੀ ਹੋਈ ਆਵਾਜ਼ ਕਿਹਾ ਜਾ ਰਿਹਾ ਹੈ ਜਿਨ੍ਹਾਂ ਨੂੰ ਹੁਣ ਤੱਕ ਨਜ਼ਰਅੰਦਾਜ਼ ਕੀਤਾ ਗਿਆ। ਗੰਭੀਰ ਪਹਿਲੂ ਇਹ ਹੈ ਕਿ ਇਹ ਆਵਾਜ਼ ਮੁੱਖ ਮੰਤਰੀ ਦੇ ਘਰੋਂ ਉੱਠੀ ਹੈ ਤੇ ਉਹ ਵੀ ਜਨਤਕ ਤੌਰ |ਤੇ। ਆਪਣਿਆਂ ਦੀ ਖਰੀ-ਖਰੀ : ਕੀ ਘਰ ਤੋਂ ਹੀ ਘਿਰ ਗਈ ਆਪ ਗਿਆਨ ਸਿੰਘ ਮਾਨ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਸਿੱਧੇ ਤੌਰ ’ਤੇ ਅਰਵਿੰਦ ਕੇਜਰੀਵਾਲ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕੀਤਾ ਹੈ। ਉਨ੍ਹਾਂ ਨੇ ਪੰਜਾਬ ਕੋਟੇ ਤੋਂ ਰਾਜ ਸਭਾ ਭੇਜੇ ਗਏ ਕਾਰਪੋਰੇਟ ਘਰਾਣਿਆਂ ਨਾਲ ਜੁੜੇ ਲੋਕਾਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਪਾਰਟੀ ਨੇ ਆਪਣੇ ਵਫ਼ਾਦਾਰ ਵਰਕਰਾਂ ਦਾ ਹੱਕ ਮਾਰਿਆ ਹੈ। ਪੋਸਟ ਵਿਚਲੇ ਚੁਭਵੇ ਸ਼ਬਦ • ਰਾਜ ਸਭਾ ਦਾ ਦਰਦ : ਪੰਜਾਬੀਆਂ ਤੇ ਵਰਕਰਾਂ ਨੂੰ ਦਰਕਿਨਾਰ ਕਰਕੇ ਅਮੀਰਾਂ ਨੂੰ ਤਰਜੀਹ ਦਿੱਤੀ ਗਈ। • ਦੋਹਰਾ ਮਾਪਦੰਡ : ਜਦੋਂ ਤੱਕ ਨਾਲ ਸੀ ਸਭ ਠੀਕ ਸੀ, ਜਾਂਦੇ ਹੀ ਸੰਦੀਪ ਪਾਠਕ ਅਤੇ ਟ੍ਰਾਈਡੈਂਟ ਫੈਕਟਰੀ ਵਿੱਚ ਕਮੀਆਂ ਦਿੱਸਣ ਲੱਗੀਆਂ। ਪੰਜਾਬੀ ਮੁਹਾਵਰੇ ਦਾ ਵਾਰ: ਯਾਰੀ ਲੱਗੀ ਤੋਂ ਲਵਾਤੇ ਤਖ਼ਤੇ, ਟੁੱਟੀ ਤੋਂ ਚੁਗਾਠ ਪੱਟ ਲਈ । ਸੀਐੱਮ ਮਾਨ ਦੀ ਢਾਲ ਬਣਿਆ ਪੰਜਾਬੀਅਤ ਦਾ ਤਰਕ ਭਾਵੇਂ ਇਸ ਪੋਸਟ ਨਾਲ ਆਪ ਵਿੱਚ ਖਲਬਲੀ ਮਚ ਗਈ ਹੈ, ਪਰ ਜ਼ਮੀਨੀ ਪੱਧਰ ਤੇ ਇਸ ਨੂੰ ਭਗਵੰਤ ਮਾਨ ਦੀ ਇਮਾਨਦਾਰੀ ਅਤੇ ਬੇਬਾਕੀ ਵਜੋਂ ਦੇਖਿਆ ਜਾ ਰਿਹਾ ਹੈ। ਇੱਕ ਸੱਚਾ ਪੰਜਾਬੀ ਉਹੀ ਹੈ ਜਿਸਦੇ ਘਰ ਵਿੱਚ ਵੀ ਸੱਚ ਬੋਲਣ ਦੀ ਆਜ਼ਾਦੀ ਹੋਵੇ। ਮੁੱਖ ਮੰਤਰੀ ਦਾ ਆਪਣੇ ਭਰਾ ਨੂੰ ਨਾ ਰੋਕਣਾ ਇਹ ਦਰਸਾਉਂਦਾ ਹੈ ਕਿ ਉਨ੍ਹਾਂ ਦੀ ਸਰਕਾਰ ਵਿੱਚ ਫੀਡਬੈਕ ਦੇ ਦਰਵਾਜ਼ੇ ਆਪਣਿਆਂ ਲਈ ਵੀ ਖੁੱਲ੍ਹੇ ਹਨ। ਸਿਆਸੀ ਹਲਕਿਆਂ ਵਿੱਚ ਹਲਚਲ ਲੈਂਡ ਪੂਲਿੰਗ ਤੋਂ ਲੈ ਕੇ ਕਿਸਾਨਾਂ ’ਤੇ ਲਾਠੀਚਾਰਜ ਅਤੇ ਰਾਜ ਸਭਾ ਤੱਕ, ਗਿਆਨ ਸਿੰਘ ਮਾਨ ਦੀਆਂ ਲਗਾਤਾਰ ਉੱਠ ਰਹੀਆਂ ਆਵਾਜ਼ਾਂ ਇਹ ਸੰਕੇਤ ਦੇ ਰਹੀਆਂ ਹਨ ਕਿ ਮੁੱਖ ਮੰਤਰੀ ਭਾਵੇਂ ਚੁੱਪ ਹੋਣ, ਪਰ ਪੰਜਾਬ ਦੇ ਹਿੱਤਾਂ ਲਈ ਉਨ੍ਹਾਂ ਦੇ ਘਰ ਦੇ ਅੰਦਰ ਦਾ ਪੰਜਾਬੀ ਪੂਰੀ ਤਰ੍ਹਾਂ ਚੌਕੰਨਾ ਹੈ। ਵਿਰੋਧੀ ਇਸ ’ਤੇ ਜਿੰਨੀ ਮਰਜ਼ੀ ਸਿਆਸਤ ਕਰ ਲੈਣ, ਜਨਤਾ ਇਸ ਨੂੰ ਭਗਵੰਤ ਮਾਨ ਦੀ ਉਸ ਸਾਖ ਨਾਲ ਜੋੜ ਰਹੀ ਹੈ ਜਿੱਥੇ ਪਰਿਵਾਰਵਾਦ ਨਹੀਂ ਬਲਕਿ ਪੰਜਾਬ ਦੇ ਹੱਕ ਦੀ ਗੱਲ ਪ੍ਰਮੁੱਖ ਹੈ। ਜਾਣਕਾਰ ਮੰਨਦੇ ਹਨ ਕਿ ਸੀਐੱਮ ਮਾਨ ਆਪਣੇ ਜਜ਼ਬਾਤ ਕਈ ਵਾਰ ਆਪਣੇ ਭਰਾ ਰਾਹੀਂ ਬਿਆਨ ਕਰਦੇ ਹਨ ਤੇ ਹਾਈਕਮਾਂਡ ਸੋਚਣ ਲਈ ਮਜ਼ਬੂਰ ਹੁੰਦੀ ਰਹੀ ਹੈ।