ਸਾਈਬਰ ਠੱਗਾਂ ਨੇ ਬੈਂਕ ਖਾਤੇ ’ਚੋਂ 1 ਲੱਖ 40 ਹਜ਼ਾਰ ਰੁਪਏ ਉਡਾਏ
ਸਾਈਬਰ ਠੱਗਾਂ ਨੇ ਬੈਂਕ ਖਾਤੇ ਚੋਂ 1 ਲੱਖ 40 ਹਜਾਰ ਰੁਪਏ ਉਡਾਏ
Publish Date: Mon, 04 May 2026 04:44 PM (IST)
Updated Date: Mon, 04 May 2026 04:44 PM (IST)

ਹਰਜੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਬਹਾਦਰਗੜ੍ਹ : ਸਾਈਬਰ ਠੱਗੀ ਦੇ ਨਿੱਤ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਜੋ ਕਿ ਆਮ ਲੋਕਾਂ ਲਈ ਇਸ ਸਮੇਂ ਵੱਡੀ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਤਾਜ਼ਾ ਮਾਮਲਾ ਸਾਈਬਰ ਠੱਗਾਂ ਵੱਲੋਂ ਕਸਬਾ ਬਹਾਦਰਗੜ੍ਹ ਦੇ ਇਕ ਵਿਅਕਤੀ ਦੇ ਬੈਂਕ ਖਾਤੇ ’ਚੋਂ 1 ਲੱਖ 40 ਹਜ਼ਾਰ ਰੁਪਏ ਉਡਾਉਣ ਦਾ ਸਾਹਮਣੇ ਆਇਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਭਟੇੜੀਕਲਾ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਬਹਾਦਰਗੜ੍ਹ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਸ ਨੇ ਪੰਜਾਬ ਨੈਸ਼ਨਲ ਬੈਂਕ ਦੀ ਬਹਾਦਰਗੜ੍ਹ ਬ੍ਰਾਂਚ ’ਚ ਆਪਣੀ ਦੋ ਲੱਖ ਰੁਪਏ ਦੀ ਐਫਡੀ ਤੁੜਵਾ ਕੇ ਆਪਣੇ ਸੇਵਿੰਗ ਖਾਤੇ ’ਚ ਪਵਾਈ ਸੀ ਅਤੇ ਉਸ ’ਚੋਂ 1 ਲੱਖ ਰੁਪਏ ਹਾਲੇ ਆਪਣੇ ਬੇਟੇ ਦੇ ਖਾਤੇ ’ਚ ਟਰਾਂਸਫਰ ਕੀਤੇ ਹੀ ਸਨ ਕਿ ਜਦੇ ਉਸ ਨੂੰ ਇੱਕ ਵਟਸਐਪ ਕਾਲ ਆਉਂਦੀ ਜਿਸ ’ਚ ਪੀਐਨਬੀ ਐਪ ਤੋਂ ਇੱਕ ਵਿਅਕਤੀ ਗੱਲ ਕਰਕੇ ਪੁੱਛਦਾ ਹੈ ਕਿ ਕੀ ਉਨਾਂ ਨੂੰ ਪੀਐਨਬੀ ਐਪ ’ਚ ਕੋਈ ਮੁਸ਼ਕਲ ਪੇਸ਼ ਆ ਰਹੀ ਤਾਂ ਮੇਰੇ ਵਲੋਂ ਹਾਂ ਕਹਿਣ ’ਤੇ ਉਹ ਕਹਿੰਦਾ ਹੈ ਕਿ ਹੁਣੇ ਹੱਲ ਕਰ ਦਿੰਦੇ ਹਾਂ ਪਰ ਤੁਸੀਂ ਕੋਈ ਓਟੀਪੀ ਜਾਂ ਮੈਸੇਜ ਕਿਸੇ ਨਾਲ ਸ਼ੇਅਰ ਨਹੀਂ ਕਰਨਾ ਹੈ। ਉਸ ਤੋਂ ਬਾਅਦ ਉਹ ਮੇਰੇ ਕੋਲ ਇਕ ਪੀਡੀਐਫ ਭੇਜ ਕੇ ਉਸ ਨੂੰ ਕਲਿਕ ਕਰਨ ਲਈ ਕਹਿੰਦਾ ਹੈ ਮੈਂ ਇਸ ਭੁਲੇਖ ਕਿ ਮੈਂ ਕਿਹੜਾ ਓਟੀਪੀ ਦੇ ਰਿਹਾ ਹਾਂ, ਉਹ ਐਪ ਖੋਲ ਲੈਂਦਾ ਹਾਂ ਉਸ ਤੋਂ ਤੁਰੰਤ ਬਾਅਦ ਮੇਰਾ ਫੋਨ ਹੈਂਗ ਹੋ ਜਾਂਦਾ ਹੈ ਅਤੇ ਸਿਰਫ 5-7 ਮਿੰਟਾਂ ’ਚ ਹੀ ਉਸ ਦੇ ਆਪਣੇ ਖਾਤੇ ਅਤੇ ਨਾਲ ਹੀ ਉਸ ਦੇ ਪਤਨੀ ਨਾਲ ਸਾਂਝੇ ਖਾਤੇ ’ਚੋਂ 30-30 ਹਜ਼ਾਰ ਰੁਪਏ ਕਰਕੇ ਕੁੱਲ 1 ਲੱਖ 40 ਹਜ਼ਾਰ ਰੁਪਏ ਉਡਾ ਲਏ ਜਾਂਦੇ ਹਨ। ਇਸ ਸਬੰਧੀ ਪੁਲਿਸ ਦੇ ਸਾਈਬਰ ਕਰਾਈਮ ਸੈਲ ’ਚ ਰਿਪੋਰਟ ਦਰਜ ਕਰਵਾ ਦਿੱਤੀ ਹੈ। ਅਮਰੀਕ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਭੋਲੇ ਭਾਲੇ ਲੋਕਾਂ ਨੂੰ ਸਾਈਬਰ ਠੱਗਾਂ ਤੋਂ ਬਚਾਉਣ ਲਈ ਅਜਿਹੇ ਮਾਮਲਿਆਂ ’ਚ ਤੁਰੰਤ ਡੂੰਘਾਈ ਨਾਲ ਜਾਂਚ ਕਰਕੇ ਕਾਰਵਾਈ ਹੋਣੀ ਚਾਹੀਦੀ ਹੈ।