44 ਡਿਗਰੀ ਤੱਕ ਪੁੱਜਾ ਤਾਪਮਾਨ, ਝੁਲਸਾਉਣ ਲੱਗੀ ਗਰਮੀ
44 ਡਿਗਰੀ ਤੱਕ ਪੁੱਜਾ ਤਾਪਮਾਨ, ਝੁਲਸਾਉਣ ਲੱਗੀ ਗਰਮੀ
Publish Date: Tue, 19 May 2026 04:21 PM (IST)
Updated Date: Wed, 20 May 2026 04:01 AM (IST)

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਮਈ ਮਹੀਨੇ ਦੇ ਅਖੀਰ ’ਚ ਗਰਮੀ ਦਾ ਕਹਿਰ ਲੋਕਾਂ ਨੂੰ ਝੁਲਸਾਉਣ ਲੱਗਾ ਹੈ। ਜਿਵੇਂ-ਜਿਵੇਂ ਮਈ ਮਹੀਨਾ ਲੰਘ ਰਿਹਾ ਹੈ, ਉਵੇਂ- ਉਵੇਂ ਤਾਪਮਾਨ ’ਚ ਵੀ ਵਾਧਾ ਹੋ ਰਿਹਾ ਹੈ। ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈੱਲਸੀਅਸ ਅਤੇ ਘੱਟੋ-ਘੱਟ ਤਾਪਮਾਨ 29 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਹਾਲੇ ਤਿੰਨ-ਚਾਰ ਦਿਨ ਮੌਸਮ ਇਸੇ ਤਰ੍ਹਾਂ ਬਣਿਆ ਰਹਿਣ ਦੀ ਸੰਭਾਵਨਾ ਹੈ। ਹਾਲਾਤ ਇਹ ਹਨ ਕਿ ਦੁਪਹਿਰ ਸਮੇਂ ਸ਼ਹਿਰ ਦੀਆਂ ਸੜਕਾਂ ਸੁੰਨੀਆਂ ਹੋ ਜਾਂਦੀਆਂ ਹਨ। ਦੂਜੇ ਪਾਸੇ, ਦਿਨੋਂ-ਦਿਨ ਵਧ ਰਿਹਾ ਤਾਪਮਾਨ ਸਬਜ਼ੀਆਂ ਲਈ ਵੀ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਸ਼ਹਿਰ ਦਾ ਐਕਸਚੇਂਜ ਰੋਡ, ਕਲੱਬ ਰੋਡ, ਡੀਸੀ ਦਫ਼ਤਰ ਰੋਡ, ਪਟਿਆਲਾ ਗੇਟ, ਸੁਨਾਮੀ ਗੇਟ ਤੇ ਨਾਭਾ ਗੇਟ ਮੁੱਖ ਬਾਜ਼ਾਰ ’ਚ ਘਰਾਂ ਵਿੱਚੋਂ ਨਿਕਲਦੇ ਸਮੇਂ ਛਤਰੀ, ਔਰਤਾਂ ਚੁੰਨੀ ਜਾਂ ਟੋਪੀ ਪਾ ਕੇ ਬਾਹਰ ਨਿਕਲ ਰਹੇ ਹਨ। ਸਿਹਤ ਵਿਭਾਗ ਦੀ ਐਡਵਾਇਜ਼ਰੀ ਮੁਤਾਬਕ ਗਰਮ ਲੂ ਦੀ ਸਥਿਤੀ ਸਭ ਤੋਂ ਖ਼ਤਰਨਾਕ ਹੁੰਦੀ ਹੈ ਅਤੇ ਇਹ ਸਿਹਤ ਸੰਬੰਧੀ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਇਸ ਲਈ ਬਿਨਾਂ ਜਰੂਰੀ ਕੰਮ ਤੋ ਦੁਪਹਿਰ 12 ਵਜੇ ਤੋ ਸ਼ਾਮ 5 ਵਜੇ ਤੱਕ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਜਾ ਰਹੀ ਹੈ। ਦੂਜੇ ਪਾਸੇ, ਕਿਸਾਨ ਜਗਦੇਵ ਸਿੰਘ, ਮਹਿੰਦਰ ਸਿੰਘ ਅਤੇ ਸਤਵਿੰਦਰ ਸਿੰਘ ਨੇ ਦੱਸਿਆ ਕਿ ਲੂ ਚੱਲਣ ਕਾਰਨ ਸਬਜ਼ੀਆਂ ਅਤੇ ਹੋਰ ਪੌਦੇ ਸੜ ਰਹੇ ਹਨ। ਉਨ੍ਹਾਂ ਨੂੰ ਬਚਾਉਣ ਲਈ ਲਗਾਤਾਰ ਸਿੰਚਾਈ ਕੀਤੀ ਜਾ ਰਹੀ ਹੈ, ਪਰ ਗਰਮ ਹਵਾਵਾਂ ਕਾਰਨ ਸਿੰਚਾਈ ਵੀ ਅਸਰ ਨਹੀਂ ਕਰ ਰਹੀ। ਪੌਦਿਆਂ ਦੇ ਪੱਤੇ ਸੜ ਚੁੱਕੇ ਹਨ ਅਤੇ ਉਨ੍ਹਾਂ ‘ਤੇ ਲੱਗੇ ਫਲ ਵੀ ਖ਼ਰਾਬ ਹੋ ਗਏ ਹਨ। ਗਰਮੀ ਕਾਰਨ ਨਵਜਨਮੇ ਬੱਚਿਆਂ, ਗਰਭਵਤੀ ਔਰਤਾਂ, ਬਜ਼ੁਰਗਾਂ, ਮਜ਼ਦੂਰਾਂ, ਮੋਟਾਪੇ ਨਾਲ ਪੀੜਤ ਲੋਕਾਂ, ਮਾਨਸਿਕ ਤੌਰ ‘ਤੇ ਪਰੇਸ਼ਾਨ ਅਤੇ ਦਿਲ ਦੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਵੱਧ ਦਿੱਕਤ ਆ ਰਹੀ ਹੈ। ਵਧਦੇ ਤਾਪਮਾਨ ਤੋਂ ਰਾਹਤ ਲਈ ਲੋਕ ਠੰਢੇ ਜੂਸ ਅਤੇ ਹੋਰ ਠੰਢੇ ਪਦਾਰਥਾਂ ਦਾ ਸਹਾਰਾ ਲੈ ਰਹੇ ਹਨ। ਗਰਮੀ ਤੋਂ ਬਚਾਅ ਲਈ, ਕਰੋ ਉਪਾਅ ਬਲੱਡ ਪ੍ਰੈਸ਼ਰ, ਸ਼ੂਗਰ, ਥਾਇਰਾਇਡ, ਗਲੂਕੋਮਾ ਨਾਲ ਪੀੜਤ ਵਿਅਕਤੀਆਂ ਨੂੰ ਧੁੱਪ ਵਿੱਚ ਇਕੱਲੇ ਬਾਹਰ ਨਹੀਂ ਜਾਣਾ ਚਾਹੀਦਾ। ਸਰੀਰ ‘ਤੇ ਹਲਕੇ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਸਿਰ ‘ਤੇ ਛਤਰੀ ਜਾਂ ਟੋਪੀ ਰੱਖਣੀ ਚਾਹੀਦੀ ਹੈ। ਨੰਗੇ ਪੈਰ ਧੁੱਪ ਵਿੱਚ ਨਾ ਜਾਇਆ ਜਾਵੇ। ਮੌਸਮੀ ਫਲ ਜਿਵੇਂ ਖਰਬੂਜਾ, ਅਨਾਰ, ਕੇਲਾ, ਤਰਬੂਜ਼, ਅੰਗੂਰ, ਖੀਰਾ, ਲੱਸੀ, ਨਿੰਬੂ ਪਾਣੀ ਅਤੇ ਨਾਰੀਅਲ ਪਾਣੀ ਦਾ ਵੱਧ ਸੇਵਨ ਕਰਨਾ ਚਾਹੀਦਾ ਹੈ। ਚਮੜੀ ਦੀ ਰੱਖਿਆ ਲਈ ਕਾਲਾ ਚਸ਼ਮਾ ਅਤੇ ਕ੍ਰੀਮ ਵਰਤਣੀ ਚਾਹੀਦੀ ਹੈ। ਪਿਆਜ਼ ਦਾ ਸਲਾਦ ਅਤੇ ਕੱਚੇ ਅੰਬ ‘ਤੇ ਨਮਕ ਤੇ ਜੀਰਾ ਲਗਾ ਕੇ ਖਾਣਾ ਲਾਭਦਾਇਕ ਹੈ। ਸਕੂਲਾਂ ਵਿੱਚ ਛੁੱਟੀਆਂ ਕਰਨ ਦੀ ਮੰਗ ਗਰਮੀ ਦੇ ਮੱਦੇਨਜ਼ਰ ਐਸੋਸੀਏਟ ਪ੍ਰੀ-ਪ੍ਰਾਈਮਰੀ ਅਧਿਆਪਕ ਯੂਨੀਅਨ ਪੰਜਾਬ ਦੇ ਰਾਜ ਕਨਵੀਨਰ ਸੁਖਚੈਨ ਸਿੰਘ ਗੁਰਨੇ ਅਤੇ ਜਨਰਲ ਮੱਖਣ ਸਿੰਘ ਨੇ ਵੀ ਪਿਛਲੇ ਦਿਨੀ ਪੰਜਾਬ ਸਰਕਾਰ ਤੋਂ ਸਰਕਾਰੀ ਸਕੂਲਾਂ ਵਿੱਚ ਛੁੱਟੀਆਂ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਗਰਮੀ ਲਗਾਤਾਰ ਵੱਧ ਰਹੀ ਹੈ ਅਤੇ ਉੱਪਰੋਂ ਸਰਕਾਰੀ ਸਕੂਲਾਂ ਦੇ ਅਧਿਆਪਕ ਤਪਦੀ ਗਰਮੀ ਵਿੱਚ ਜਨਗਣਨਾ ਸਬੰਧੀ ਡਿਊਟੀ ਵੀ ਨਿਭਾਅ ਰਹੇ ਹਨ। ਕਈ ਸਕੂਲਾਂ ਵਿੱਚ ਦੋ-ਦੋ ਬੂਥ ਲਾ ਦਿੱਤੇ ਗਏ ਹਨ, ਜੋ ਬਿਲਕੁਲ ਗਲਤ ਹੈ। ਪਹਿਲਾਂ ਸਕੂਲ ਵਿੱਚ ਡਿਊਟੀ ਅਤੇ ਬਾਅਦ ਵਿੱਚ ਸਰਵੇ ਕਰਨਾ ਪੈਂਦਾ ਹੈ। ਜੂਸ ਤੇ ਠੰਢੀਆਂ ਚੀਜ਼ਾਂ ਦੀ ਡਿਮਾਂਡ ਵਧੀ ਗਰਮੀ ਦੇ ਵਧਣ ਨਾਲ ਹੀ ਠੰਢੀਆਂ ਚੀਜ਼ਾਂ ਦੀ ਡਿਮਾਂਡ ਵਧ ਗਈ ਹੈ। ਸ਼ਹਿਰ ਵਿੱਚ ਲੱਗੀਆਂ ਜੂਸ, ਆਈਸਕ੍ਰੀਮ ਦੀਆਂ ਰੇਹੜੀ ਤੇ ਲੋਕਾਂ ਦੀ ਭੀੜ ਵੇਖ ਕੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ ਗਰਮੀ ਤੋਂ ਬਚਾਅ ਲਈ ਲੋਕ ਠੰਢੀਆਂ ਚੀਜਾਂ ਦਾ ਸਹਾਰਾ ਲੈ ਰਹੇ ਹਨ। ਇਨ੍ਹਾਂ ਵਿੱਚੋਂ ਜਿਆਦਾ ਭੀੜ ਗੰਨੇ ਦੇ ਜੂਸ ਤੇ ਲੱਗੀ ਵਿਖਾਈ ਦਿੰਦੀ ਹੈ, ਕਿਉਂਕਿ ਗੰਨੇ ਦਾ ਜੂਸ ਹੋਰਨਾਂ ਜੂਸ ਨਾਲੋਂ ਸਸਤਾ ਅਤੇ ਜ਼ਿਆਦਾ ਊਰਜਾਵਾਨ ਮੰਨਿਆਂ ਜਾਂਦਾ ਹੈ।