42 ਤੱਕ ਪੁੱਜਾ ਤਾਪਮਾਨ, ਅਪ੍ਰੈਲ ’ਚ ਹੋ ਰਿਹਾ ਜੂਨ ਜਿਹਾ ਅਹਿਸਾਸ
42 ਤੱਕ ਪੁੱਜਾ ਤਾਪਮਾਨ, ਅਪ੍ਰੈਲ ’ਚ ਹੋ ਰਿਹਾ ਜੂਨ ਜਿਹਾ ਅਹਿਸਾਸ
Publish Date: Sat, 25 Apr 2026 04:13 PM (IST)
Updated Date: Sun, 26 Apr 2026 04:04 AM (IST)

ਮੌਸਮ ਵਿਭਾਗ ਨੇ ਵੀ ਗਰਮੀ ਦੇ ਮੱਦੇਨਜ਼ਰ ਯੇਲੋ ਅਲਰਟ ਕੀਤਾ ਜਾਰੀ ਦਿਨ ਦੇ ਨਾਲ-ਨਾਲ ਹੁਣ ਰਾਤਾਂ ਵੀ ਲੱਗੀਆਂ ਤਪਣ, ਲੋਕ ਬੇਹਾਲ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਇਸ ਸਾਲ ਅਪ੍ਰੈਲ ਮਹੀਨੇ ’ਚ ਹੀ ਲੋਕਾਂ ਨੂੰ ਜੂਨ ਮਹੀਨੇ ਦੀ ਗਰਮੀ ਮਹਿਸੂਸ ਹੋਣ ਲੱਗ ਪਈ ਹੈ। ਕਿਉਂਕਿ ਅਪ੍ਰੈਲ ਦੇ ਅਖੀਰਲੇ ਹਫਤੇ ਤਾਪਮਾਨ 42 ਡਿਗਰੀ ਤੱਕ ਅੱਪੜ ਗਿਆ ਹੈ ਤੇ ਦੁਪਹਿਰ ਸਮੇਂ ਸੂਰਜ ਦੀ ਗਰਮੀ ਲੋਕਾਂ ਤੋਂ ਸਹਾਰ ਨਹੀਂ ਹੋ ਰਹੀ ਹੈ। ਮੌਸਮ ਵਿਭਾਗ ਨੇ ਵੀ ਗਰਮੀ ਦੇ ਮੱਦੇਨਜ਼ਰ ਯੇਲੋ ਅਲਰਟ ਜਾਰੀ ਕਰਕੇ ਲੋਕਾਂ ਨੂੰ ਬਿਨਾਂ ਕੰਮ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਜਦਕਿ ਸਿਹਤ ਵਿਭਾਗ ਵੱਲੋਂ ਵੀ ਅਡਵਾਈਜਰੀ ਜਾਰੀ ਕੀਤੀ ਜਾ ਚੁੱਕੀ ਹੈ। ਜਿਸ ਕਾਰਨ ਦੁਪਹਿਰ ਸਮੇਂ ਸੜਕਾਂ ਤੇ ਗਲੀਆਂ ਸੁੰਨੀਆਂ ਹੋ ਜਾਂਦੀਆਂ ਹਨ। ਬਾਜ਼ਾਰ ਦੀ ਰੌਣਕ ਗਾਇਬ ਹੋ ਗਈ ਤੇ ਦੁਕਾਨਦਾਰ ਵਿਹਲੇ ਬੈਠਕੇ ਆਪਣਾ ਸਮਾਂ ਬਿਤਾ ਰਹੇ ਹਨ। ਇਸਤੋਂ ਇਲਾਵਾ ਸਬਜ਼ੀ ਕਾਸ਼ਤਕਾਰਾਂ ਲਈ ਵੀ ਗਰਮੀ ਮੁਸੀਬਤ ਬਣ ਰਹੀ ਹੈ। ਜ਼ਿਕਰਯੋਗ ਹੈ ਕਿ ਆਮ ਤੌਰ ’ਤੇ ਅਪ੍ਰੈਲ-ਮਈ ਵਿੱਚ ਗਰਮੀ ਪੈਂਦੀ ਹੈ, ਪਰ ਇਸ ਵਾਰ ਫ਼ਰਵਰੀ ਤੇ ਮਾਰਚ ਵਿੱਚ ਹੋਈ ਬਾਰਿਸ਼ ਕਾਰਨ ਅਪ੍ਰੈਲ ਦੇ ਅੱਧ ਤੱਕ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਰਹੀ, ਪ੍ਰੰਤੂ ਜਿਵੇਂ-ਜਿਵੇਂ ਅਪ੍ਰੈਲ ਮਹੀਨਾ ਆਪਣੇ ਅਖੀਰਲੇ ਪੜਾਅ ਵੱਲ ਵਧ ਰਿਹਾ ਹੈ, ਉਵੇਂ-ਉਵੇਂ ਤਾਪਮਾਨ ਵੀ ਵਧਦਾ ਜਾ ਰਿਹਾ ਹੈ। ਜਿਸ ਤਰੀਕੇ ਤਾਪਮਾਨ ਵਧ ਰਿਹਾ ਹੈ ਉਸਤੋਂ ਅੰਦਾਜਾ ਲਾਇਆ ਜਾ ਸਕਦਾ ਹੈ ਕੁਝ ਹੀ ਦਿਨਾਂ ਵਿੱਚ ਤਾਪਮਾਨ 44-45 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ ਅਤੇ ਗਰਮੀ ਲੋਕਾਂ ਦਾ ਹਾਲ ਬੇਹਾਲ ਕਰਨ ਵਾਲੀ ਹੈ। ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਸ਼ਹਿਰ ਦੇ ਬਾਜ਼ਾਰ ਸੁੰਨੇ ਹੋ ਜਾਂਦੇ ਹਨ ਤੇ ਸ਼ਾਮ ਢਲਦਿਆਂ ਹੀ ਲੋਕ ਘਰਾਂ ਵਿੱਚੋਂ ਬਾਹਰ ਨਿਕਲਦੇ ਹਨ। ਅਜਿਹੇ ਵਿੱਚ ਕੰਮਕਾਜ ਠੰਢਾ ਪੈਣ ਕਾਰਨ ਦੁਕਾਨਦਾਰ ਵਿਹਲੇ ਬੈਠੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਧਦਾ ਤਾਪਮਾਨ, ਸਬਜ਼ੀਆਂ ਨੂੰ ਕਰ ਸਕਦੈ ਨੁਕਸਾਨ ਸੰਗਰੂਰ ਦੇ ਸਬਜ਼ੀ ਕਾਸ਼ਤਕਾਰ ਮੁਹੰਮਦ ਸਫ਼ੀ ਨੇ ਕਿਹਾ ਕਿ ਲਗਾਤਾਰ ਵੱਧ ਰਹੇ ਤਾਪਮਾਨ ਤੇ ਗਰਮ ਹਵਾਵਾਂ ਦਾ ਸਬਜ਼ੀਆਂ ਦੇ ਪੌਦਿਆਂ ਤੇ ਵੇਲ੍ਹਾਂ ’ਤੇ ਖਾਸਾ ਅਸਰ ਪੈਂਦਾ ਹੈ। ਜ਼ਿਆਦਾ ਗਰਮੀ ਕਾਰਨ ਬੂਟਿਆਂ ਵਿੱਚ ਪਾਣੀ ਦੀ ਘਾਟ ਹੋ ਜਾਂਦੀ ਹੈ, ਜਿਸ ਨਾਲ ਪੱਤੇ ਮੁਰਝਾ ਜਾਂਦੇ ਹਨ ਅਤੇ ਉਨ੍ਹਾਂ ਦਾ ਵਾਧਾ ਰੁਕ ਜਾਂਦਾ ਹੈ। ਤੇਜ਼ ਧੁੱਪ ਕਾਰਨ ਪੱਤੇ ਝੁਲਸ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦੀ ਹਰੀ ਸਤਹਿ ਨਸ਼ਟ ਹੋ ਜਾਂਦੀ ਹੈ। ਗਰਮੀ ਜ਼ਿਆਦਾ ਪੈਣ ਕਾਰਨ ਮਿੱਟੀ ਦੀ ਨਮੀ ਤੇਜ਼ੀ ਨਾਲ ਖ਼ਤਮ ਹੋ ਜਾਂਦੀ ਹੈ, ਜਿਸ ਨਾਲ ਜੜ੍ਹਾਂ ਨੂੰ ਪੂਰਾ ਪੋਸ਼ਣ ਨਹੀਂ ਮਿਲਦਾ। ਫਲ ਬਣਨ ਦੀ ਪ੍ਰਕਿਰਿਆ ਵੀ ਪ੍ਰਭਾਵਿਤ ਹੁੰਦੀ ਹੈ, ਫੁੱਲ ਝੜਣ ਲੱਗਦੇ ਹਨ ਤੇ ਫਲ ਛੋਟੇ ਰਹਿ ਜਾਂਦੇ ਹਨ। ਲੌਕੀ, ਖੀਰਾ ਤੇ ਕਰੇਲਾ ਵਰਗੀਆਂ ਵੇਲ੍ਹਾਂ ਵਾਲੀਆਂ ਸਬਜ਼ੀਆਂ ’ਤੇ ਇਸਦਾ ਵੱਧ ਅਸਰ ਪੈਂਦਾ ਹੈ ਕਿਉਂਕਿ ਉਨ੍ਹਾਂ ਦੀਆਂ ਨਰਮ ਜੜ੍ਹਾਂ ਗਰਮ ਹਵਾਵਾਂ ਨਾਲ ਜਲਦੀ ਸੁੱਕ ਜਾਂਦੀਆਂ ਹਨ। ਇਸ ਨਾਲ ਫਸਲ ਦੀ ਗੁਣਵੱਤਾ ਤੇ ਉਤਪਾਦਨ ਦੋਵਾਂ ਵਿੱਚ ਘਾਟ ਆਉਂਦੀ ਹੈ। ਸਬਜ਼ੀ ਕਾਸ਼ਤਕਾਰਾਂ ਇਹ ਵਰਤਰਣ ਸਾਵਧਾਨੀਆਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਇੰਚਾਰਜ ਡਾ. ਮਨਦੀਪ ਸਿੰਘ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਖੇਤ ਵਿੱਚ ਨਮੀ ਬਣਾਈ ਰੱਖਣੀ ਜ਼ਰੂਰੀ ਹੈ। ਇਸ ਲਈ ਸਵੇਰੇ ਜਾਂ ਸ਼ਾਮ ਦੇ ਸਮੇਂ ਹਲਕੀ ਸਿੰਚਾਈ ਕਰੋ, ਤਾਂ ਜੋ ਪਾਣੀ ਦਾ ਵਾਸ਼ਪੀਕਰਨ ਘੱਟ ਹੋਵੇ। ਮਲਚਿੰਗ ਲਈ ਸੁੱਕੀ ਘਾਹ ਜਾਂ ਪਲਾਸਟਿਕ ਕਵਰ ਦੀ ਵਰਤੋਂ ਕਰਕੇ ਮਿੱਟੀ ਦੀ ਨਮੀ ਬਚਾਈ ਜਾ ਸਕਦੀ ਹੈ। ਵੇਲ੍ਹਾਂ ਵਾਲੀਆਂ ਸਬਜ਼ੀਆਂ ਲਈ ਮਜ਼ਬੂਤ ਸਹਾਰਾ ਦਿਓ, ਤਾਂ ਜੋ ਪੌਦੇ ਸਿੱਧੇ ਜ਼ਮੀਨ ਦੀ ਗਰਮੀ ਤੋਂ ਪ੍ਰਭਾਵਿਤ ਨਾ ਹੋਣ। ਵੱਧ ਤਾਪਮਾਨ ਵਿੱਚ ਖਾਦਾਂ ਦਾ ਸੰਤੁਲਿਤ ਪ੍ਰਯੋਗ ਕਰੋ ਤੇ ਨਾਈਟਰੋਜਨ ਦੀ ਵੱਧ ਮਾਤਰਾ ਤੋਂ ਬਚੋ। ਗਰਮੀ ਵਿੱਚ ਕੀਟ ਤੇ ਰੋਗਾਂ ਦਾ ਪ੍ਰਕੋਪ ਵੱਧ ਸਕਦਾ ਹੈ, ਇਸ ਲਈ ਨਿਯਮਿਤ ਜਾਂਚ ਕਰਦੇ ਰਹੋ। ਜੇਕਰ ਸੰਭਵ ਹੋਵੇ ਤਾਂ ਸ਼ੈਡ ਨੈੱਟ ਜਾਂ ਅਸਥਾਈ ਛਾਂ ਦੀ ਵਿਵਸਥਾ ਕਰੋ, ਤਾਂ ਜੋ ਪੌਦਿਆਂ ਨੂੰ ਸਿੱਧੀ ਧੁੱਪ ਤੋਂ ਬਚਾਇਆ ਜਾ ਸਕੇ ਤੇ ਉਤਪਾਦਨ ’ਤੇ ਨਕਾਰਾਤਮਕ ਅਸਰ ਘੱਟ ਕੀਤਾ ਜਾ ਸਕੇ।