ਅਧਿਆਪਕ ਜਥੇਬੰਦੀਆਂ ਨੇ ਡੀਸੀ ਨੂੰ ਮੰਗ ਪੱਤਰ ਦਿੱਤਾ
ਅਧਿਆਪਕ ਜਥੇਬੰਦੀਆਂ ਨੇ ਡੀਸੀ ਨੂੰ ਮੰਗ ਪੱਤਰ ਦਿੱਤਾ
Publish Date: Thu, 07 May 2026 06:24 PM (IST)
Updated Date: Fri, 08 May 2026 04:12 AM (IST)

11 ਮਈ ਨੂੰ ਡਾਇਰੈਕਟਰ ਨੂੰ ਮਿਲੇਗਾ ਮਾਸ ਡੈਪੂਟੇਸ਼ਨ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਪੰਜਾਬ ਦੀਆਂ 6 ਪ੍ਰਮੁੱਖ ਸੰਘਰਸ਼ਸ਼ੀਲ ਅਧਿਆਪਕ ਜਥੇਬੰਦੀਆਂ ਵੱਲੋਂ ਵੀਰਵਾਰ ਨੂੰ ਆਪਣੀਆਂ ਮੰਗਾਂ ਮਸਲਿਆਂ ਸੰਬੰਧੀ ਡੀਸੀ ਸੰਗਰੂਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਦਾਤਾ ਸਿੰਘ ਨਮੋਲ, ਜਸਵਿੰਦਰ ਸ਼ਾਹਪੁਰ, ਮਨਪ੍ਰੀਤ ਸਿੰਘ, ਬਲਦੇਵ ਸਿੰਘ, ਬਲਵੀਰ ਲੌਗੋਵਾਲ, ਬਿਕਰਮਜੀਤ ਸਿੰਘ, ਸੁਖਜਿੰਦਰ ਸੰਗਰੂਰ ਤੇ ਹਰਭਗਵਾਨ ਗੁਰਨੇ ਨੇ ਕਿਹਾ ਕਿ ਸਰਕਾਰ ਨੇ ਚਾਰ ਸਾਲ ਬੀਤ ਜਾਣ ਤੇ ਵੀ ਮੁਲਾਜ਼ਮਾਂ ਦੀ ਕੋਈ ਮੰਗ ਨਹੀਂ ਮੰਨੀ, ਇਸ ਲਈ ਇਕੱਠੇ ਹੋ ਕੇ ਆਰ-ਪਾਰ ਦਾ ਸ਼ੰਘਰਸ਼ ਕਰਨਾ ਮੁਲਾਜ਼ਮਾਂ ਦੀ ਅਣਸਰਦੀ ਲੋੜ ਬਣ ਗਈ ਹੈ। ਉਨ੍ਹਾਂ ਮੰਗਾਂ ਦੁਹਰਾਉਦਿਆਂ ਪੰਜਾਬ ਦੇ ਪੇ ਸਕੇਲ ਬਹਾਲ ਕਰਨ , ਰੀਕਾਸਟ ਲਿਸਟਾਂ ਵਿੱਚੋਂ ਬਾਹਰ ਹੋਏ ਅਧਿਆਪਕਾਂ ਨੂੰ ਮੁੜ ਤੋਂ ਸ਼ਾਮਿਲ ਕਰਨ,ਬਦਲੀਆਂ ਦਾ ਪੋਰਟਲ ਤੁਰੰਤ ਖੋਲ੍ਹਣ,ਸਮਾਜਿਕ ਸਿੱਖਿਆ ਤੇ ਅੰਗਰੇਜ਼ੀ ਦੀਆਂ ਅਸਾਮੀਆਂ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਸਮਾਨ ਅਨੁਪਾਤ ਵਿੱਚ ਵੰਡਣ,ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਬਾਰਡਰ ਏਰੀਆ ਭੱਤੇ,ਪੇਂਡੂ ਭੱਤੇ ਸਮੇਤ 37 ਤਰ੍ਹਾਂ ਦੇ ਭੱਤੇ ਬਹਾਲ ਕਰਨ, ਡੀਏ ਦੀਆਂ ਕਿਸ਼ਤਾਂ ਤੁਰੰਤ ਜ਼ਾਰੀ ਕਰਨ, 1 ਜਨਵਰੀ 2016 ਤੋਂ ਪੇ ਕਮਿਸ਼ਨ ਦਾ ਬਕਾਇਆ ਤੁਰੰਤ ਜ਼ਾਰੀ ਕਰਨ , ਮੈਰੀਟੋਰੀਅਸ, ਕੰਪਿਊਟਰ ਅਧਿਆਪਕਾਂ, ਕੱਚੇ ਅਧਿਆਪਕਾਂ ਅਤੇ ਐੱਨਐੱਸਕਿਉਐਫ ਅਧਿਆਪਕਾਂ ਨੂੰ ਰੈਗੂਲਰ ਕਰਕੇ ਸਿੱਖਿਆ ਵਿਭਾਗ ਵਿੱਚ ਮਰਜ਼ ਕਰਨ ਸੰਬੰਧੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਅਤੇ ਇਸ ਸਬੰਧੀ ਸੰਘਰਸ਼ ਦੀ ਅਗਲੀ ਰਣਨੀਤੀ ਤੇ ਵਿਚਾਰ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ 11 ਮਈ ਨੂੰ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਡੀਪੀਆਈ ਦਫਤਰ ਮੋਹਾਲੀ ਵਿਖੇ ਅਧਿਆਪਕਾਂ ਦਾ ਇੱਕ ਮਾਸ ਡੈਪੁਟੇਸ਼ਨ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦੇਵੇਗਾ । ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਡਟਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਡੀਟੀਐਫ ਦੇ ਸਾਬਕਾ ਜ਼ਿਲ੍ਹਾ ਕਮੇਟੀ ਮੈਂਬਰ ਗੁਰਚਰਨ ਖੋਖਰ ਅਤੇ ਵਿਸ਼ਵਕਾਂਤ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਆਗੂ ਸਰਬਜੀਤ ਪੁੰਨਾਵਾਲ, ਬੱਗਾ ਸਿੰਘ ਤੇ ਫ਼ਕੀਰ ਸਿੰਘ ਟਿੱਬਾ ਮੌਜੂਦ ਸਨ।