ਪ੍ਰੋ. ਤਾਰਾ ਸਿੰਘ ਪਟਿਆਲਾ ਸੰਗੀਤ ਸੰਮੇਲਨ' 14 ਅਕਤੂਬਰ ਤੋਂ ਹੋਵੇਗਾ ਸ਼ੁਰੂ
ਦੋ ਰੋਜ਼ਾ ਪ੍ਰੋ. ਤਾਰਾ ਸਿੰਘ ਪਟਿਆਲਾ ਸੰਗੀਤ ਸੰਮੇਲਨ' 14 ਅਕਤੂਬਰ ਤੋਂ ਹੋਵੇਗਾ ਸ਼ੁਰੂ
Publish Date: Mon, 13 Oct 2025 05:38 PM (IST)
Updated Date: Mon, 13 Oct 2025 05:41 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵੱਲੋਂ ਕਰਵਾਇਆ ਜਾ ਰਿਹਾ ‘11ਵਾਂ ਸਾਲਾਨਾ ਦੋ ਰੋਜ਼ਾ ਪ੍ਰੋ. ਤਾਰਾ ਸਿੰਘ ਪਟਿਆਲਾ ਸੰਗੀਤ ਸੰਮੇਲਨ ਮਿਤੀ 14 ਅਕਤੂਬਰ ਤੋਂ ਆਰੰਭ ਹੋ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਸੀਨੀਅਰ ਪ੍ਰੋਫ਼ੈਸਰ ਤੇ ਇਸ ਸੰਮੇਲਨ ਦੇ ਕੋਆਰਡੀਨੇਟਰ ਪ੍ਰੋ. ਨਿਵੇਦਿਤਾ ਸਿੰਘ ਨੇ ਦੱਸਿਆ ਕਿ ਪ੍ਰੋ. ਤਾਰਾ ਸਿੰਘ ਉੱਘੇ ਸੰਗੀਤ ਸ਼ਾਸਤਰੀ, ਖੋਜੀ, ਲੇਖਕ, ਸੁਰ ਰਚਨਾਕਾਰ, ਅਧਿਆਪਕ ਅਤੇ ਗੁਰੂ ਸਨ ਜਿਨ੍ਹਾਂ ਨੇ ਆਪਣੇ ਸੰਗੀਤ ਚਿੰਤਨ ਅਤੇ ਰਚਨਾਵਾਂ ਰਾਹੀਂ ਪੰਜਾਬ ਦੀ ਸੰਗੀਤ ਪਰੰਪਰਾ ਵਿਚ ਨਿੱਗਰ ਯੋਗਦਾਨ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਸੰਮੇਲਨ ਉਨ੍ਹਾਂ ਦੇ ਪਰਿਵਾਰ ਵੱਲੋਂ ਯੂਨੀਵਰਸਿਟੀ ਨੂੰ ਪ੍ਰਦਾਨ ਕੀਤੇ ਗਏ ਦਸ ਲੱਖ ਰੁਪਏ ਦੇ ਐਂਡੋਮੈਂਟ ਫੰਡ ਦੀ ਵਿਆਜ਼ ਰਾਸ਼ੀ ਨਾਲ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿਚ ਵਿਸ਼ਵ ਪ੍ਰਸਿੱਧ ਕਲਾਕਾਰ ਪੰਡਤ ਰਾਜਨ ਸਾਜਨ ਮਿਸਰ, ਪੰਡਤ ਵਿਸ਼ਵ ਮੋਹਨ ਭੱਟ, ਐਲ. ਕੇ ਪੰਡਿਤ ਜਿਹੇ ਕਲਾਕਾਰਾਂ ਤੋਂ ਇਲਾਵਾ ਰਾਸ਼ਟਰੀ ਪੱਧਰ ਦੇ ਅਨੇਕ ਕਲਾਕਾਰ ਆਪਣੀ ਪੇਸ਼ਕਾਰੀ ਦੇ ਚੁੱਕੇ ਹਨ। ਹਰ ਸੰਮੇਲਨ ਵਿਚ ਪੰਜਾਬ ਦੇ ਇਕ ਕਲਾਕਾਰ ਦੀ ਪ੍ਰਤਿਨਿਧਤਾ ਜ਼ਰੂਰੀ ਹੁੰਦੀ ਹੈ ਤੇ ਨਾਲ ਹੀ ਪਟਿਆਲਾ ਘਰਾਣਾ ਦੇ ਕਲਾਕਾਰਾਂ ਨੂੰ ਸੱਦਾ ਦੇਣ ਦਾ ਜਤਨ ਵੀ ਕੀਤਾ ਜਾਂਦਾ ਹੈ। ਇਸ ਵਾਰ ਦੇ ਸੰਮੇਲਨ ਵਿਚ ਵਿਸ਼ਵ ਭਾਰਤੀ ਸ਼ਾਂਤੀ ਨਿਕਤੇਨ ਤੋਂ ਪ੍ਰੋ. ਸਬਿਯਾਸਾਚੀ ਸਰਖੇਲ ਸਿਤਾਰ ਵਾਦਨ ਪ੍ਰਸਤੁਤ ਕਰਨਗੇ ਅਤੇ ਦਿੱਲੀ ਤੋਂ ਪੰਡਿਤ ਦੁਰਜੈ ਭੌਮਿਕ ਏਕਲ ਤਬਲਾ ਵਾਦਨ ਦੀ ਪੇਸ਼ਕਾਰੀ ਲਈ ਤਸ਼ਰੀਫ ਲਿਆ ਰਹੇ ਹਨ। ਪੁਣੇ ਤੋਂ ਡਾ ਸਮੀਰ ਦੁਬਲੇ ਅਤੇ ਪੁਰੂਲਿਆ, ਪੱਛਮੀ ਬੰਗਾਲ ਤੋਂ ਡਾ ਅੰਮ੍ਰਿਤਾ ਸਰਖੇਲ ਗਾਇਨ ਪੇਸ਼ਕਾਰੀ ਲਈ ਆ ਰਹੇ ਹਨ। ਸੰਮੇਲਨ ਵਿਚ ਪੰਜਾਬ ਦੀ ਪ੍ਰਤੀਨਿਧਤਾ ਅੰਮ੍ਰਿਤਸਰ ਤੋਂ ਸ੍ਰੀ ਦੀਪਿਨ ਰਾਜ ਕਰਨਗੇ ਜੋ ਆਪਣੇ ਸ਼ਾਸਤਰੀ ਗਾਇਨ ਦੀ ਪੇਸ਼ਕਾਰੀ ਦੇਣਗੇ। ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵਲੋਂ ਪ੍ਰੋ ਤਾਰਾ ਸਿੰਘ ਦੀਆਂ ਬੰਦਿਸ਼ਾਂ ਦਾ ਗਾਇਨ ਵਿਸ਼ੇਸ਼ ਰੂਪ ਵਿਚ ਕੀਤਾ ਜਾਵੇਗਾ। ਸੰਮੇਲਨ ਦਾ ਇੱਕ ਸ਼ੈਸਨ ਵਿਖਿਆਤ ਸੰਗੀਤ ਚਿੰਤਕ ਅਤੇ ਆਲੋਚਕ ਸੰਗੀਤ ਸੰਕਲਪ ਨਾਮਕ ਰਾਸ਼ਟਰੀ ਸੰਸਥਾ ਦੇ ਸੰਸਥਾਪਕ ਡਾ. ਮੁਕੇਸ਼ ਗਰਗ ਨੂੰ ਸਮਰਪਿਤ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਆਯੋਜਿਤ ਹੋ ਰਹੇ ਸ਼ਾਸਤਰੀ ਸੰਗੀਤ ਦੇ ਸੰਮੇਲਨਾਂ ਵਿਚ ਪ੍ਰੋ. ਤਾਰਾ ਸਿੰਘ ਪਟਿਆਲਾ ਸੰਗੀਤ ਸੰਮੇਲਨ ਉੱਘਾ ਸਥਾਨ ਬਣਾ ਚੁੱਕਾ ਹੈ ਜੋ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਹੈ।