ਵਲੰਟੀਅਰ ਹੀ ਭਾਸ਼ਾਈ ਭਾਈਚਾਰੇ ਦੀ ਅਸਲ ਤਾਕਤ : ਹਸਨ
ਵਲੰਟੀਅਰ ਹੀ ਭਾਸ਼ਾਈ ਭਾਈਚਾਰੇ ਦੀ ਅਸਲ ਤਾਕਤ: ਤਨਵੀਰ ਹਸਨ
Publish Date: Wed, 22 Apr 2026 04:25 PM (IST)
Updated Date: Wed, 22 Apr 2026 04:28 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਕਿਸੇ ਵੀ ਭਾਸ਼ਾਈ ਭਾਈਚਾਰੇ ਦੀ ਅਸਲੀ ਤਾਕਤ ਉਸਦੇ ਜਾਗਰੂਕ ਤੇ ਸਰਗਰਮ ਵਲੰਟੀਅਰਾਂ ਵਿਚ ਨਿਹਿਤ ਹੁੰਦੀ ਹੈ। ਜਦੋਂ ਸਵੈ ਸੇਵਾ ਸੰਸਕਾਰ ਮਜ਼ਬੂਤ ਹੁੰਦਾ ਹੈ, ਤਦ ਹੀ ਭਾਸ਼ਾ ਅਤੇ ਗਿਆਨ ਦੀ ਪਹੁੰਚ ਵੱਧਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੈਂਟਰ ਫਾਰ ਇੰਟਰਨੈਟ ਐਂਡ ਸੁਸਾਇਟੀ ਦੇ ਕਾਰਜਕਾਰੀ ਨਿਦੇਸ਼ਕ ਤੇ ਇੰਟਰਨੈਸ਼ਨਲ ਇੰਸਟੀਟਿਊਟ ਆਫ਼ ਇਨਫਾਰਮੇਸ਼ਨ ਟੈਕਨਾਲੋਜੀ ਹੈਦਰਾਬਾਦ ਦੇ ਪ੍ਰੋਜੈਕਟ ਓਪਨ ਨਾਲੇਜ ਇਨੀਸ਼ਿਏਟਿਵ ਦੇ ਮੁੱਖ ਆਰਕੀਟੈਕਟ ਤਨਵੀਰ ਹਸਨ ਨੇ ਕੀਤਾ। ਉਹ ਪੰਜਾਬੀ ਵਿਕੀਮੀਡੀਅਨਜ਼ ਯੂਜ਼ਰ ਗਰੁੱਪ ਵੱਲੋਂ ਵਲੰਟੀਅਰਾਂ ਲਈ ਕਰਵਾਈ ਗਈ ਦੋ ਰੋਜ਼ਾ ਸਕਿੱਲ ਡਿਵੈੱਲਪਮੈਂਟ ਵਰਕਸ਼ਾਪ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਿਤ ਕਰ ਰਹੇ ਸਨ। ਵਰਕਸ਼ਾਪ ਸਬੰਧੀ ਜਾਣਕਾਰੀ ਦਿੰਦੇ ਹੋਏ ਗਰੁੱਪ ਦੇ ਵਲੰਟੀਅਰ ਮੀਡੀਆ ਐਡਵਾਈਜ਼ਰ ਅਮਨ ਅਰੋੜਾ ਨੇ ਦੱਸਿਆ ਕਿ ਸੀਨੀਅਰ ਵਿਕੀਮੀਡੀਅਨਜ਼ ਨਿਤੇਸ਼ ਗਿੱਲ ਅਤੇ ਗਰੁੱਪ ਕੋਆਰਡੀਨੇਟਰ ਕੁਲਦੀਪ ਬੁਰਜ ਭਲਾਈਕੇ ਦੀ ਅਗਵਾਈ ਵਿਚ ਕਰਵਾਈ ਗਈ ਇਸ ਵਰਕਸ਼ਾਪ ਦੌਰਾਨ ਅੰਤਰਰਾਸ਼ਟਰੀ ਪੱਧਰ ਦੇ ਮਾਹਿਰਾਂ ਵੱਲੋਂ ਵਲੰਟੀਅਰ ਵਿਕੀਮੀਡੀਅਨਜ਼ ਨੂੰ ਵੱਖ-ਵੱਖ ਵਿਸ਼ਿਆਂ ’ਤੇ ਟ੍ਰੇਨਿੰਗ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪ੍ਰਭਾਵਸ਼ਾਲੀ ਸੰਚਾਰ ਕਿਸੇ ਵੀ ਮੂਵਮੈਂਟ ਦੀ ਸਫਲਤਾ ਲਈ ਅਹਿਮ ਹੁੰਦਾ ਹੈ ਅਤੇ ਡਿਜ਼ਿਟਲ ਪਲੇਟਫਾਰਮਾਂ ਦੇ ਸਹੀ ਇਸਤੇਮਾਲ ਨਾਲ ਭਾਈਚਾਰੇ ਦੀ ਪਹੁੰਚ ਅਤੇ ਭਾਗੀਦਾਰੀ ਨੂੰ ਕਾਫ਼ੀ ਵਧਾਇਆ ਜਾ ਸਕਦਾ ਹੈ। ਵਿਕੀਮੀਡੀਆ ਫਾਊਂਡੇਸ਼ਨ ਦੀ ਸੀਨੀਅਰ ਟਰੱਸਟ ਐਂਡ ਸੇਫਟੀ ਕਮਿਊਨਿਟੀ ਗਵਰਨਾਂਸ ਸਪੈਸ਼ਲਿਸਟ ਮਾਨਵਪ੍ਰੀਤ ਕੌਰ ਨੇ ਵਿਆਪਕ ਆਚਾਰ ਜ਼ਾਬਤੇ ਬਾਰੇ ਚਰਚਾ ਕੀਤੀ। ਵਰਕਸ਼ਾਪ ਵਿਚ ਸੀਨੀਅਰ ਵਿਕੀਮੀਡੀਅਨ ਚਰਨ ਗਿੱਲ, ਡਾ. ਸਟਾਲਿਨਜੀਤ ਬਰਾੜ, ਡਾ. ਗੌਰਵ ਝੰਮਟ, ਨਿਸ਼ਾਨ ਸਿੰਘ ਵਿਰਦੀ, ਗੁਰਮੇਲ ਕੌਰ, ਤਮਨਪ੍ਰੀਤ ਕੌਰ ਸਮੇਤ ਦੋ ਦਰਜਨ ਤੋਂ ਵੱਧ ਵਲੰਟੀਅਰਾਂ ਨੇ ਸਿਖਲਾਈ ਹਾਸਲ ਕੀਤੀ।