ਐਮਜੀ ਅਸ਼ੋਕਾ ਗਰਲਜ਼ ਸਕੂਲ ’ਚ ਟੈਲੈਂਟ ਹੰਟ ਮੁਕਾਬਲੇ ਕਰਵਾਏ
ਐਮਜੀ ਅਸ਼ੋਕਾ ਗਰਲਜ਼ ਸਕੂਲ ’ਚ ਟੈਲੈਂਟ ਹੰਟ ਮੁਕਾਬਲੇ ਕਰਵਾਏ
Publish Date: Tue, 19 May 2026 06:36 PM (IST)
Updated Date: Tue, 19 May 2026 06:36 PM (IST)

ਫ਼ੋਟੋ ਫ਼ਾਈਲ : 18 ਐਮਜੀ ਅਸ਼ੋਕਾ ਗਰਲਜ਼ ਸਕੂਲ ’ਚ ਕਰਵਾਏ ਗਏ ਟੈਲੈਂਟ ਹੰਟ ਮੁਕਾਬਲਿਆਂ ਦਾ ਦ੍ਰਿਸ਼। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਐਮਜੀ ਅਸ਼ੋਕਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਚ ਪ੍ਰਿੰਸੀਪਲ ਅੰਜੂ ਕੌੜਾ ਦੀ ਅਗਵਾਈ ਹੇਠ ਵਿਦਿਆਰਥਣਾਂ ਦੇ ਲੁਕੇ ਹੋਏ ਹੁਨਰ ਨੂੰ ਉਭਾਰਨ ਲਈ ‘ਟੈਲੈਂਟ ਹੰਟ 2026’ ਪ੍ਰੋਗਰਾਮ ਬੜੇ ਹੀ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਛੇਵੀਂ ਤੋਂ ਬਾਰਵੀਂ ਜਮਾਤ ਤਕ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਆਪਣੇ ਅੰਦਰ ਛੁਪੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਟੈਲੈਂਟ ਹੰਟ ਵਿਚ ਵਿਦਿਆਰਥਣਾਂ ਨੇ ਸਟੇਜ ਸੰਚਾਲਨ, ਗਾਇਨ, ਸੋਲੋ ਡਾਂਸ, ਗਰੁੱਪ ਡਾਂਸ, ਨਾਟਕ, ਕਵਿਤਾ ਪਾਠ, ਭਾਸ਼ਣ, ਗਿੱਧਾ ਅਤੇ ਭੰਗੜਾ ਵੀ ਪੇਸ਼ ਕੀਤੇ। ਨਵੀਆਂ ਵਿਦਿਆਰਥਣਾਂ ਨੇ ਪੂਰੇ ਆਤਮ ਵਿਸ਼ਵਾਸ ਨਾਲ ਮੰਚ ’ਤੇ ਆਪਣੇ ਹੁਨਰ ਦੀ ਪੇਸ਼ਕਾਰੀ ਕਰਕੇ ਸਭ ਨੂੰ ਪ੍ਰਭਾਵਿਤ ਕੀਤਾ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਅੰਜੂ ਕੌੜਾ ਨੇ ਦੱਸਿਆ ਕਿ ਸਕੂਲ ਵਿੱਚ ਵਿਦਿਆਰਥਣਾਂ ਲਈ ਇਹ ਟੈਲੈਂਟ ਹੰਟ ਹਰ ਸਾਲ ਕਰਵਾਇਆ ਜਾਂਦਾ ਹੈ। ਫਰੈਸ਼ਰ ਵਿਦਿਆਰਥਣਾਂ ਲਈ ਟੈਲੈਂਟ ਹੰਟ ਕਰਵਾਉਣ ਦਾ ਮਕਸਦ ਨਵੇਂ ਟੈਲੈਂਟ ਨੂੰ ਸਭ ਦੇ ਸਾਹਮਣੇ ਲਿਆਉਣਾ ਅਤੇ ਵਿਦਿਆਰਥਣਾਂ ਦੇ ਅੰਦਰ ਆਤਮ ਵਿਸ਼ਵਾਸ ਪੈਦਾ ਕਰਨਾ ਹੈ ਤਾਂ ਜੋ ਉਹ ਹਰ ਪ੍ਰੋਗਰਾਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈ ਸਕਣ। ਉਨ੍ਹਾਂ ਨੇ ਵਿਦਿਆਰਥਣਾਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਨੇ ਉਨ੍ਹਾਂ ਵਿਦਿਆਰਥਣਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਬਿਨਾਂ ਝਿਜਕ ਪੂਰੇ ਆਤਮ ਵਿਸ਼ਵਾਸ ਨਾਲ ਸਟੇਜ ’ਤੇ ਆਪਣੀ ਪ੍ਰਸਤੁਤੀ ਦਿੱਤੀ। ਉਨ੍ਹਾਂ ਅਨੁਸਾਰ ਹਰ ਬੱਚੇ ਵਿਚ ਕੋਈ ਨਾ ਕੋਈ ਵਿਲੱਖਣ ਗੁਣ ਹੁੰਦਾ ਹੈ ਅਤੇ ਟੈਲੈਂਟ ਹੰਟ ਵਰਗੇ ਮੰਚ ਉਸ ਵਿਚ ਛੁਪੇ ਹੋਏ ਗੁਣ ਨੂੰ ਪਛਾਨਣ ਵਿਚ ਮਦਦ ਕਰਦੇ ਹਨ। ਇਹ ਪ੍ਰੋਗਰਾਮ ਸਟੇਜ ਕੋਆਰਡੀਨੇਟਰ ਰੋਜ਼ੀ ਸਿੰਗਲਾ ਅਤੇ ਅਨੀਤਾ ਅਰੋੜਾ ਦੀ ਦੇਖ-ਰੇਖ ਹੇਠ ਬਹੁਤ ਹੀ ਸੁਚੱਜੇ ਢੰਗ ਨਾਲ ਕਰਵਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥਣਾਂ ਦੇ ਅੰਦਰੋਂ ਸਟੇਜ ਦਾ ਡਰ ਦੂਰ ਕਰਕੇ ਆਤਮ-ਵਿਸ਼ਵਾਸ ਪੈਦਾ ਕਰਦੇ ਹਨ। ਇਸ ਦੌਰਾਨ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਆਕਾਸ਼ਦੀਪ ਅਤੇ ਹਰਲੀਨ ਨੇ ਬਖ਼ੂਬੀ ਨਿਭਾਈ। ਅਸ਼ੋਕਾ ਐਜੂਕੇਸ਼ਨਲ ਟਰੱਸਟ ਵੱਲੋਂ ਵਿਦਿਆਰਥਣਾਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਗਈਆਂ।