ਵਰਲਡ ਹੈਰੀਟੇਜ ਡੇ ਮੌਕੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨੀ ਲਗਾਈ
ਵਰਲਡ ਹੈਰੀਟੇਜ ਡੇ ਮੌਕੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨੀ ਦਾ ਆਯੋਜਨ
Publish Date: Sat, 25 Apr 2026 06:02 PM (IST)
Updated Date: Sat, 25 Apr 2026 06:04 PM (IST)

ਜੀਐੱਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗੜ੍ਹ : ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਅਫਗਾਨਾ ਵਿਖੇ ਵਰਲਡ ਹੈਰੀਟੇਜ਼ ਡੇ ਨੂੰ ਸਮਰਪਿਤ ਇਕ ਵਿਲੱਖਣ ਅਤੇ ਸ਼ਾਨਦਾਰ ਪ੍ਰਦਰਸ਼ਨੀ ਲਗਾਈ ਗਈ, ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਇਸ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵਿਸ਼ਵ ਵਿਰਾਸਤ ਥਾਵਾਂ ਦੀ ਮਹੱਤਤਾ ਨਾਲ ਜਾਣੂ ਕਰਵਾਉਣਾ ਅਤੇ ਉਨ੍ਹਾਂ ਵਿਚ ਸੱਭਿਆਚਾਰਕ ਵਿਰਾਸਤ ਪ੍ਰਤੀ ਸਤਿਕਾਰ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਸੀ। ਇਸ ਮੌਕੇ ’ਤੇ ਵਿਦਿਆਰਥੀਆਂ ਨੇ ਆਪਣੀ ਕਲਾਤਮਕ ਯੋਗਤਾ ਅਤੇ ਰਚਨਾਤਮਕ ਸੋਚ ਦਾ ਪ੍ਰਦਰਸ਼ਨ ਕਰਦਿਆਂ ਬਹੁਤ ਹੀ ਸੁੰਦਰ ਮਾਡਲ ਤਿਆਰ ਕੀਤੇ। ਇਨ੍ਹਾਂ ਵਿੱਚ ਰੈੱਡ ਫੋਰਟ, ਲੋਟਸ ਟੈਂਪਲ, ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ), ਪਿਰਾਮਿਡ ਆਫ ਇਜਿਪਟ, ਇੰਡੀਆ ਗੇਟ, ਵੱਖ-ਵੱਖ ਰਾਜਾਂ ਅਤੇ ਰਾਜਧਾਨੀਆਂ ਦੇ ਪ੍ਰਤੀਕਾਤਮਕ ਮਾਡਲ ਅਤੇ ਹੈਮਟਨ ਕੋਰਟ ਪੈਲੇਸ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੇ। ਹਰ ਮਾਡਲ ਵਿਦਿਆਰਥੀਆਂ ਦੀ ਗਹਿਰੀ ਸਮਝ, ਖੋਜ ਅਤੇ ਮਿਹਨਤ ਦਾ ਜੀਵੰਤ ਪ੍ਰਤੀਕ ਸੀ। ਪ੍ਰਦਰਸ਼ਨੀ ਦੌਰਾਨ ਵਿਦਿਆਰਥੀਆਂ ਨੇ ਆਪਣੇ ਮਾਡਲਾਂ ਦੀ ਵਿਸਥਾਰ ਨਾਲ ਜਾਣਕਾਰੀ ਵੀ ਪ੍ਰਸਤੁਤ ਕੀਤੀ, ਜਿਸ ਨਾਲ ਦਰਸ਼ਕਾਂ ਨੂੰ ਇਨ੍ਹਾਂ ਇਤਿਹਾਸਕ ਸਥਲਾਂ ਦੀ ਮਹੱਤਤਾ ਬਾਰੇ ਵਧੀਆ ਜਾਣਕਾਰੀ ਪ੍ਰਾਪਤ ਹੋਈ। ਪੂਰੇ ਪ੍ਰੋਗਰਾਮ ਵਿਚ ਵਿਦਿਆਰਥੀਆਂ ਦਾ ਉਤਸ਼ਾਹ ਅਤੇ ਭਾਗੀਦਾਰੀ ਕਾਬਿਲ-ਏ-ਤਾਰੀਫ਼ ਰਹੀ। ਸਕੂਲ ਦੇ ਡਾਇਰੈਕਟਰ ਗੌਰਵ ਗੁਲਾਟੀ, ਪ੍ਰੈਜ਼ੀਡੈਂਟ ਸਲੋਨੀ ਗੁਲਾਟੀ, ਮੈਨੇਜਰ ਸੁਸ਼ੀਲ ਮਿਸ਼ਰਾ ਅਤੇ ਪ੍ਰਿੰਸੀਪਲ ਡਾ. ਮੀਨਾਕਸ਼ੀ ਸੂਦ ਨੇ ਵਿਦਿਆਰਥੀਆਂ ਦੀ ਕਲਾ, ਮਿਹਨਤ ਅਤੇ ਨਵੀਨਤਾ ਦੀ ਭਰਪੂਰ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਵਿਦਿਆਰਥੀਆਂ ਵਿੱਚ ਖੋਜੀ ਮਨੋਵਿਰਤੀ, ਆਤਮਵਿਸ਼ਵਾਸ ਅਤੇ ਸੰਸਕ੍ਰਿਤਿਕ ਜਾਗਰੂਕਤਾ ਦਾ ਵਿਕਾਸ ਹੁੰਦਾ ਹੈ।