ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਵਿਖੇ ਮਜ਼ਦੂਰ ਦਿਵਸ ਮਨਾਇਆ
ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਵਿਖੇ ਮਜਦੂਰ ਦਿਵਸ ਮਨਾਇਆ
Publish Date: Thu, 30 Apr 2026 06:19 PM (IST)
Updated Date: Thu, 30 Apr 2026 06:22 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਵਿਖੇ ਮਜ਼ਦੂਰ ਦਿਵਸ ਬਡ਼ੀ ਸ਼ਰਧਾ, ਉਤਸ਼ਾਹ ਅਤੇ ਸਨਮਾਨ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਸਕੂਲ ਦੇ ਵਿਦਿਆਰਥੀਆਂ ਨੇ ਮਿਹਨਤਕਸ਼ ਵਰਗ ਪ੍ਰਤੀ ਆਪਣਾ ਪਿਆਰ ਅਤੇ ਆਭਾਰ ਵਿਲੱਖਣ ਢੰਗ ਨਾਲ ਪ੍ਰਗਟ ਕੀਤਾ। ਸਮਾਰੋਹ ਦੌਰਾਨ ਵਿਦਿਆਰਥੀਆਂ ਵੱਲੋਂ ਮਿਹਨਤ ਕਰਨ ਵਾਲਿਆਂ ਦੀ ਮਹੱਤਤਾ ਦਰਸਾਉਂਦਾ ਸੁੰਦਰ ਗੀਤ ‘ਦਿਨ ਰਾਤ ਕੀ ਬਾਤ ਨਾ ਸੋਚੇ’ ਪੇਸ਼ ਕੀਤਾ ਗਿਆ, ਜਿਸ ਨੇ ਸਭ ਦਾ ਮਨ ਮੋਹ ਲਿਆ। ਇਸ ਤੋਂ ਇਲਾਵਾ ਬੱਚਿਆਂ ਨੇ ਭਾਸ਼ਣਾਂ ਰਾਹੀਂ ਮਜ਼ਦੂਰਾਂ ਦੀ ਕਠਿਨ ਮਿਹਨਤ, ਸੰਘਰਸ਼ ਅਤੇ ਸਮਾਜ ਵਿੱਚ ਉਨ੍ਹਾਂ ਦੇ ਅਹਿਮ ਯੋਗਦਾਨ ਨੂੰ ਉਜਾਗਰ ਕੀਤਾ। ਸਕੂਲ ਵਿੱਚ ਮਿਹਨਤ ਕਰਨ ਵਾਲੇ ਸਾਰੇ ਕਰਮਚਾਰੀਆਂ ਲਈ ਖਾਸ ਤੌਰ ’ਤੇ ਮਿਊਜ਼ਿਕਲ ਚੇਅਰ ਵਰਗੀਆਂ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ ਅਤੇ ਉਨ੍ਹਾਂ ਨੂੰ ਰਿਫਰੈਸ਼ਮੈਂਟ ਵੀ ਪ੍ਰਦਾਨ ਕੀਤੀ ਗਈ। ਇਸ ਉਪਰਾਲੇ ਨਾਲ ਕਰਮਚਾਰੀਆਂ ਦੇ ਚਿਹਰਿਆਂ ’ਤੇ ਖੁਸ਼ੀ ਅਤੇ ਸੰਤੁਸ਼ਟੀ ਦੀ ਚਮਕ ਸਾਫ਼ ਦਿਖਾਈ ਦਿੱਤੀ। ਇਸ ਮੌਕੇ ‘ਤੇ ਸਕੂਲ ਡਾਇਰੈਕਟਰ ਗੌਰਵ ਗੁਲਾਟੀ, ਪ੍ਰੈਜ਼ੀਡੈਂਟ ਸਲੋਨੀ ਗੁਲਾਟੀ, ਮੈਨੇਜਰ ਸੁਸ਼ੀਲ ਮਿਸ਼ਰਾ ਅਤੇ ਪ੍ਰਿੰਸੀਪਲ ਡਾ. ਮੀਨਾਕਸ਼ੀ ਸੂਦ ਨੇ ਆਪਣੇ ਸੰਦੇਸ਼ਾਂ ਰਾਹੀਂ ਮਿਹਨਤਕਸ਼ ਵਰਗ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਹਰ ਇਕ ਮਿਹਨਤੀ ਹੱਥ ਸਾਡੇ ਸਮਾਜ ਦੀ ਤਰੱਕੀ ਦੀ ਮਜ਼ਬੂਤ ਨੀਂਹ ਹੈ। ਇਹ ਸਮਾਰੋਹ ਨਾ ਸਿਰਫ ਮਜ਼ਦੂਰਾਂ ਲਈ ਸਨਮਾਨ ਦਾ ਪ੍ਰਤੀਕ ਬਣਿਆ, ਬਲਕਿ ਵਿਦਿਆਰਥੀਆਂ ਲਈ ਵੀ ਮਿਹਨਤ ਦੀ ਮਹੱਤਤਾ ਨੂੰ ਸਮਝਣ ਅਤੇ ਹਰ ਵਰਗ ਦੀ ਇੱਜ਼ਤ ਕਰਨ ਦੀ ਪ੍ਰੇਰਣਾ ਬਣਿਆ।