ਪਿੰਡ ਛੰਨਾਂ ਵਿਖੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ
ਪਿੰਡ ਛੰਨਾਂ ਵਿਖੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ
Publish Date: Sun, 03 May 2026 05:41 PM (IST)
Updated Date: Sun, 03 May 2026 05:44 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਸਖਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ, ਕਿ ਬੇਅਦਬੀ ਦੇ ਮਾਮਲਿਆਂ ਨੂੰ ਨੱਥ ਪਾਉਣ ਲਈ ਇਕ ਵਖਰਾ ਸਖਤ ਕਾਨੂੰਨ ਬਣਾ ਕੇ ਬੇਅਦਬੀ ਕਰਨ ਵਾਲੇ ਨੂੰ ਉਮਰ ਕੈਦ ਦੀ ਸਖਤ ਸਜਾ ਦਿੱਤੀ ਜਾਵੇ, ਜਿਸ ਤਹਿਤ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਜੋ ਪੰਜਾਬ ਸਰਕਾਰ ਵੱਲੋਂ ਨਵਾਂ ਕਾਨੂੰਨ ਬਣਾਇਆ ਗਿਆ ਹੈ। ਉਸ ਦੇ ਸ਼ੁਕਰਾਨੇ ਵੱਜੋਂ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਗੁਰਦੁਆਰਿਆਂ ਵਿਚ ਸ਼੍ਰੀ ਅਖੰਡ ਪਾਠ ਜਾਂ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਉਣ ਦੀ ਸੰਗਤਾਂ ਨੂੰ ਬੇਨਤੀ ਕੀਤੀ ਗਈ ਹੈ। ਇਸ ਤਹਿਤ ਨਗਰ ਪੰਚਾਇਤ ਦੇਵੀਗਡ਼੍ਹ ਅਤੇ ਪਿੰਡ ਬਹਾਦਰਪੁਰ ਛੰਨਾਂ ਦੀ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਸਾਂਝੇ ਤੌਰ ਤੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਅਤੇ ਸੁਕਰਾਨੇ ਵੱਜੋਂ ਅਰਦਾਸ ਕਰਵਾਈ ਗਈ। ਇਸ ਮੌਕੇ ਭਾਈ ਸੁਖਜੀਤ ਸਿੰਘ ਅਤੇ ਉਨ੍ਹਾਂ ਦੇ ਜਥੇ ਵੱਲੋਂ ਕਥਾ ਕੀਰਤਨ ਅਤੇ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋਡ਼ਿਆ ਗਿਆ। ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਯਾਦਵਿੰਦਰ ਸਿੰਘ ਰਾਜਾ ਧੰਜੂ ਅਤੇ ਮੈਂਬਰ ਨਗਰ ਪੰਚਾਇਤ ਦੇਵੀਗਡ਼੍ਹ ਬੂਟਾ ਸਿੰਘ ਥਿੰਦ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਰੋਕਣ ਲਈ ਬਣਾਏ ਗਏ ਕਾਨੂੰਨ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਥੋਡ਼ੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਵਿਚ ਪੰਜਾਬ ਵਿਚ ਸੈਂਕਡ਼ੇ ਬੇਅਦਬੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਸਨ, ਜਿਸ ਕਰਕੇ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ। ਇਸ ਮੌਕੇ ਸੁਰਜੀਤ ਸਿੰਘ ਥਿੰਦ ਚੇਅਰਮੈਨ, ਬਲਦੇਵ ਸਿੰਘ ਚੇਅਰਮੈਨ, ਸਵਿੰਦਰ ਕੌਰ ਧੰਜੂ ਪ੍ਰਧਾਨ ਨਗਰ ਪੰਚਾਇਤ ਦੇਵੀਗਡ਼੍ਹ, ਰਾਜਾ ਧੰਜੂ, ਬੂਟਾ ਸਿੰਘ ਐਮ.ਸੀ., ਮਾਸਟਰ ਸੰਤੋਖ ਸਿੰਘ, ਰਾਣਾ ਥਿੰਦ, ਸਹਿਲਪ੍ਰੀਤ ਥਿੰਦ, ਰੂਪਨਦੀਪ ਸਿੰਘ, ਲਾਡੀ ਛੰਨਾਂ ਐਮ.ਸੀ ਤੇ ਜਸਵੀਰ ਸਿੰਘ ਬਿੱਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।