ਸਹੋਦਿਆ ਅੰਤਰ-ਸਕੂਲੀ ਸਲਾਦ ਬਣਾਉਣ ਮੁਕਾਬਲੇ ’ਚ ਵਿਦਿਆਰਥੀਆਂ ਨੇ ਦਿਖਾਈ ਕਲਾ
ਸਹੋਦਿਆ ਅੰਤਰ-ਸਕੂਲੀ ਸਲਾਦ ਬਣਾਉਣ ਮੁਕਾਬਲੇ ’ਚ ਵਿਦਿਆਰਥੀਆਂ ਨੇ ਦਿਖਾਈ ਕਲਾ
Publish Date: Sat, 09 May 2026 04:56 PM (IST)
Updated Date: Sat, 09 May 2026 04:57 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਗੋਬਿੰਦਗੜ੍ਹ ਪਬਲਿਕ ਸਕੂਲ ਵੱਲੋਂ ਰੋਜ਼ਾਨਾ ਜ਼ਿੰਦਗੀ ’ਚ ਮੋਟੇ ਅਨਾਜ (ਮਿਲਟਸ) ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਸਹੋਦਿਆ ਅੰਤਰ-ਸਕੂਲੀ ਸਲਾਦ ਬਣਾਉਣ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਅਤੇ ਭਾਰਤੀ ਰਵਾਇਤੀ ਅਨਾਜਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ। ਮੁਕਾਬਲੇ ’ਚ ਵੱਖ-ਵੱਖ ਸਕੂਲਾਂ ਦੀਆਂ 13 ਤੋਂ ਵੱਧ ਟੀਮਾਂ ਨੇ ਹਿੱਸਾ ਲਿਆ, ਜਿਨ੍ਹਾਂ ਨੂੰ ਮਿਡਲ ਤੇ ਸੀਨੀਅਰ ਵਰਗ ਵਿਚ ਵੰਡਿਆ ਗਿਆ ਸੀ। ਪ੍ਰਤੀਭਾਗੀਆਂ ਨੇ ਬਾਜਰਾ, ਜਵਾਰ ਅਤੇ ਰਾਗੀ ਵਰਗੇ ਮੋਟੇ ਅਨਾਜਾਂ ਦੀ ਵਰਤੋਂ ਕਰਕੇ ਪੌਸ਼ਟਿਕ ਸਲਾਦ ਤਿਆਰ ਕੀਤੇ। ਮੁਕਾਬਲੇ ਦੇ ਨਿਯਮਾਂ ਅਨੁਸਾਰ ਹਰ ਪਕਵਾਨ ਵਿਚ ਘੱਟੋ-ਘੱਟ ਇੱਕ ਮੋਟਾ ਅਨਾਜ ਸ਼ਾਮਲ ਕਰਨਾ ਲਾਜ਼ਮੀ ਸੀ। ਵਿਦਿਆਰਥੀਆਂ ਨੇ ਸਫ਼ਾਈ ਦੇ ਮਿਆਰਾਂ ਦੀ ਪਾਲਣਾ ਕਰਦਿਆਂ ਮੌਕੇ ’ਤੇ ਹੀ ਸਬਜ਼ੀਆਂ ਅਤੇ ਫਲ ਕੱਟ ਕੇ ਆਪਣੀ ਕਲਾਤਮਕਤਾ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਤਰਬੂਜ਼ ਮਿਕਸਡ ਫਰੂਟ ਕੇਕ ਵਰਗੇ ਨਵੀਂ ਸੋਚ ਵਾਲੇ ਪਕਵਾਨ ਖਿੱਚ ਦਾ ਕੇਂਦਰ ਰਹੇ। ਹੋਮ ਸਾਇੰਸ ਅਧਿਆਪਕਾਂ ਬਲਜੀਤ ਕੌਰ ਅਤੇ ਰੁਪਿੰਦਰ ਕੌਰ ਨੇ ਜੱਜਾਂ ਦੀ ਭੂਮਿਕਾ ਨਿਭਾਉਂਦਿਆਂ ਕਲਾਤਮਕਤਾ, ਸਵੱਛਤਾ ਅਤੇ ਪੇਸ਼ਕਾਰੀ ਦੇ ਆਧਾਰ ’ਤੇ ਨਤੀਜੇ ਐਲਾਨੇ। ਨਤੀਜਿਆਂ ਅਨੁਸਾਰ ਮਿਡਲ ਵਰਗ ਵਿਚ ਲੇਡੀ ਐਲਆਰਡੀ ਪਬਲਿਕ ਸਕੂਲ ਨੇ ਪਹਿਲਾ, ਸੰਤ ਫ਼ਰੀਦ ਸਕੂਲ ਨੇ ਦੂਜਾ ਅਤੇ ਭਾਰਤਮ ਵਰਲਡ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। ਸੀਨੀਅਰ ਵਰਗ ਵਿਚ ਸੰਤ ਫ਼ਰੀਦ ਸਕੂਲ ਅਮਲੋਹ ਪਹਿਲੇ, ਸੰਤ ਫ਼ਰੀਦ ਸਕੂਲ ਮੰਡੀ ਗੋਬਿੰਦਗੜ੍ਹ ਦੂਜੇ ਤੇ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਤੀਜੇ ਸਥਾਨ ’ਤੇ ਰਿਹਾ। ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਤੇ ਗੋਬਿੰਦਗੜ੍ਹ ਪਬਲਿਕ ਸਕੂਲ ਨੂੰ ਹੌਂਸਲਾ ਅਫ਼ਜ਼ਾਈ ਲਈ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਸਕੂਲ ਪ੍ਰਿੰਸੀਪਲ ਡਾ. ਨੀਰੂ ਅਰੋੜਾ ਨੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਰਚਨਾਤਮਕਤਾ ਵਧਾਉਣ ਦੇ ਨਾਲ-ਨਾਲ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੀ ਪ੍ਰੇਰਣਾ ਦਿੰਦੇ ਹਨ।