29 ਨੂੰ ਜਲੰਧਰ ’ਚ ਹੋਵੇਗੀ ਸੂਬਾ ਪੱਧਰੀ ਰੋਸ ਰੈਲੀ : ਖੇੜੀ
29 ਨੂੰ ਜਲੰਧਰ ਵਿੱਚ ਹੋਵੇਗੀ ਸੂਬਾ ਪੱਧਰੀ ਰੋਸ ਰੈਲੀ : ਖੇੜੀ
Publish Date: Sat, 09 May 2026 04:25 PM (IST)
Updated Date: Sun, 10 May 2026 04:03 AM (IST)

ਮਨਰੇਗਾ ਕਾਨੂੰਨ ਬਹਾਲ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਹੋਵੇਗਾ ਮੁਜ਼ਾਹਰਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਕੁੱਲ ਹਿੰਦ ਕਿਸਾਨ ਸਭਾ ਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਇਕੱਤਰਤਾ ਚਮਕ ਭਵਨ ਸੰਗਰੂਰ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਕਾਮਰੇਡ ਗੁਰਮੇਲ ਸਿੰਘ ਉੱਪਲੀ ਤੇ ਕਾਮਰੇਡ ਭਰਪੂਰ ਸਿੰਘ ਦੁੱਗਾਂ ਵੱਲੋਂ ਕੀਤੀ ਗਈ। ਇਸ ਮੌਕੇ 29 ਮਈ ਨੂੰ ਜਲੰਧਰ ਵਿਖੇ ਹੋਣ ਵਾਲੀ ਸੂਬਾ ਪੱਧਰੀ ਰੋਸ ਰੈਲੀ ਤੇ ਮੁਜ਼ਾਹਰੇ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਚਮਕੌਰ ਸਿੰਘ ਖੇੜੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਨਰੇਗਾ ਕਾਨੂੰਨ ਨੂੰ ਖ਼ਤਮ ਕਰਕੇ ਨਵਾਂ ਬਿੱਲ ਲਿਆਂਦਾ ਗਿਆ ਹੈ, ਜਿਸ ਕਾਰਨ ਮਜ਼ਦੂਰ ਤੇ ਕਿਸਾਨ ਵਰਗ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਨਰੇਗਾ ਕਾਨੂੰਨ ਨੂੰ ਮੁੜ ਬਹਾਲ ਕਰਨ, ਬਿਜਲੀ ਬਿੱਲ ਵਾਪਸ ਲੈਣ, ਬੀਜ ਬਿੱਲ ਰੱਦ ਕਰਨ, ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਸਮੂਹ ਕਰਜ਼ੇ ਮੁਆਫ਼ ਕਰਨ, ਆਬਾਦਕਾਰਾਂ ਨੂੰ ਮਾਲਕੀ ਹੱਕ ਦੇਣ, ਖੇਤ ਮਜ਼ਦੂਰਾਂ ਤੇ ਹੋਰ ਗਰੀਬ ਪਰਿਵਾਰਾਂ ਨੂੰ ਰਿਹਾਇਸ਼ੀ ਪਲਾਟ ਮੁਹੱਈਆ ਕਰਵਾਉਣ ਤੇ ਮੁਕਤ ਵਪਾਰ ਸੰਧੀਆਂ ਰੱਦ ਕਰਨ ਦੀਆਂ ਮੰਗਾਂ ਨੂੰ ਲੈ ਕੇ ਵੱਡੀ ਗਿਣਤੀ ’ਚ ਲੋਕ ਰੈਲੀ ’ਚ ਸ਼ਮੂਲੀਅਤ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਸੂਬਾ ਪੱਧਰੀ ਰੈਲੀ ਨੂੰ ਆਲ ਇੰਡੀਆ ਕਿਸਾਨ ਸਭਾ ਦੇ ਪ੍ਰਧਾਨ ਕਾਮਰੇਡ ਅਸ਼ੋਕ ਧਾਵਲੇ ਤੇ ਆਲ ਇੰਡੀਆ ਖੇਤ ਮਜ਼ਦੂਰ ਯੂਨੀਅਨ ਦੇ ਜੁਆਇੰਟ ਸਕੱਤਰ ਕਾਮਰੇਡ ਬਿਕਰਮ ਸਿੰਘ ਵਿਸ਼ੇਸ਼ ਤੌਰ ’ਤੇ ਸੰਬੋਧਨ ਕਰਨਗੇ। ਇਸ ਮੌਕੇ ਕਾਮਰੇਡ ਹਰਬੰਸ ਸਿੰਘ ਨਮੋਲ, ਜੋਗਿੰਦਰ ਬੱਧਣ, ਜੀਤ ਸਿੰਘ ਘਰਾਚੋਂ, ਸਿੰਗਾਰਾ ਸਿੰਘ ਬਲਿਆਲ, ਜੋਗਾ ਸਿੰਘ ਉੱਪਲੀ, ਸ਼ੇਰਾ ਸਿੰਘ ਬਲਵਾੜ, ਇੰਦਰਜੀਤ ਸਿੰਘ ਛੰਨਾ, ਬਲਜਿੰਦਰ ਕੌਰ ਬਡਰੁੱਖਾਂ, ਸੁਰਜੀਤ ਸਿੰਘ, ਪ੍ਰਕਾਸ਼ ਸਿੰਘ ਛੰਨਾ, ਮਿੱਠਾ ਸਿੰਘ ਬਡਰੁੱਖਾਂ, ਮਾਸਟਰ ਅਜਮੇਰ ਸਿੰਘ ਅਤੇ ਰਣਜੀਤ ਸਿੰਘ ਖੁਰਾਣਾ ਹਾਜ਼ਰ ਸਨ।