ਪਿੰਡ ਸ਼ਾਦੀਹਰੀ ਦਾ ਸਟੇਡੀਅਮ ਬਣ ਕੇ ਤਿਆਰ
1.61 ਕਰੋੜ ਦੀ ਲਾਗਤ ਨਾਲ ਪਿੰਡ ਸ਼ਾਦੀਹਰੀ ਦਾ ਸਟੇਡੀਅਮ ਬਣ ਕੇ ਤਿਆਰ
Publish Date: Mon, 04 May 2026 06:00 PM (IST)
Updated Date: Tue, 05 May 2026 04:09 AM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਪਿੰਡ ਸ਼ਾਦੀਹਰੀ ਅੰਦਰ ਅੱਠ ਏਕੜ ਜ਼ਮੀਨ ’ਤੇ ਇੱਕ ਸ਼ਾਨਦਾਰ ਸਟੇਡੀਅਮ ਬਣ ਕੇ ਤਿਆਰ ਹੋਣ ਜਾ ਰਿਹਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਿੰਡ ਸ਼ਾਦੀਹਰੀ ਅੰਦਰ ਸਟੇਡੀਅਮ ਦਾ ਦੌਰਾ ਕਰਨ ਸਮੇਂ ਕਿਹਾ ਕਿ ਇਹ ਸਟੇਡੀਅਮ ਆਧੁਨਿਕ ਸਹੂਲਤਾਂ ਨਾਲ ਬਣਾਇਆ ਜਾ ਰਿਹਾ ਹੈ, ਜੋ ਕਿ ਪੰਚਾਇਤ ਵੱਲੋਂ ਦਿੱਤੀ ਗਈ 8 ਏਕੜ ਜ਼ਮੀਨ ਦੇ ਅੰਦਰ ਬਣ ਕੇ ਤਿਆਰ ਹੋਣ ਜਾ ਰਿਹਾ ਹੈ ਜਿਸ ਉੱਤੇ ਇੱਕ ਕਰੋੜ 61 ਲੱਖ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਟੇਡੀਅਮ ਸ਼ਹਿਰਾਂ ਅੰਦਰ ਬਣੇ ਹੋਏ ਸਟੇਡੀਅਮ ਤੋਂ ਵੀ ਵੱਧ ਸਹੂਲਤਾਂ ਦੇਵੇਗਾ। ਇਸ ਅੰਦਰ 400 ਮੀਟਰ ਦਾ ਟਰੈਕ ਵੀ ਹੋਵੇਗਾ ਤੇ ਹੋਰ ਵੀ ਵੱਖ-ਵੱਖ ਗੇਮਾਂ ਇਸ ਸਟੇਡੀਅਮ ਦੇ ਅੰਦਰ ਖੇਡੀਆਂ ਜਾ ਸਕਣਗੀਆਂ। ਉਨ੍ਹਾਂ ਕਿਹਾ ਕਿ ਇਹ ਸਟੇਡੀਅਮ ਜਲਦੀ ਹੀ ਬਣ ਕੇ ਤਿਆਰ ਹੋ ਜਾਵੇਗਾ ਜਿਸ ਦਾ ਉਦਘਾਟਨ ਵੀ ਆਉਣ ਵਾਲੇ ਸਮੇਂ ’ਚ ਜਲਦੀ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਦੀ ਸਰਕਾਰ ਪਿੰਡਾਂ ਅੰਦਰ ਰਹਿੰਦੇ ਨੌਜਵਾਨਾਂ ਨੂੰ ਖੇਡਾਂ ਅੰਦਰ ਆਪਣੀ ਕਲਾ ਵਿਖਾਉਣ ਦਾ ਮੌਕਾ ਦੇ ਰਹੀ ਹੈ ਤੇ ਹੁਣ ਉਨ੍ਹਾਂ ਨੂੰ ਤਿਆਰੀ ਕਰਨ ਲਈ ਜ਼ਿਆਦਾ ਦੂਰ ਜਾਣਾ ਨਹੀਂ ਪਵੇਗਾ ਕਿਉਂਕਿ ਸਰਕਾਰ ਵੱਲੋਂ ਹਰ ਚੌਥੇ ਪਿੰਡ ’ਚ ਸਟੇਡੀਅਮ ਦੀ ਉਸਾਰੀ ਕੀਤੀ ਜਾ ਰਹੀ ਹੈ ਜਿਸ ਦਾ ਪੰਜਾਬ ਸਰਕਾਰ ਵੱਲੋਂ ਨਿਵੇਕਲਾ ਫੰਡ ਵੀ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ਼ਹਿਰ ਅੰਦਰ ਇੱਕ ਸ਼ਾਨਦਾਰ ਇੰਡੋਰ ਸਟੇਡੀਅਮ ਬਣ ਕੇ ਤਿਆਰ ਹੋਣ ਵਾਲਾ ਜੋ ਕਿ 7.5 ਕਰੋੜ ਦੀ ਲਾਗਤ ਨਾਲ ਬਣਨ ਜਾ ਰਿਹਾ ਹੈ ਇਸ ਦਾ ਵੀ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਉਦਘਾਟਨ ਕੀਤਾ ਜਾਵੇਗਾ ਅਤੇ ਇਲਾਕੇ ਦੇ ਲੋਕਾਂ ਨੂੰ ਇਸ ਇੰਡੋਰ ਸਟੇਡੀਅਮ ਅੰਦਰ 11 ਖੇਡਾਂ ਇੱਕੋ ਸਮੇਂ ਖੇਡੇ ਜਾਣ ਦੀ ਸਹੂਲਤ ਮਿਲੇਗੀ। ਸਿਰਫ ਸਟੇਡੀਅਮ ਬਣਾ ਕੇ ਹੀ ਨਹੀਂ ਛੱਡੇ ਜਾਣੇ ਇਹਨਾਂ ਸਟੇਡੀਅਮ ਅੰਦਰ ਵੱਖ-ਵੱਖ ਗੇਮਾਂ ਲਈ ਕੋਚ ਵੀ ਨਿਯੁਕਤ ਕੀਤੇ ਗਏ ਹਨ ਜੋ ਕਿ ਖੇਡਾਂ ਦੀ ਨਰਸਰੀ ਪੈਦਾ ਕਰਕੇ ਅਤੇ ਖਿਡਾਰੀਆਂ ਨੂੰ ਤਿਆਰ ਕਰਕੇ ਕੌਮਾਂਤਰੀ ਪੱਧਰ ਦੇ ਮੁਕਾਬਲੇ ਦੀ ਤਿਆਰ ਕੀਤੀ ਜਾਣਗੇ। ਇੱਕ ਨਮੂਨੇ ਦਾ ਹਲਕਾ ਬਣਾ ਕੇ ਸਾਰੇ ਪੰਜਾਬ ਅੰਦਰ ਉਦਾਹਰਨ ਪੇਸ਼ ਕੀਤੀ ਜਾਵੇਗੀ। ਉਹਨਾਂ ਵੱਲੋਂ ਇਸ ਸਟੇਡੀਅਮ ਵਿੱਚ ਤਿਆਰੀ ਕਰ ਰਹੇ ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਵੀ ਵੰਡੀਆਂ ਅਤੇ ਉਹਨਾਂ ਨੂੰ ਤਿਆਰੀ ਕਰਨ ਲਈ ਵੀ ਪ੍ਰੇਰਿਆ ਗਿਆ। ਇਸ ਮੌਕੇ ਇੰਪਰੂਵਮੈਂਟ ਟਰਸਟ ਸੰਗਰੂਰ ਦੇ ਚੇਅਰਮੈਨ ਪ੍ਰੀਤਮ ਸਿੰਘ ਪੀਤੂ, ਐਸਡੀਐਮ ਦਿੜ੍ਹਬਾ ਤਰਸੇਮ ਚੰਦ, ਉਹ ਐਸਡੀ ਭੁਪਿੰਦਰ ਸਿੰਘ ਸੋਹੀ, ਜਿਲਾ ਖੇਡ ਅਫਸਰ ਨਵਦੀਪ ਸਿੰਘ, ਬਲਾਕ ਸੰਮਤੀ ਮੈਂਬਰ ਜਗਸੀਰ ਸਿੰਘ ਜੱਗਾ, ਬਲਾਕ ਸੰਮਤੀ ਚੇਅਰਪਰਸਨ ਮਨਜੀਤ ਕੌਰ ਹਾਜ਼ਰ ਸਨ।