ਸਮਾਣਾ ਸੜਕ ਹਾਦਸੇ ਦੀ ਪਹਿਲੀ ਬਰਸੀ ਮੌਕੇ ਦਿੱਤੀ ਸ਼ਰਧਾਂਜਲੀ
ਸਮਾਣਾ ਸੜਕ ਹਾਦਸੇ ਦੀ ਪਹਿਲੀ ਬਰਸੀ ਮੌਕੇ ਨਮ ਅੱਖਾਂ ਨਾਲ ਦਿੱਤੀ ਸ਼ਰਧਾਂਜਲੀ
Publish Date: Fri, 08 May 2026 04:52 PM (IST)
Updated Date: Fri, 08 May 2026 04:53 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਪਿਛਲੇ ਸਾਲ ਸਮਾਣਾ ਸੜਕ ਹਾਦਸੇ ਵਿਚ ਜਾਨ ਗੁਆ ਬੈਠੇ ਸਤ ਮਾਸੂਮ ਬੱਚਿਆਂ ਤੇ ਡਰਾਈਵਰ ਦੀ ਯਾਦ ਵਿਚ ਇਕ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ। ਨੇਚਰ ਲਵਰ ਏਕਮ ਫਾਊਂਡੇਸ਼ਨ ਅਤੇ ਪੇਰੈਂਟਸ ਗਰੁੱਪ ਪੰਜਾਬ ਵੱਲੋਂ ਕਰਵਾਏ ਸਮਾਗਮ ਦੌਰਾਨ ਮ੍ਰਿਤਕਾਂ ਦੀਆਂ ਆਤਮਾਵਾਂ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ ਅਤੇ ਮੋਮਬੱਤੀਆਂ ਜਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਉਚੇਚੇ ਤੌਰ ਤੇ ਪਹੁੰਚੇ ਅਤੇ ਕਿਹਾ ਕਿ ਸਮਾਣਾ ਸੜਕ ਹਾਦਸੇ ਵਿਚ ਮਾਸੂਮ ਬੱਚਿਆਂ ਅਤੇ ਡਰਾਈਵਰ ਦੀ ਹੋਈ ਮੌਤ ਨੇ ਸਾਰੇ ਸ਼ਹਿਰ ਨੂੰ ਝੰਝੋੜ ਕੇ ਰੱਖ ਦਿੱਤਾ ਸੀ। ਅਜਿਹੇ ਹਾਦਸੇ ਸਿਰਫ਼ ਪਰਿਵਾਰਾਂ ਲਈ ਹੀ ਨਹੀਂ, ਸਗੋਂ ਪੂਰੇ ਸਮਾਜ ਲਈ ਇੱਕ ਵੱਡਾ ਸਦਮਾ ਹੁੰਦੇ ਹਨ। ਸਟੇਟ ਅਤੇ ਗਵਰਨਰ ਅਵਾਰਡੀ, ਵਾਤਾਵਰਣ ਪ੍ਰੇਮੀ ਏਕਮਜੋਤ ਕੌਰ ਨੇ ਕਿਹਾ ਕਿ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਬੱਚੇ ਸਿਰਫ਼ ਵਿਦਿਆਰਥੀ ਨਹੀਂ ਸਨ, ਸਗੋਂ ਉਸਦੇ ਆਪਣੇ ਸਾਥੀ ਅਤੇ ਯਾਦਾਂ ਦਾ ਅਹਿਮ ਹਿੱਸਾ ਸਨ, ਜਿਨ੍ਹਾਂ ਦੀ ਕਮੀ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ। ਅੰਗਰੇਜ਼ ਸਿੰਘ ਵਿਰਕ ਅਤੇ ਪਵਨ ਗੋਇਲ ਨੇ ਕਿਹਾ ਕਿ ਸਾਨੂੰ ਸੜਕ ਸੁਰੱਖਿਆ ਦੇ ਨਿਯਮਾਂ ਨੂੰ ਹੋਰ ਸਖ਼ਤੀ ਨਾਲ ਲਾਗੂ ਕਰਨ ਦੀ ਲੋੜ ਹੈ ਤਾਂ ਜੋ ਭਵਿੱਖ ਵਿਚ ਕਿਸੇ ਹੋਰ ਮਾਪੇ ਨੂੰ ਆਪਣੇ ਬੱਚੇ ਨੂੰ ਇਸ ਤਰ੍ਹਾਂ ਨਾ ਗੁਆਉਣਾ ਪਵੇ। ਇਸ ਮੌਕੇ ਸੰਸਥਾ ਦੇ ਸੰਸਥਾਪਕ ਅਮਨਦੀਪ ਸਿੰਘ, ਇਸ਼ੂ ਗਿੱਲ ਅਤੇ ਪਰਮਜੀਤ ਸਿੰਘ ਆਦਿ ਨੇ ਸ਼ਰਧਾ ਦੇ ਫੁੱਲ ਵਿਛੜੀਆਂ ਰੂਹਾ ਨੂੰ ਭੇਂਟ ਕੀਤੇ।