ਹੁਨਰ ਵੱਡੀ ਤਾਕਤ ਹੈ ਹੁਨਰ ਤੋਂ ਹੀਣਾ ਮਨੁੱਖ ਹਰ ਜਗ੍ਹਾ ਬੇਕਾਰ ਸਾਬਤ ਹੁੰਦਾ ਹੈ

ਜਗਦੇਵ ਸਿੰਘ, ਪੰਜਾਬੀ ਜਾਗਰਣ, ਅਮਲੋਹ : ਵਿਸ਼ਵ ਯੁਵਾ ਹੁਨਰ ਦਿਵਸ, ਜੋ ਕਿ ਹਰ ਸਾਲ 15 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਹ ਇੱਕ ਵਿਸ਼ਵਵਿਆਪੀ ਪਲੇਟਫਾਰਮ ਹੈ, ਜੋ ਨੌਜਵਾਨਾਂ ਨੂੰ ਉਨ੍ਹਾਂ ਹੁਨਰਾਂ ਦੇ ਵਿਕਾਸ ਦੁਆਰਾ ਸ਼ਕਤੀਕਰਨ ਦੀ ਵਕਾਲਤ ਕਰਨ ਲਈ ਹੈ। ਜੋ ਉਨ੍ਹਾਂ ਦੀ ਰੁਜ਼ਗਾਰ ਯੋਗਤਾ ਨੂੰ ਵਧਾਉਂਦੇ ਹਨ। ਹੁਨਰ ਕੰਮ ਵਾਲੀ ਥਾਂ ’ਤੇ ਨੌਜਵਾਨਾਂ ਦੇ ਯੋਗਦਾਨ ਨੂੰ ਪਛਾਣਦਾ ਹੈ ਅਤੇ ਨੌਜਵਾਨਾਂ ਨੂੰ ਵਿਕਾਸ ਵਾਸਤੇ ਯੋਗਦਾਨ ਪਾਉਣ ਦੇ ਸਮਰੱਥ ਕਰਦਾ ਹੈ। 2014 ਵਿੱਚ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਨੌਜਵਾਨਾਂ ਨੂੰ ਰੁਜ਼ਗਾਰ ਵਧੀਆ ਕੰਮ ਅਤੇ ਉੱਦਮਤਾ ਦੇ ਨਾਲ ਗਲੋਬਲ ਚੁਣੌਤੀਆਂ ਨੂੰ ਹੱਲ ਕਰਨ ਅਤੇ ਟਿਕਾਊ ਵਿਕਾਸ ਨੂੰ ਅੱਗੇ ਵਧਾਉਣ ਲਈ ਹੁਨਰਾਂ ਨਾਲ ਲੈਸ ਕਰਨ ਦੇ ਰਣਨੀਤਿਕ ਮਹੱਤਵ ਨੂੰ ਮਨਾਉਣ ਲਈ 15 ਜੁਲਾਈ ਨੂੰ ਵਿਸ਼ਵ ਯੁਵਾ ਹੁਨਰ ਦਿਵਸ ਵਜੋਂ ਘੋਸ਼ਿਤ ਕੀਤਾ। ਹੁਨਰ ਦੀ ਘਾਟ ਕਾਰਨ ਵੱਧਦੀ ਹੋਈ ਬੇਰੁਜ਼ਗਾਰੀ ਦੀ ਸਮੱਸਿਆ ਵਿਸ਼ਵ ਵਿਆਪੀ ਚਿੰਤਾ ਬਣ ਰਹੀ ਹੈ। ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਅਤੇ ਉਨ੍ਹਾਂ ਦੀ ਸਮੱਰਥਾ ਨੂੰ ਵਿਕਸਿਤ ਕਰਨਾ ਸਮੇਂ ਦੀ ਅਹਿਮ ਲੋੜ ਹੈ। ਕੁਝ ਸੂਝਵਾਨ ਵਿਅਕਤੀਆਂ ਨੇ ‘ਪੰਜਾਬੀ ਜਾਗਰਣ’ ਨਾਲ ਆਪਣੇ ਵਿਚਾਰਾਂ ਸਾਂਝੇ ਕੀਤੇ।
ਸਤਨਾਮ ਸਿੰਘ ਭਗੜਾਣਾ ਐਡਵੋਕੇਟ ਅਮਲੋਹ ਨੇ ਕਿਹਾ ਕਿ ਹੁਨਰ ਇੱਕ ਬਹੁਤ ਵੱਡੀ ਤਾਕਤ ਹੈ। ਹੁਨਰ ਤੋਂ ਹੀਣਾ ਮਨੁੱਖ ਹਰ ਜ੍ਗ੍ਹਾ ਬੇਕਾਰ ਸਾਬਤ ਹੁੰਦਾ ਹੈ। ਅੱਜ ਸਾਡੇ ਦੇਸ਼ ਦੀ ਨੌਜਵਾਨੀ ਵੱਡੇ ਪੱਧਰ ’ਤੇ ਵਿਦੇਸ਼ਾਂ ਵੱਲ ਕੂਚ ਕਰ ਰਹੀ ਹੈ। ਪਰ ਹੁਨਰ ਦੀ ਘਾਟ ਵਾਲੇ ਨੌਜਵਾਨ ਵਿਦੇਸ਼ ਜਾ ਕੇ ਵੀ ਸਫਲਤਾ ਹਾਸਲ ਨਹੀਂ ਕਰਦੇ। ਅੱਜ ਪੰਜਾਬ ਦੇ ਨੌਜਵਾਨ ਜਵਾਨ ਬਾਰ੍ਹਵੀਂ ਜਮਾਤ ਪਾਸ ਕਰ ਕੇ ਆਇਲਟਸ ਕਰਨ ਨੂੰ ਹੀ ਸਭ ਤੋ ਵੱਡੀ ਡਿਗਰੀ ਸਮਝਦੇ ਹਨ। ਜਦਕਿ ਆਇਲਟਸ ਤਾਂ ਸਿਰਫ ਵਿਸ਼ੇਸ ਭਾਸ਼ਾ ਸਿੱਖਣ ਦਾ ਜਰੀਆ ਹੈ। ਜੇ ਵਿਦੇਸ਼ ਜਾਣ ਵਾਲੀ ਨੌਜਵਾਨ ਪੀੜ੍ਹੀ ਬਾਰ੍ਹਵੀਂ ਤਕ ਸਿੱਖਿਆ ਪ੍ਰਾਪਤ ਕਰਨ ਉਪਰੰਤ ਕੋਈ ਕਿੱਤਾ ਕੋਰਸ ਅਪਣਾ ਕੇ ਵਧੀਆ ਤਜ਼ਰਬਾ ਹਾਸਲ ਕਰ ਕੇ ਵਿਦੇਸ਼ ਜਾਣ ਤਾਂ ਉਨ੍ਹਾਂ ਹੁਨਰ ਮੁਤਾਬਿਕ ਕੰਮ ਲੱਭਣਾ ਸੁਖਲਾ ਹੋ ਸਕਦਾ ਹੈ। ਹੁਨਰ ਤੋਂ ਹੀਣਾ ਇਨਸਾਨ ਆਪਣੇ ਨਾਲ ਦੇ ਸਾਥੀਆਂ ਤੋਂ ਪੱਛੜ ਜਾਂਦਾ ਹੈ ਤੇ ਆਧੁਨਿਕ ਢਾਂਚੇ ਵਿੱਚ ਸਥਾਪਿਤ ਨਹੀਂ ਹੁੰਦਾ ਤੇ ਇਸੇ ਹੀਣਤਾ ਕਾਰਨ ਆਪਣਾ ਆਪ ਗਵਾ ਬੈਠਦਾ ਹੈ। ਹੁਨਰਮੰਦ ਮਨੁੱਖ ਆਪਣੇ ਸਮਾਜ ਨੂੰ ਸਹੀ ਸੇਧ ਦਿੰਦਾ ਹੈ। ਬੇਸ਼ੱਕ ਸਰਕਾਰਾਂ ਲੋਕਾਂ ਨੂੰ ਹੁਨਰਮੰਦ ਬਣਾਉਣ ਲਈ ਉਪਰਾਲੇ ਕਰ ਰਹੀਆਂ ਹਨ। ਪਰ ਇਹ ਸਭ ਨਾ ਕਾਫੀ ਹੈ। ਵਿਸ਼ਵ ਹੁਨਰ ਦਿਵਸ ਦੇ 10 ਸਾਲ ਬੀਤ ਜਾਣ ਦੇ ਬਾਵਜੂਦ ਹਾਲੇ ਨਤੀਜੇ ਆਉਣੇ ਬਾਕੀ ਹਨ।
ਕਮਲਪ੍ਰੀਤ ਸਿੰਘ ਮਾਨ ਐਡਵੋਕੇਟ ਨੇ ਕਿਹਾ ਕਿ ਨੌਜਵਾਨ ਵਰਗ ਵਿੱਚ ਹੱਥੀਂ ਕੰਮ ਕਰਨ ਦੀ ਅਰੁਚੀ ਤੇ ਹੁਨਰ ਦੀ ਘਾਟ ਕਾਰਨ ਭਵਿੱਖ ਦੀ ਦੁਨੀਆ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰ ਖਿੱਤੇ ਵਿੱਚ ਜ਼ਿਆਦਾਤਰ ਸਮੱਸਿਆਵਾਂ ਨੌਜਵਾਨ ਵਰਗ ਨਾਲ ਸਬੰਧਿਤ ਹਨ। ਬੇਰੁਜ਼ਗਾਰੀ ਜਿਹੇ ਭੱਖਦੇ ਮੁੱਦੇ ਸਿਰਫ ਨੌਜਵਾਨੀ ਦੇ ਵਿਅਕਤੀਗਤ ਭਵਿੱਖ ਲਈ ਹੀ ਨਹੀਂ, ਸਗੋਂ ਸਮਾਜ ਦੀ ਸਮੁੱਚੀ ਸਥਿਰਤਾ ਨੂੰ ਵੀ ਖਤਰਿਆਂ ਦੇ ਸਨਮੁੱਖ ਖੜ੍ਹਾ ਕਰਦੇ ਹਨ। ਬਹੁਤ ਸਾਰੇ ਉਦਯੋਗਾਂ ਨੂੰ ਹੁਨਰਮੰਦ ਹੱਥਾਂ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿੱਥੇ ਰੁਜ਼ਗਾਰਤਾਂਵਾਂ ਦੁਆਰਾ ਮੰਗੇ ਗਏ ਹੁਨਰ ਉਮੀਦਵਾਰਾਂ, ਕਰਮੀਆਂ ਦੇ ਹੁਨਰ ਨਾਲ ਮੇਲ ਨਹੀਂ ਖਾਂਦੇ। ਵਿਦਿਆਰਥੀ ਵਰਗ ਨੂੰ ਆਪਣੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਸਹੀ ਕਿੱਤਾ ਕੋਰਸ ਅਪਣਾਉਣ ਦੀ ਲੋੜ ਹੈ ਤਾਂ ਜੋ ਉਨ੍ਹਾਂ ਦਾ ਭਵਿੱਖ ਸਾਵੇਂ ਪੱਧਰੇ ਰਾਹ ’ਤੇ ਪੈ ਸਕੇ। ਲੋੜ ਹੈ ਨੌਜਵਾਨਾਂ ਨੂੰ ਸਕੂਲੀ ਪੜ੍ਹਾਈ ਸਮੇਂ ਹੀ ਹੁਨਰਮੰਦ ਕਿੱਤਿਆਂ ਬਾਰੇ ਚੇਤੰਨ ਬਣਾ ਕੇ ਦੇਸ਼ ਹਿੱਤ ਸ਼ਾਂਤੀ ਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਕਾਬਲ ਬਣਾਉਣ ਦੀ ਤਾਂ ਕਿ ਸਾਡੇ ਦੇਸ਼ ਦੇ ਹੁਨਰਮੰਦ ਨੌਜਵਾਨ ਬਹੁ-ਦਿਸ਼ਾਵੀ ਤਰੱਕੀ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾ ਸਕਣ।
ਇਸ ਮੌਕੇ ਜਗਮੀਤ ਸਿੰਘ ਰਾਜਾ ਸਮਾਜ ਸੇਵੀ ਅਮਲੋਹ ਨੇ ਯੂਥ ਸਕਿੱਲ ਡੇ ਵਿਸ਼ਵ ਪੱਧਰੀ ਚੁਣੌਤੀਆਂ ਨਾਲ ਨਜਿੱਠਣ ਵਿੱਚ ਹੁਨਰਮੰਦ ਨੌਜਵਾਨਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਦਾ ਹੈ। ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਸਕਿੱਲ ਇੰਡੀਆ ਕੇਂਦਰ ਸਰਕਾਰ ਦੀ ਪ੍ਰਭਾਵਸ਼ਾਲੀ ਪਹਿਲਕਦਮੀ ਹੈ, ਜੋ ਨੌਜਵਾਨਾਂ ਦੇ ਹੁਨਰ ਨੂੰ ਉਜਾਗਰ ਕਰਨ ਅਤੇ ਉਨ੍ਹਾਂ ਦੇ ਕੰਮ ਦੇ ਮਾਹੌਲ ਨੂੰ ਰੁਜ਼ਗਾਰਯੋਗ ਅਤੇ ਵਧੇਰੇ ਲਾਭਕਾਰੀ ਬਣਾਉਣ ਲਈ ਸ਼ੁਰੂ ਕੀਤੀ ਗਈ ਸੀ। ਪਰ ਪਿਛਲੇ ਸਮੇਂ ਦੌਰਾਨ ਵਿਦਿਆਰਥੀਆਂ ਦੇ ਵਿਦੇਸ਼ਾਂ ਵੱਲ ਵੱਧ ਰਹੇ ਰੁਝਾਨ ਕਾਰਨ ਪੰਜਾਬ ਵਿੱਚ ਵੱਡੇ ਪੱਧਰ ’ਤੇ ਤਕਨੀਕੀ ਅਤੇ ਕਿੱਤਾਮੁੱਖੀ ਸਿਖਲਾਈ ਸਿੱਖਿਆ ਅਤੇ ਸਿਖਲਾਈ ਸੰਸਥਾਵਾਂ ਬੰਦ ਹੋ ਗਈਆਂ ਸਨ। ਜਿਸ ਦੇ ਸਿੱਟੇ ਵਜੋਂ ਹੁਨਰ ਵਿਕਾਸ ਦੇ ਖੇਤਰ ਵਿੱਚ ਵੱਡੀ ਰੁਕਾਵਟ ਆ ਗਈ ਹੈ। ਗ਼ਰੀਬ ਇੱਕ ਦਹਾਕਾ ਪਹਿਲਾਂ ਵਿਦਿਆਰਥੀ ਸਿਖਲਾਈ ਸੰਸਥਾਵਾਂ ਤੋਂ ਹੁਨਰ ਪ੍ਰਾਪਤ ਕਰ ਕੇ ਸਰਕਾਰੀ, ਪ੍ਰਾਈਵੇਟ ਨੌਕਰੀ ਪ੍ਰਾਪਤ ਕਰ ਲੈਂਦੇ ਸੀ ਜਾਂ ਆਪਣਾ ਕੰਮ ਕਰਨ ਦੇ ਸਮਰੱਥ ਹੋ ਜਾਂਦੇ ਸਨ। ਪਰ ਆਇਲਸਟ ਦੀ ਦੌੜ ਨੇ ਨੌਜਵਾਨ ਵਰਗ ਨੂੰ ਬੇਕਾਰ ਕਰ ਕੇ ਰੱਖ ਦਿੱਤਾ ਹੈ। ਆਪਣੀ ਸਹੀ ਦਿਸ਼ਾ ਤੋਂ ਭਟਕ ਰਹੇ ਨੌਜਵਾਨ ਵਰਗ ਨੂੰ ਹੁਨਰ ਵੱਲ ਅਕਰਸ਼ਿਤ ਕਰਨ ਦੀ ਲੋੜ ਹੈ। ਇੱਕ ਸਫਲ ਵਿਅਕਤੀ ਦੀ ਸਭ ਤੋਂ ਵੱਡੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਆਪਣੇ ਸਕਿੱਲ ਵਧਾਉਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦਾ। ਜੇਕਰ ਇਨਸਾਨ ਵਿੱਚ ਸਕਿੱਲ ਪ੍ਰਤੀ ਲਾਲਸਾ ਨਹੀਂ ਹੈ ਤਾਂ ਉਹ ਕੁਝ ਵੀ ਨਵਾਂ ਨਹੀਂ ਸਿੱਖ ਸਕਦਾ ਤੇ ਉਸ ਦੇ ਜੀਵਨ ਵਿੱਚ ਖੜੋਤ ਆ ਜਾਂਦੀ ਹੈ। ਹੁਨਰ ਤੋਂ ਹੀਣੇ ਨੌਜਵਾਨਾਂ ਦੀ ਬੇਰੁਜ਼ਗਾਰੀ ਵੱਧ ਰਹੀ ਹੈ ਜੋ ਕਿ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਲਈ ਅੱਜ ਦੀ ਆਰਥਿਕ ਅਤੇ ਸਮਾਜਿਕ ਪੱਧਰ ’ਤੇ ਸਭ ਤੋਂ ਅਹਿਮ ਸਮੱਸਿਆ ਹੈ।