ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ 'ਤੇ ਭਵਾਨੀਗੜ੍ਹ ਵਿਖੇ ਹਾਲਾਤ ਬਣੇ ਜਾਨਲੇਵਾ
ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ 'ਤੇ ਭਵਾਨੀਗੜ੍ਹ ਵਿਖੇ ਹਾਲਾਤ ਬਣੇ ਜਾਨਲੇਵਾ
Publish Date: Sat, 25 Apr 2026 05:47 PM (IST)
Updated Date: Sun, 26 Apr 2026 04:10 AM (IST)

ਐੱਸਡੀਐੱਮ ਦੀ ਚਿੱਠੀ ਨੇ ਖੋਲ੍ਹੀ ਨਗਰ ਕੌਂਸਲ ਦੀ ਪੋਲ ਨਗਰ ਕੌਂਸਲ ਦੀ ‘ਅਪਰਾਧਿਕ ਲਾਪ੍ਰਵਾਹੀ’ ਕਾਰਨ ਟੁੱਟ ਰਿਹਾ ਹਾਈਵੇਅ : ਕਾਲੜਾ ਜੇਕਰ ਤੁਰੰਤ ਕੰਮ ਸ਼ੁਰੂ ਨਾ ਹੋਇਆ ਤਾਂ ਦੋਵਾਂ ਵਿਭਾਗਾਂ ਵਿਰੁੱਧ ਹੋਵੇਗਾ ਕੇਸ ਦਾਇਰ : ਐਡ. ਕਮਲ ਆਨੰਦ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਚੰਡੀਗੜ੍ਹ- ਬਠਿੰਡਾ ਨੈਸ਼ਨਲ ਹਾਈਵੇ 7 ’ਤੇ ਪੈਂਦੇ ਭਵਾਨੀਗੜ੍ਹ ਫਲਾਈਓਵਰ ਜੰਕਸ਼ਨ ਦੀ ਬਦਹਾਲੀ ਅਤੇ ਵਾਰ-ਵਾਰ ਟੁੱਟ ਰਹੀ ਸੜਕ ਦੇ ਮਾਮਲੇ ਵਿਚ ਇੱਕ ਵੱਡਾ ਪ੍ਰਸ਼ਾਸਨਿਕ ਖੁਲਾਸਾ ਹੋਇਆ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਕਮਲ ਆਨੰਦ ਤੇ ਸਮਾਜ ਸੇਵੀ ਜਤਿੰਦਰ ਕਾਲੜਾ ਨੇ ਐੱਸਡੀਐੱਮ ਭਵਾਨੀਗੜ੍ਹ ਵੱਲੋਂ ਜਾਰੀ ਅਧਿਕਾਰਤ ਪੱਤਰ ਨੰਬਰ ( 716, 20 ਅਪ੍ਰੈਲ 2026 ) ਦੇ ਹਵਾਲੇ ਨਾਲ ਦੱਸਿਆ ਕਿ ਸ਼ਹਿਰ ਦੀ ਨਿਕਾਸੀ ਦੇ ਗਲਤ ਪ੍ਰਬੰਧਾਂ ਕਾਰਨ ਨੈਸ਼ਨਲ ਹਾਈਵੇਅ ਤਬਾਹ ਹੋ ਰਿਹਾ ਹੈ। ਐੱਸਡੀਐੱਮ ਭਵਾਨੀਗੜ੍ਹ ਦੀ ਚਿੱਠੀ ਦੇ ਅਹਿਮ ਵੇਰਵੇ ਪ੍ਰੈੱਸ ਨਾਲ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਉਪ ਮੰਡਲ ਮੈਜਿਸਟ੍ਰੇਟ ਭਵਾਨੀਗੜ੍ਹ ਦਫ਼ਤਰ ਵੱਲੋਂ ਨਗਰ ਕੌਂਸਲ ਨੂੰ ਲਿਖੇ ਪੱਤਰ ਵਿੱਚ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੀ ਰਿਪੋਰਟ ਦਾ ਜ਼ਿਕਰ ਹੈ। ਰਿਪੋਰਟ ਅਨੁਸਾਰ, ਹਾਈਵੇਅ ਦੀਆਂ ਨਾਲੀਆਂ ਸਿਰਫ਼ ਮੀਂਹ ਦੇ ਪਾਣੀ ਲਈ ਸਨ, ਪਰ ਨਗਰ ਕੌਂਸਲ ਵੱਲੋਂ ਸ਼ਹਿਰ ਦੀਆਂ ਕਾਲੋਨੀਆਂ ਦੇ ਸੀਵਰੇਜ ਦਾ ਗੰਦਾ ਪਾਣੀ ਨਾਜਾਇਜ਼ ਤਰੀਕੇ ਨਾਲ ਇਨ੍ਹਾਂ ਵਿਚ ਪਾਇਆ ਜਾ ਰਿਹਾ ਹੈ। ਇਸੇ ਗੰਦੇ ਪਾਣੀ ਕਾਰਨ ਸੜਕ ਵਾਰ-ਵਾਰ ਟੁੱਟ ਰਹੀ ਹੈ ਤੇ ਲੋਕਾਂ ਦੀ ਜਾਨ ਨੂੰ ਖ਼ਤਰਾ ਬਣਿਆ ਹੋਇਆ ਹੈ। ਐੱਸਡੀਐੱਮ ਭਵਾਨੀਗੜ੍ਹ ਨੇ ਸਪੱਸ਼ਟ ਹਦਾਇਤ ਕੀਤੀ ਹੈ ਕਿ ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਨਗਰ ਕੌਂਸਲ ਦੀ ਹੋਵੇਗੀ। ਨਗਰ ਕੌਂਸਲ ਦੀ ਨਾਕਾਮੀ ਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੀ ਟਾਲ-ਮਟੋਲ ਦੇ ਚਲਦਿਆਂ ਉੱਘੇ ਸਮਾਜ ਸੇਵੀ ਜਤਿੰਦਰ ਕਾਲੜਾ ਨੇ ਕਿਹਾ ਕਿ ਇਹ ਨਗਰ ਕੌਂਸਲ ਦੀ ਅਪਰਾਧਿਕ ਲਾਪ੍ਰਵਾਹੀ ਹੈ ਕਿ ਇੰਨੇ ਸਾਲਾਂ ਬਾਅਦ ਵੀ ਉਹ ਸ਼ਹਿਰ ਵਾਸੀਆਂ ਨੂੰ ਸਹੀ ਸੀਵਰੇਜ ਡਿਸਪੋਜ਼ਲ ਸਿਸਟਮ ਨਹੀਂ ਦੇ ਸਕੇ। ਦੂਜੇ ਪਾਸੇ, ਉਨ੍ਹਾਂ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਤੇ ਵੀ ਸਵਾਲ ਚੁੱਕੇ ਕਿ ਸੜਕ ਬਣਾਉਣਾ ਅਤੇ ਉਸ ਦੀ ਸਾਂਭ-ਸੰਭਾਲ ਕਰਨਾ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੀ ਸੰਵਿਧਾਨਕ ਜ਼ਿੰਮੇਵਾਰੀ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਇਹ ਕਹਿ ਕੇ ਆਪਣਾ ਪੱਲਾ ਨਹੀਂ ਝਾੜ ਸਕਦਾ ਕਿ ਸੜਕ ਸਿਰਫ਼ ਨਗਰ ਕੌਂਸਲ ਕਰਕੇ ਟੁੱਟੀ ਹੈ। ਦੋਵਾਂ ਵਿਭਾਗਾਂ ਦੀ ਆਪਸੀ ਖਿੱਚੋਤਾਣ (ਇੱਕ ਦੂਜੇ ਤੇ ਇਲਜ਼ਾਮ ਲਗਾਉਣ) ਵਿੱਚ ਆਮ ਜਨਤਾ ਪੀਸੀ ਜਾ ਰਹੀ ਹੈ। ਅਦਾਲਤੀ ਕਾਰਵਾਈ ਦੀ ਚਿਤਾਵਨੀ ਐਡਵੋਕੇਟ ਕਮਲ ਆਨੰਦ ਨੇ ਸਖ਼ਤ ਲਹਿਜੇ ਵਿੱਚ ਚਿਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਸੜਕ ਦੀ ਮੁਰੰਮਤ ਅਤੇ ਪਾਣੀ ਦੀ ਨਿਕਾਸੀ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਨਾ ਕੀਤਾ ਗਿਆ, ਤਾਂ ਉਹ ਦੋਵਾਂ ਵਿਭਾਗਾਂ ਵਿਰੁੱਧ ਪਟੀਸ਼ਨ ਦਾਇਰ ਕਰਨਗੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਨ/ਮਾਲ ਨਾਲ ਖੇਡਣ ਵਾਲੇ ਅਧਿਕਾਰੀਆਂ ਦੀ ਜਵਾਬਦੇਹੀ ਹੁਣ ਅਦਾਲਤ ਵਿੱਚ ਤੈਅ ਕਰਵਾਈ ਜਾਵੇਗੀ। ਮੰਗਾਂ •ਨਗਰ ਕੌਂਸਲ ਤੁਰੰਤ ਸੀਵਰੇਜ ਦੇ ਪਾਣੀ ਨੂੰ ਹਾਈਵੇਅ ਦੀਆਂ ਨਾਲੀਆਂ ਵਿੱਚ ਜਾਣ ਤੋਂ ਰੋਕਣ ਲਈ ਵੱਖਰਾ ਪ੍ਰਬੰਧ ਕਰੇ। • ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਤੁਰੰਤ ਸੜਕ ਬਣਾਏ। • ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ।