ਸ਼ੁਕਰਾਨਾ ਯਾਤਰਾ : ਬੋਰਡ ਅਤੇ ਸਵਾਗਤੀ ਗੇਟਾਂ ’ਤੇ ਸਿਆਸੀ ਮਾਹੌਲ ਗਰਮਾਇਆ
ਸ਼ੁਕਰਾਨਾ ਯਾਤਰਾ : ਬੋਰਡ ਅਤੇ ਸਵਾਗਤੀ ਗੇਟਾਂ ’ਤੇ ਸਿਆਸੀ ਮਾਹੌਲ ਗਰਮਾਇਆ
Publish Date: Sat, 09 May 2026 05:42 PM (IST)
Updated Date: Sat, 09 May 2026 05:50 PM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਮੁੱਖ ਮੰਤਰੀ ਦੀ ਸ਼ੁਕਰਾਨਾ ਯਾਤਰਾ ਦੇ ਸਬੰਧ ਵਿਚ ਸ਼ਹਿਰ ਅੰਦਰ ਜਿੱਥੇ ਪ੍ਰਸ਼ਾਸਨਿਕ ਤਿਆਰੀਆਂ ਜ਼ੋਰਾਂ ਤੇ ਸਨ, ਉੱਥੇ ਹੀ ਸਿਆਸੀ ਖਿੱਚੋਤਾਣ ਅਤੇ ਕੁਝ ਅਜੀਬੋ-ਗਰੀਬ ਘਟਨਾਵਾਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਯਾਤਰਾ ਦੌਰਾਨ ਸ਼ਹਿਰ ਵਿੱਚ ਲਗਾਏ ਗਏ ਫਲੈਕਸ ਬੋਰਡ ਅਤੇ ਸਵਾਗਤੀ ਗੇਟ ਸਿਆਸੀ ਚਰਚਾ ਦਾ ਮੁੱਖ ਕੇਂਦਰ ਬਣੇ ਰਹੇ। ਮੁੱਖ ਮੰਤਰੀ ਦੀ ਆਮਦ ਤੋਂ ਮਹਿਜ਼ ਇੱਕ ਦਿਨ ਪਹਿਲਾਂ ਸ਼ਹਿਰ ਦੇ ਮੁੱਖ ਚੌਕਾਂ ਅਤੇ ਸੜਕਾਂ ਤੇ ਪੀਆਰਟੀਸੀ ਦੇ ਚੇਅਰਮੈਨ ਹਰਪਾਲ ਜੁਨੇਜਾ ਵੱਲੋਂ ਲਗਵਾਏ ਗਏ ਫਲੈਕਸ ਬੋਰਡਾਂ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਫਾੜ ਦਿੱਤਾ ਗਿਆ। ਜਦੋਂ ਸਵੇਰੇ ਲੋਕਾਂ ਨੇ ਇਹ ਪਾਟੇ ਹੋਏ ਬੋਰਡ ਦੇਖੇ ਤਾਂ ਸ਼ਹਿਰ ਵਿੱਚ ਸਿਆਸੀ ਚਰਚਾ ਛਿੜ ਗਈ। ਇਸ ਘਟਨਾ ਨੂੰ ਪਾਰਟੀ ਦੇ ਅੰਦਰੂਨੀ ਕਲੇਸ਼ ਜਾਂ ਵਿਰੋਧੀ ਧਿਰਾਂ ਦੀ ਸ਼ਰਾਰਤ ਵਜੋਂ ਦੇਖਿਆ ਜਾ ਰਿਹਾ ਹੈ। ਚੇਅਰਮੈਨ ਦੇ ਸਮਰਥਕਾਂ ਵਿੱਚ ਇਸ ਗੱਲ ਨੂੰ ਲੈ ਕੇ ਕਾਫੀ ਰੋਸ ਪਾਇਆ ਗਿਆ ਕਿ ਸਵਾਗਤੀ ਬੋਰਡਾਂ ਨੂੰ ਨਿਸ਼ਾਨਾ ਬਣਾ ਕੇ ਸਿਆਸੀ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। -ਸਵਾਗਤੀ ਗੇਟਾਂ ਨਾਲ ਟਕਰਾਉਂਦੇ ਰਹੇ ਵਾਹਨ ਦੂਜੇ ਪਾਸੇ, ਸਥਾਨਕ ਵਿਧਾਇਕ ਵੱਲੋਂ ਮੁੱਖ ਮੰਤਰੀ ਦੇ ਸਵਾਗਤ ਲਈ ਸ਼ਹਿਰ ਦੇ ਪ੍ਰਵੇਸ਼ ਦੁਆਰਾਂ ਤੇ ਵੱਡੇ ਸਵਾਗਤੀ ਗੇਟ ਲਗਾਏ ਗਏ ਸਨ। ਪਰ ਇਹ ਗੇਟ ਆਵਾਜਾਈ ਲਈ ਵੱਡੀ ਮੁਸੀਬਤ ਬਣ ਗਏ। ਮੁੱਖ ਮੰਤਰੀ ਦੀ ਆਮਦ ਮੌਕੇ ਭਾਰੀ ਵਾਹਨਾਂ ਦੀ ਆਵਾਜਾਈ ਦੌਰਾਨ ਟਿੱਪਰ ਅਤੇ ਟਰੱਕ ਇਹਨਾਂ ਸਵਾਗਤੀ ਗੇਟਾਂ ਵਿੱਚ ਟੱਕਰਾਂ ਮਾਰਦੇ ਦੇਖੇ ਗਏ। ਗੇਟਾਂ ਦੀ ਉਚਾਈ ਘੱਟ ਹੋਣ ਜਾਂ ਸੜਕਾਂ ਤੇ ਗਲਤ ਢੰਗ ਨਾਲ ਲਗਾਏ ਜਾਣ ਕਾਰਨ ਵਾਰ-ਵਾਰ ਵਾਹਨ ਇਹਨਾਂ ਨਾਲ ਉਲਝਦੇ ਰਹੇ, ਜਿਸ ਕਾਰਨ ਕਈ ਆਵਾਜਾਈ ਵਿਚ ਵਿਘਣ ਪਾਇਆ। -ਪੁਲਿਸ ਸਿਰ ਤੇ ਚੁੱਕ ਕੇ ਲਿਜਾਂਦੀ ਦਿਸੀ ਗੇਟ ਇਸ ਸਾਰੀ ਘਟਨਾ ਵਿੱਚ ਸਭ ਤੋਂ ਹੈਰਾਨੀਜਨਕ ਤਸਵੀਰ ਉਦੋਂ ਸਾਹਮਣੇ ਆਈ ਜਦੋਂ ਟੁੱਟੇ ਹੋਏ ਸਵਾਗਤੀ ਗੇਟ ਨੂੰ ਰਸਤੇ ਤੋਂ ਹਟਾਉਣ ਲਈ ਪੁਲਿਸ ਮੁਲਾਜ਼ਮਾਂ ਨੂੰ ਖੁਦ ਮੋਰਚਾ ਸੰਭਾਲਣਾ ਪਿਆ। ਹਾਲਾਤ ਅਜਿਹੇ ਬਣ ਗਏ ਕਿ ਪੁਲਿਸ ਕਰਮਚਾਰੀ ਇਹਨਾਂ ਭਾਰੀ ਗੇਟਾਂ ਨੂੰ ਆਪਣੇ ਸਿਰਾਂ ਤੇ ਰੱਖ ਕੇ ਸੜਕ ਤੋਂ ਪਾਸੇ ਲਿਜਾਂਦੇ ਦਿਖਾਈ ਦਿੱਤੇ। ਇਹ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਸ ਕਾਰਨ ਪ੍ਰਸ਼ਾਸਨ ਅਤੇ ਸਿਆਸੀ ਆਗੂਆਂ ਦੇ ਪ੍ਰਬੰਧਾਂ ਤੇ ਸਵਾਲ ਉੱਠ ਰਹੇ ਹਨ।