ਸ਼੍ਰੀ ਰਾਮ ਆਰੀਆ ਸਕੂਲ ’ਚ ਪ੍ਰੋਗਰਾਮ ਕਰਵਾਇਆ
-ਸ਼੍ਰੀ ਰਾਮ ਆਰੀਆ ਸਕੂਲ ਵਿੱਚ ਪ੍ਰੋਗਰਾਮ ਆਯੋਜਿਤ
Publish Date: Tue, 19 May 2026 04:30 PM (IST)
Updated Date: Tue, 19 May 2026 04:30 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸ਼੍ਰੀ ਰਾਮ ਆਰੀਆ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਚ ਚਰਿੱਤਰ ਨਿਰਮਾਣ ਮੁਹਿੰਮ ਤਹਿਤ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਵਿਚ ਮੁੱਖ ਬੁਲਾਰੇ ਵਜੋਂ ਅੰਤਰਰਾਸ਼ਟਰੀ ਲੇਖਕ ਅਤੇ ਸਿੱਖਿਆ ਸ਼ਾਸਤਰੀ ਅਨਿਲ ਕੁਮਾਰ ਭਾਰਤੀ ਨੇ ਵਿਦਿਆਰਥੀਆਂ ਨੂੰ ਉੱਚ ਚਰਿੱਤਰ ਦੇ ਨਿਰਮਾਣ ਅਤੇ ਵਿਦਿਆਰਥੀ ਜੀਵਨ ਵਿਚ ਸਫਲਤਾ ਦੇ ਸੂਤਰ ਪ੍ਰਦਾਨ ਕੀਤੇ। ਪ੍ਰੋਗਰਾਮ ਦੇ ਸ਼ੁਰੂ ਵਿਚ ਸਕੂਲ ਦੇ ਪ੍ਰਿੰਸੀਪਲ ਪ੍ਰਦੀਪ ਕੁਮਾਰ ਬਾਂਸਲ ਨੇ ਸਿੱਖਿਆ ਸ਼ਾਸਤਰੀ ਅਨਿਲ ਕੁਮਾਰ ਭਾਰਤੀ ਦਾ ਵਿਦਿਆਰਥੀਆਂ ਨਾਲ ਜਾਣ-ਪਛਾਣ ਕਰਵਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦੇ ਹੋਏ ਬਹੁਤ ਮਾਣ ਹੋ ਰਿਹਾ ਹੈ ਕਿ ਇਸੇ ਮਹਾਨ ਵਿਦਿਆਲਿਆ ’ਚੋਂ 1971 ਤੋਂ 1982 ਤੱਕ ਸਿੱਖਿਆ ਅਤੇ ਸੁਸੰਸਕਾਰ ਪ੍ਰਾਪਤ ਕਰਨ ਤੋਂ ਬਾਅਦ ਭਾਰਤੀ ਜੀ ਅੰਤਰਰਾਸ਼ਟਰੀ ਪੱਧਰ ਤੇ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੇ ਪ੍ਰਚਾਰ ਪ੍ਰਸਾਰ ਦੇ ਲਈ ਬਹੁਤ ਸ਼ਲਾਘਾਯੋਗ ਕਾਰਜ ਕਰ ਰਹੇ ਹਨ। ਮਾਸਕੋ (ਰੂਸ) ਵਿੱਚ ਇਸੇ ਸ਼ੁਭ ਕਾਰਜ ਦੇ ਲਈ ਉਨ੍ਹਾਂ ਨੂੰ ਮਹਾਮਨਾ ਮਦਨ ਮੋਹਨ ਮਾਲਵੀਆ ਅੰਤਰਰਾਸ਼ਟਰੀ ਭਾਸ਼ਾ ਗੌਰਵ ਅਵਾਰਡ ਵੀ ਪ੍ਰਦਾਨ ਕੀਤਾ ਗਿਆ, ਜਿਸ ਨਾਲ ਦੇਸ਼ ਦੇ ਨਾਲ-ਨਾਲ ਇਸ ਵਿਦਿਆਲਿਆ ਦਾ ਵੀ ਨਾਮ ਰੌਸ਼ਨ ਹੋਇਆ ਹੈ। ਇਸ ਮੌਕੇ ਹਾਜ਼ਰ 200 ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਅਨਿਲ ਕੁਮਾਰ ਭਾਰਤੀ ਨੇ ਕਿਹਾ ਕਿ ਸਾਰੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਸਦਾ ਅਜਿਹੇ ਕੰਮ ਕਰਨੇ ਚਾਹੀਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦੇ ਮਾਤਾ-ਪਿਤਾ, ਗੁਰੂਜਨਾਂ ਦੇ ਨਾਲ-ਨਾਲ ਦੇਸ਼ ਦਾ ਨਾਮ ਵੀ ਰੌਸ਼ਨ ਹੋਵੇ। ਇਸ ਮੌਕੇ ਤੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਹੋਰ (ਨੁਕਤੇ) ਦੱਸਦੇ ਹੋਏ ਵਿਦਿਆਰਥੀਆਂ ਨੂੰ ਇਹ ਵੀ ਸਮਝਾਇਆ ਗਿਆ ਕਿ ਸਾਰੇ ਵਿਦਿਆਰਥੀਆਂ ਨੂੰ ਸਮਾਂਬੱਧ ਰੂਪ ਵਿੱਚ ਪੜ੍ਹਾਈ, ਖੇਡਾਂ, ਮੋਬਾਈਲ ਅਤੇ ਇੰਟਰਨੈੱਟ ਦੀ ਸਦਉਪਯੋਗ ਕਰਨਾ ਚਾਹੀਦਾ ਹੈ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਵਿਦਿਆਲਿਆ ਦੇ ਸੂਝਵਾਨ ਅਧਿਆਪਕ ਸਾਹਿਬਾਨਾਂ ਸੰਜੀਵ ਕੁਮਾਰ, ਗੀਤਿਕਾ ਸ਼ਰਮਾ, ਅੰਜਲੀ ਸਿਆਲ, ਰੀਤੂ ਦੀਵਾਨ, ਅਮਰੀਸ਼ ਸ਼ਰਮਾ, ਮੰਜ਼ੂ ਬਾਲਾ ਅਤੇ ਭਾਵਨਾ ਰੋਹਿਲਾ ਨੇ ਵੀ ਆਪਣਾ ਮਹੱਤਵਪੂਰਨ ਯੋਗਦਾਨ ਦਿੱਤਾ।