ਸਰਕਾਰ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਵੀਕਾਰ ਕਰਨੀ ਚਾਹੀਦੀ : ਰਿਆੜ
ਨੌਜਵਾਨ ਵੱਲੋਂ ਸਵਾਲ ਪੁੱਛਣ ਦੀ ਕੋਸ਼ਿਸ਼ ਤੇ ਉਸ ਨਾਲ ਹੱਥੋਪਾਈ ਨਿੰਦਾਯੋਗ: ਸ਼ੈਰੀ ਰਿਆਡ਼
Publish Date: Sun, 10 May 2026 04:39 PM (IST)
Updated Date: Sun, 10 May 2026 04:42 PM (IST)

ਜੀਐਸ. ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਹਲਕਾ ਸਨੌਰ ਤੋਂ ਸੀਨੀਅਰ ਆਗੂ ਮਨਸਿਮਰਤ ਸਿੰਘ ਸ਼ੈਰੀ ਰਿਆਡ਼ ਨੇ ਪੰਜਾਬ ਵਿਚ ਵਾਪਰੀਆਂ ਹਾਲੀਆ ਘਟਨਾਵਾਂ ’ਤੇ ਗੰਭੀਰ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪ੍ਰੋਟੋਕੋਲ ਅਤੇ ਇਸ ਦੇ ਕੁਝ ਆਗੂਆਂ ਦੇ ਰਵੱਈਏ ਨੇ ਲੋਕਤੰਤਰਿਕ ਮਰਿਆਦਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਦਾ ਪ੍ਰੋਟੋਕੋਲ ਅਤੇ ਸੱਤਾ ਦਾ ਦਬਦਬਾ ਆਮ ਲੋਕਾਂ ਦੀ ਜ਼ਿੰਦਗੀ ਅਤੇ ਆਜ਼ਾਦੀ ਤੋਂ ਵੱਧ ਮਹੱਤਵਪੂਰਨ ਬਣ ਜਾਵੇ, ਤਾਂ ਇਹ ਬਹੁਤ ਹੀ ਚਿੰਤਾਜਨਕ ਸਥਿਤੀ ਹੈ। ਸ਼ੈਰੀ ਰਿਆਡ਼ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅੱਜ ਪਟਿਆਲਾ ਫੇਰੀ ਦੌਰਾਨ ਇਹ ਮਾਮਲਾ ਸਾਹਮਣੇ ਆਇਆ ਹੈ ਕਿ ਇੱਕ ਨੌਜਵਾਨ ਵੱਲੋਂ ਸਵਾਲ ਪੁੱਛਣ ਦੀ ਕੋਸ਼ਿਸ਼ ਕਰਨ ’ਤੇ ਆਮ ਆਦਮੀ ਪਾਰਟੀ ਦੇ ਇੱਕ ਆਗੂ ਵੱਲੋਂ ਉਸ ਨਾਲ ਹੱਥੋਪਾਈ ਕਰਨ ਅਤੇ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਘਟਨਾ ਸਪੱਸ਼ਟ ਕਰਦੀ ਹੈ ਕਿ ਸਰਕਾਰ ਅਤੇ ਇਸ ਦੇ ਕੁਝ ਆਗੂ ਆਲੋਚਨਾ ਅਤੇ ਲੋਕਾਂ ਦੇ ਸਵਾਲਾਂ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹਨ। ਉਨ੍ਹਾਂ ਨੇ ਇਸ ਤੋਂ ਪਹਿਲਾਂ ਵਾਪਰੀ ਉਸ ਦੁਖਦਾਈ ਘਟਨਾ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਸਰਕਾਰੀ ਪ੍ਰੋਟੋਕੋਲ ਕਾਰਨ ਇੱਕ ਗਰਭਵਤੀ ਮਹਿਲਾ ਨੂੰ ਸਮੇਂ ਸਿਰ ਇਲਾਜ ਨਾ ਮਿਲ ਸਕਿਆ ਅਤੇ ਮਾਸੂਮ ਬੱਚੇ ਦੀ ਜ਼ਿੰਦਗੀ ਇਸ ਦੁਨੀਆ ਵਿਚ ਆਉਣ ਤੋਂ ਪਹਿਲਾਂ ਹੀ ਖਤਮ ਹੋ ਗਈ। ਸ਼ੈਰੀ ਰਿਆਡ਼ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਮਾਮਲੇ ਵਿਚ ਇਨਸਾਫ਼ ਦੀ ਮੰਗ ਕਰ ਰਹੇ ਹਨ ਅਤੇ ਸਰਕਾਰ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਵੀਕਾਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਜ਼ਿੰਦਗੀ, ਸਨਮਾਨ ਅਤੇ ਆਪਣੇ ਸਵਾਲ ਪੁੱਛਣ ਦਾ ਅਧਿਕਾਰ ਕਿਸੇ ਵੀ ਰਾਜਨੀਤਿਕ ਪ੍ਰੋਟੋਕੋਲ ਤੋਂ ਵੱਧ ਮਹੱਤਵਪੂਰਨ ਹੈ। ਪੰਜਾਬ ਦੀ ਜਨਤਾ ਸੱਚਾਈ ਸਾਹਮਣੇ ਆਉਣ ਅਤੇ ਪੀਡ਼ਤਾਂ ਨੂੰ ਇਨਸਾਫ਼ ਮਿਲਣ ਤੱਕ ਆਪਣੀ ਆਵਾਜ਼ ਉਠਾਉਂਦੀ ਰਹੇਗੀ।