ਜਗਰੂਪ ਸਿੰਘ ਦੀ ਮਾਤਾ ਤੇ ਪਿੰਡ ਵਾਸੀਆਂ ਵੱਲੋਂ ਲਾਸ਼ ਲੈਣ ਤੋਂ ਲਿਖਤੀ ਇਨਕਾਰ
ਜਗਰੂਪ ਸਿੰਘ ਦੀ ਮਾਤਾ ਤੇ ਪਿੰਡ ਵਾਸੀਆਂ ਵੱਲੋਂ ਲਾਸ਼ ਲੈਣ ਤੋਂ ਲਿਖਤੀ ਇਨਕਾਰ
Publish Date: Mon, 04 May 2026 05:41 PM (IST)
Updated Date: Mon, 04 May 2026 05:41 PM (IST)
ਡੀਆਈਜੀ ਰੇਲਵੇ ਨੇ ਲਿਆ ਮੌਕੇ ਦਾ ਜਾਇਜ਼ਾ ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ: ਸ਼ੰਭੂ ਰੇਲਵੇ ਟਰੈਕ ‘ਤੇ ਸਥਿਤ ਈਸਟਰਨ ਡੈਡੀਕੇਟਿਡ ਫਰੇਟ ਕੋਰੀਡੋਰ ‘ਤੇ ਹੋਏ ਬੰਬ ਧਮਾਕੇ ਮਾਮਲੇ ਵਿਚ ਹਰ ਦਿਨ ਨਵੇਂ ਪਹਿਲੂ ਸਾਹਮਣੇ ਆ ਰਹੇ ਹਨ। ਇਸ ਗੰਭੀਰ ਘਟਨਾ ਨੇ ਨਾ ਸਿਰਫ਼ ਇਲਾਕੇ ਵਿਚ ਚਿੰਤਾ ਦਾ ਮਾਹੌਲ ਪੈਦਾ ਕੀਤਾ ਹੈ, ਸਗੋਂ ਸੁਰੱਖਿਆ ਏਜੰਸੀਆਂ ਨੂੰ ਵੀ ਪੂਰੀ ਤਰ੍ਹਾਂ ਅਲਰਟ ਕਰ ਦਿੱਤਾ ਹੈ। ਧਮਾਕੇ ਦੌਰਾਨ ਮੌਕੇ ‘ਤੇ ਹੀ ਮਾਰੇ ਗਏ ਮੁਲਜ਼ਮ ਜਗਰੂਪ ਸਿੰਘ ਦੀ ਲਾਸ਼ 28 ਤਰੀਕ ਤੋਂ ਰਾਜਪੁਰਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖੀ ਹੋਈ ਹੈ। ਮਾਮਲੇ ਵਿਚ ਨਵਾਂ ਮੋੜ ਉਸ ਵੇਲੇ ਆਇਆ ਜਦੋਂ ਜਗਰੂਪ ਸਿੰਘ ਦੀ ਮਾਤਾ ਅਤੇ ਪਿੰਡ ਵਾਸੀਆਂ ਵੱਲੋਂ ਲਾਸ਼ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ। ਇਹ ਇਨਕਾਰ ਲਿਖਤੀ ਰੂਪ ਵਿਚ ਰੇਲਵੇ ਪੁਲਿਸ ਨੂੰ ਦਿੱਤਾ ਗਿਆ ਹੈ। ਰੇਲਵੇ ਪੁਲਿਸ ਥਾਣਾ ਪਟਿਆਲਾ ਦੇ ਐੱਸਐੱਚਓ ਇੰਸਪੈਕਟਰ ਦਿਲਬਾਗ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਲਿਖਤੀ ਤੌਰ ‘ਤੇ ਲਾਸ਼ ਸਵੀਕਾਰ ਕਰਨ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਮਾਮਲੇ ਵਿਚ ਕਾਨੂੰਨੀ ਪ੍ਰਕਿਰਿਆ ਅਨੁਸਾਰ ਅਗਲਾ ਕਦਮ ਚੁੱਕਿਆ ਜਾਵੇਗਾ, ਜਿਸ ਵਿਚ ਲੋੜ ਪੈਣ ‘ਤੇ ਪੋਸਟਮਾਰਟਮ ਅਤੇ ਹੋਰ ਕਾਰਵਾਈ ਸ਼ਾਮਲ ਹੋ ਸਕਦੀ ਹੈ।