ਸਿਵਲ ਸਰਜਨ ਡਾ. ਸ਼ੈਲੀ ਨੇ ਕੀਤਾ ਪੀਐੱਚਸੀ ਅਜਨੌਦਾ ਦਾ ਦੌਰਾ
ਸਿਵਲ ਸਰਜਨ ਪਟਿਆਲਾ ਡਾ. ਸ਼ੈਲੀ ਜੇਤਲੀ ਨੇ ਕੀਤਾ ਪੀ.ਐਚ.ਸੀ ਅਜਨੌਦਾ ਦਾ ਦੌਰਾ
Publish Date: Mon, 04 May 2026 04:33 PM (IST)
Updated Date: Mon, 04 May 2026 04:35 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਤੇ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਪਟਿਆਲਾ ਦੇ ਸਿਵਲ ਸਰਜਨ ਡਾ. ਸ਼ੈਲੀ ਜੇਤਲੀ ਵੱਲੋਂ ਪੀਐੱਚਸੀ ਅਜਨੌਦਾ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਨ੍ਹਾਂ ਵੱਲੋਂ ਸੱਭ ਤੋਂ ਪਹਿਲਾਂ ਸਟਾਫ ਦੀ ਹਾਜ਼ਰੀ ਚੈੱਕ ਕੀਤੀ ਗਈ। ਇਸ ਤੋਂ ਬਾਦ ਵੱਖ ਵੱਖ ਬਿਮਾਰੀਆਂ ਦੇ ਇਲਾਜ ਲਈ ਆਏ ਮਰੀਜ਼ਾਂ ਤੋਂ ਹਸਪਤਾਲ ਵਿਚ ਕੀਤੇ ਜਾ ਰਹੇ ਉਨ੍ਹਾਂ ਦੇ ਇਲਾਜ ਬਾਰੇ ਜਾਣਕਾਰੀ ਲਈ ਗਈ, ਜਿਸ ਵਿਚ ਵਿਸ਼ੇਸ਼ ਤੌਰ ਉੱਤੇ ਗਰਭਵਤੀ ਅੋਰਤਾਂ ਦੇ ਇਲਾਜ ਵਿਚ ਕਿਸੇ ਤਰ੍ਹਾਂ ਦਾ ਵੀ ਮਰੀਜ਼ ਦਾ ਨੁਕਸਾਨ ਨਾ ਹੋਵੇ, ਇਸ ਨੂੰ ਯਕੀਨੀ ਬਣਾਉਣ ਲਈ ਸਟਾਫ ਨੂੰ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਪੀਐੱਚਸੀ ਦੇ ਐਮਰਜੈਂਸੀ, ਜਰਨਲ ਵਾਰਡ, ਲੇਬਰ ਰੂਮ, ਲੈਬ, ਕੋਲਡ ਚੇਨ ਪੁਆਂਇਟ, ਆਮ ਆਦਮੀ ਕਲੀਨਿਕ, ਓਟ ਸੇਂਟਰ ਤੇ ਫਾਰਮੇਸੀ ਆਦਿ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਐਮਰਜੈਂਸੀ ਵਿਚ ਵਰਤਣ ਲਈ ਰੱਖੀਆਂ ਦਵਾਈਆਂ ਦੀ ਐਕਸਪਾਇਰੀ ਮਿਤੀ ਵੀ ਚੈੱਕ ਕੀਤੀ। ਉਨ੍ਹਾਂ ਸਬੰਧਤ ਇੰਚਾਰਜ ਨੂੰ ਕਿਹਾ ਕਿ ਐਮਰਜੰਸੀ ਵਿਚ ਦਵਾਈਆਂ ਦੀ ਕਿਸੇ ਕਿਸਮ ਦੀ ਘਾਟ ਨਹੀਂ ਹੋਣੀ ਚਾਹੀਦੀ। ਉਨ੍ਹਾਂ ਮੌਕੇ ਉੱਤੇ ਮੌਜੂਦ ਮੈਡੀਕਲ ਅਫਸਰਾਂ ਅਤੇ ਸਟਾਫ ਨੂੰ ਮਰੀਜ਼ਾਂ ਦੇ ਇਲਾਜ ਵਿਚ ਕਿਸੇ ਕਿਸਮ ਦੀ ਕੁਤਾਹੀ ਨਾ ਵਰਤਣ, ਮਰੀਜ਼ਾਂ ਦੇ ਲੈਬ ਟੈਸਟ ਤੇ ਦਵਾਈਆਂ ਸਰਕਾਰੀ ਹਸਪਤਾਲਾਂ ਵਿੱਚ ਦੇਣੀਆਂ ਯਕੀਨੀ ਬਣਾਉਣ, ਡਿਊਟੀ ਦੌਰਾਨ ਸਮੇਂ ਦੀ ਪਾਬੰਦੀ ਅਤੇ ਹਸਪਤਾਲ ਵਿੱਚ ਸਾਫ ਸਫਾਈ ਦਾ ਖਾਸ ਧਿਆਨ ਰੱਖਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ। ਉਨ੍ਹਾਂ ਪੀਐਚਸੀ ਅਜਨੌਦਾ ਦੇ ਸਟਾਫ ਨੂੰ ਆਉਣ ਵਾਲੇ ਦਿਨਾਂ ਵਿਚ ਡਰਾਈ ਡੇਅ ਗਤੀਵਿਧੀਆਂ ਤੇਜ਼ ਕਰਨ ਤੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਅਜਨੌਦਾ ਪੀ.ਐਚ.ਸੀ ਦਾ ਸਮੁੱਚਾ ਸਟਾਫ ਹਾਜ਼ਰ ਸੀ।ਡਾ. ਸ਼ੈਲੀ ਨੇ ਪਿੰਡ ਦੇ ਪੰਚਾਇਤ ਘਰ ਵਿਖੇ ਲਗਾਏ ਗਏ ਅੱਖਾਂ ਦੀ ਜਾਂਚ ਸਬੰਧੀ ਕੈਂਪ ਦਾ ਮੁਆਇਨਾ ਵੀ ਕੀਤਾ।