ਸ਼ਹੀਦ ਗੁਰਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ
ਸ਼ਹੀਦ ਗੁਰਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ
Publish Date: Thu, 26 Feb 2026 03:49 PM (IST)
Updated Date: Fri, 27 Feb 2026 04:01 AM (IST)

ਫੌਜ ਵਿੱਚ 21 ਸਾਲ ਤੋਂ ਨਿਭਾਅ ਰਿਹਾ ਸੀ ਸੇਵਾ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਦੇਸ਼ ਵਿਰੋਧੀ ਤਾਕਤਾਂ ਨਾਲ ਲੋਹਾ ਲੈਂਦਿਆਂ ਮਨੀਪੁਰ ਵਿਚ ਸ਼ਹੀਦ ਹੋਏ ਸੁਨਾਮ ਨੇੜਲੇ ਪਿੰਡ ਮਹਿਲਾਂ ਚੌਕ ਦੇ ਫੌ਼ਜੀ ਜਵਾਨ ਗੁਰਦੀਪ ਸਿੰਘ ਦਾ ਵੀਰਵਾਰ ਨੂੰ ਉਸ ਦੇ ਜੱਦੀ ਪਿੰਡ ਮਹਿਲਾਂ ਚੌਕ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਸਿਵਲ ਪ੍ਰਸ਼ਾਸ਼ਨ ਵੱਲੋਂ ਸੁਨਾਮ ਦੇ ਐੱਸਡੀਐੱਮ ਗਗਨਦੀਪ ਸਿੰਘ ਤੇ ਪੁਲਿਸ ਦੁਆਰਾ ਡੀਐੱਸਪੀ ਦਿੜ੍ਹਬਾ ਡਾ. ਰੁਪਿੰਦਰ ਕੌਰ ਰੰਧਾਵਾ ਨੇ ਸ਼ਰਧਾਂਜਲੀ ਭੇਟ ਕੀਤੀ। ਸਾਬਕਾ ਸੈਨਿਕਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਦੇ ਲੋਕਾਂ ਨੇ ਸ਼ਹੀਦ ਗੁਰਦੀਪ ਸਿੰਘ ਅਮਰ ਰਹੇ ਦੇ ਨਾਅਰੇ ਲਾ ਕੇ ਸ਼ਰਧਾਂਜਲੀ ਦਿੱਤੀ। ਫੌ਼ਜ ਦੀ ਟੁਕੜੀ ਨੇ ਸ਼ਹੀਦ ਜਵਾਨ ਗੁਰਦੀਪ ਸਿੰਘ ਨੂੰ ਸਲਾਮੀ ਦਿੱਤੀ। ਚਿਖ਼ਾ ਨੂੰ ਅਗਨੀ ਸ਼ਹੀਦ ਗੁਰਦੀਪ ਸਿੰਘ ਦੇ ਪੁੱਤਰ ਸੁਖਮਨ ਸਿੰਘ ਨੇ ਦਿੱਤੀ। ਦੱਸ ਦੇਈਏ ਸੁਨਾਮ ਨੇੜਲੇ ਪਿੰਡ ਮਹਿਲਾਂ ਚੌਕ ਦਾ ਜਵਾਨ ਫੌ਼ਜ ਵਿਚ ਡਿਊਟੀ ਦੌਰਾਨ ਮਨੀਪੁਰ ਵਿਚ ਦੇਸ਼ ਵਿਰੋਧੀ ਅਨਸਰਾਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋ ਗਿਆ। ਉਹ ਪਿਛਲੇ 21 ਸਾਲਾਂ ਤੋਂ ਭਾਰਤੀ ਫੌ਼ਜ ਵਿਚ ਸੇਵਾ ਨਿਭਾਅ ਰਿਹਾ ਸੀ ਤੇ ਡਿਊਟੀ ਦੌਰਾਨ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਆਪਣਾ ਬਲੀਦਾਨ ਦੇ ਗਿਆ। ਸ਼ਹੀਦ ਗੁਰਦੀਪ ਸਿੰਘ ਆਪਣੇ ਪਿੱਛੇ ਪਤਨੀ, ਇਕ ਪੁੱਤਰ ਤੇ ਇਕ ਧੀ ਛੱਡ ਗਏ ਹਨ। ਅੰਤਿਮ ਸਸਕਾਰ ਮੌਕੇ ਸ਼ਾਮਲ ਹੋਏ ਸਾਬਕਾ ਸੈਨਿਕਾਂ ਅਤੇ ਪਤਵੰਤਿਆਂ ਨੇ ਫੌਜ ਵਿੱਚ ਡਿਊਟੀ ਨਿਭਾਉਂਦੇ ਸ਼ਹੀਦ ਹੋਏ ਗੁਰਦੀਪ ਸਿੰਘ ਦੇ ਪਰਿਵਾਰ ਲਈ ਸਰਕਾਰ ਵੱਲੋਂ ਬਣਦਾ ਮੁਆਵਜਾ , ਪਿੰਡ ’ਚ ਢੁਕਵੀਂ ਯਾਦਗਾਰ ਅਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ। ਇਸ ਮੌਕੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਓਐਸਡੀ ਤਪਿੰਦਰ ਸਿੰਘ ਸੋਹੀ, ਚੇਅਰਮੈਨ ਪੀਤੂ ਛਾਹੜ, ਸਰਪੰਚ ਰਵਿੰਦਰ ਸਿੰਘ, ਨੰਬਰਦਾਰ ਯੂਨੀਅਨ ਪੰਜਾਬ ਦੇ ਆਗੂ ਰਣ ਸਿੰਘ ਮਹਿਲਾਂ , ਸਾਬਕਾ ਫੌਜੀ ਅਜੈਬ ਸਿੰਘ ਉਗਰਾਹਾਂ ਹਾਜਰ ਸਨ।