ਸਵਰਗ ਆਸ਼ਰਮ ਦੇ ਗੇਟ ਅੱਗੇ ਸੀਵਰੇਜ ਦੇ ਖੜ੍ਹੇ ਗੰਦੇ ਪਾਣੀ ਤੋਂ ਲੋਕ ਪ੍ਰੇਸ਼ਾਨ
ਸਵਰਗ ਆਸ਼ਰਮ ਦੇ ਗੇਟ ਅੱਗੇ ਸਿਵਰੇਜ ਦੇ ਖੜੇ ਗੰਦੇ ਪਾਣੀ ਤੋਂ ਲੋਕ ਪ੍ਰੇਸ਼ਾਨ
Publish Date: Tue, 28 Apr 2026 06:28 PM (IST)
Updated Date: Tue, 28 Apr 2026 06:34 PM (IST)

ਫੋਟੋ 28ਪੀਟੀਐਲ: 31 ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਸ਼ਹਿਰ ਦੇ ਵਾਰਡ ਨੰਬਰ 4 ਵਿਚ ਸਥਿਤ ਸਵਰਗ ਆਸ਼ਰਮ ਦੇ ਗੇਟ ਅੱਗੇ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਬਲਾਕ ਹੋਣ ਕਾਰਨ ਗੰਦਾ ਪਾਣੀ ਭਰਿਆ ਪਿਆ ਹੈ। ਜਿਸ ਦੇ ਚਲਦੇ ਸਵਰਗ ਆਸ਼ਰਮ ਵਿਖੇ ਸੰਸਕਾਰ ਕਰਨ ਤੇ ਉਥੋਂ ਲੰਘਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਵਰਗ ਆਸ਼ਰਮ ਦੇ ਪ੍ਰਧਾਨ ਸੰਦੀਪ ਕੁਮਾਰ, ਰਜੇਸ਼ ਵਰਮਾ, ਸਾਂਮ ਲਾਲ ਪੇਸ਼ੀ, ਅਸ਼ੋਕ ਕੁਮਾਰ ਬੱਬੀ, ਸ਼ੁਬਮ ਜੈਨ ਨੇ ਦੱਸਿਆ ਕਿ ਪਿਛਲੇ ਇਕ ਮਹੀਨੇ ਤੋਂ ਸ਼ਮਸ਼ਾਨਘਾਟ ਦੇ ਗੇਟ ਅੱਗੇ ਨੱਕ ਚੀਰਵੀਂ ਬਦਬੂ ਮਾਰਦਾ ਸੀਵਰੇਜ ਦਾ ਗੰਦਾ ਪਾਣੀ ਲੀਕ ਹੋ ਰਿਹਾ ਹੈ। ਉਨ੍ਹਾਂ ਕਿਹਾਕਿ ਜਦੋਂ ਸ਼ਮਸ਼ਾਨਘਾਟ ਵਿਚ ਕਿਸੇ ਨੇ ਸੰਸਕਾਰ ਕਰਨ ਲਈ ਆਉਣਾ ਹੁੰਦਾ ਹੈ ਤਾਂ ਉਹ ਆਪਣੇ ਆਪ ਗੇਟ ਅੱਗੇ ਖੜ੍ਹੇ ਬਦਬੂਦਾਰ ਪਾਣੀ ਦੀ ਸਫਾਈ ਕਰਦੇ ਹਨ ਪਰ ਕੁਝ ਸਮੇਂ ਬਾਅਦ ਇਹ ਪਾਣੀ ਮੁੜ ਇਕੱਠਾ ਹੋ ਜਾਂਦਾ ਹੈ ਜਿਸ ਕਾਰਨ ਸੰਸਕਾਰ ਕਰਨ ਲਈ ਆਉਣ ਜਾਣ ਵਾਲੇ ਤੇ ਉਥੋਂ ਲੰਘਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਸਬੰਧੀ ਉਨ੍ਹਾਂ ਕਈ ਵਾਰ ਕੌਂਸਲ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ ਪਰ ਸਮੱਸਿਆ ਦਾ ਕੋਈ ਹੱਲ ਨਹੀ ਹੋਇਆ। ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ ਦਿਨ ਸੰਸਕਾਰ ਕਾਰਨ ਲਈ ਆਏ ਪਰਿਵਾਰ ਦੀ ਮਹਿਲਾ ਇਸ ਗੰਦੇ ਪਾਣੀ ਵਿਚ ਤਿਲਕ ਕੇ ਡਿੱਗ ਗਈ ਜਿਸ ਦੀ ਬਾਂਹ ਤੇ ਸਿਰ ਵਿੱਚ ਗੰਭੀਰ ਸੱਟ ਲੱਗੀ। ਇਹੀ ਨਹੀਂ ਬਨੂੜ ਸ਼ਹਿਰ ਦੇ ਹਰ ਵਾਰਡ ਹਰ ਮੁਹੱਲੇ ਦਾ ਇਹੀ ਹਾਲ ਹੋਇਆ ਪਿਆ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਹਿਰ ਵਾਸੀਆਂ ਨੇ ਕਿਹਾਕਿ ਸੀਵਰੇਜ ਬੋਰਡ ਦੇ ਠੇਕੇਦਾਰ ਨੇ ਆਪਣਾ ਆਪਾ ਬਚਾਉਣ ਲਈ ਵਾਰਡ ਨੰਬਰ 3 ਦੀ ਖੁੱਲ੍ਹੀ ਜਗਾ ਵਿਚ ਸੀਵਰੇਜ ਦਾ ਪਾਣੀ ਛੱਡ ਦਿੱਤਾ ਹੈ। ਜਿਸ ਨਾਲ ਮੰਦਿਰ ਤੇ ਗੂਗਾ ਮਾੜੀ ਦੀਆਂ ਕੰਧਾਂ ਵਿਚ ਪਾਣੀ ਜਾ ਰਿਹਾ ਹੈ ਜੋ ਕਿਸੇ ਵੀ ਸਮੇਂ ਡਿੱਗ ਸਕਦੀਆਂ ਹਨ। ਵਾਰਡ ਵਾਸੀ ਰਾਜ ਕੁਮਾਰ ਰੋਡਾ, ਮਾਸਟਰ ਰੋਸ਼ਨ ਲਾਲ, ਹੈਪੀ ਕਟਾਰੀਆ ਨੇ ਕਿਹਾ ਕਿ ਉਹ ਜਦੋਂ ਵੀ ਸਿਵਰੇਜ ਦੇ ਠੇਕੇਦਾਰ ਨਾਲ ਇਸ ਸਬੰਧੀ ਗੱਲਬਾਤ ਕਰਦੇ ਹਨ ਤਾਂ ਉਨ੍ਹਾਂ ਦਾ ਕਹਿਣਾ ਹੁੰਦਾ ਹੈ ਕਿ ਉਹ ਸੀਵਰੇਜ ਦੀ ਸਫਾਈ ਦਾ ਟੈਂਡਰ ਲਾਉਣ ਲਈ ਕਈ ਵਾਰ ਕੌਂਸਲ ਅਧਿਕਾਰੀਆਂ ਨੂੰ ਕਹਿ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੁੰਦੀ। ਇਸ ਮਾਮਲੇ ਸਬੰਧੀ ਜਦੋਂ ਸੀਵਰੇਜ ਬੋਰਡ ਦੇ ਐੱਸਡੀਓ ਲਵਕੇਸ਼ ਨੇ ਕਿਹਾ ਕਿ ਇਹ ਮਾਮਲਾ ਉਨਾਂ ਦੇ ਧਿਆਨ ਵਿਚ ਨਹੀਂ ਹੈ। ਉਹ ਜਲਦ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨਾਲ ਗੱਲਬਾਤ ਕਰਨਗੇ। ਉਨਾਂ ਕਿਹਾਕਿ ਮਸ਼ੀਨ ਭੇਜ ਕੇ ਇਸ ਬਲੋਕ ਹੋਈ ਸਿਵਰੇਜ ਦੀ ਸਫ਼ਾਈ ਕਰਵਾਉਣਗੇ।