ਮੋਰਿੰਡਾ-ਚੁੰਨੀ ਮਾਰਗ ’ਤੇ ਬੱਸ ਤੇ ਟਿੱਪਰ ਦੀ ਟਕੱਰ ’ਚ ਕਈ ਕਰਮਚਾਰੀ ਜ਼ਖ਼ਮੀ
ਮੋਰਿੰਡਾ-ਚੁੰਨੀ ਮਾਰਗ ਤੇ ਬੱਸ ਟਿਪੱਰ ਦੀ ਟਕੱਰ ’ਚ ਕਈ ਕਰਮਚਾਰੀ ਜ਼ਖਮੀਂ
Publish Date: Sat, 25 Apr 2026 06:05 PM (IST)
Updated Date: Sat, 25 Apr 2026 06:07 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਬੀਤੀ ਦੇਰ ਰਾਤ ਮੋਰਿੰਡਾ-ਚੁੰਨੀ ਮਾਰਗ ’ਤੇ ਪਿੰਡ ਗੜਾਂਗਾਂ ਨੇੜੇ ਇਕ ਹੋਰ ਹਾਦਸਾ ਵਾਪਰਿਆ, ਜਿਸ ਵਿਚ ਇਕ ਕੰਪਨੀ ਦੀ ਬਸ ਵਿਚ ਸਵਾਰ ਕਈ ਕਰਮਚਾਰੀ ਜ਼ਖ਼ਮੀ ਹੋ ਗਏ। ਇਸ ਮਾਮਲੇ ਵਿਚ ਘੜੂੰਆਂ ਪੁਲਿਸ ਸਟੇਸ਼ਨ ਵਿਖੇ ਟਿੱਪਰ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜਾਂਚ ਅਫਸਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਕਰੀਬ 10 ਵਜੇ ਇਕ ਕੰਪਨੀ ਦੀ ਬਸ ਕਰਮਚਾਰੀਆਂ ਨੂੰ ਲਿਜਾ ਰਹੀ ਸੀ ਜਿਸ ਵਿਚ 15 ਦੇ ਕਰੀਬ ਕਰਮਚਾਰੀ ਸਵਾਰ ਸਨ। ਉਸ ਦੌਰਾਨ ਪਿੰਡ ਗੜਾਂਗਾ ਨੇੜੇ ਇਕ ਟਿੱਪਰ ਨੇ ਬਸ ਨੂੰ ਟਕੱਰ ਮਾਰ ਦਿੱਤੀ। ਜਿਸ ਨਾਲ ਕਈ ਕਰਮਚਾਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਜਦ ਕਿ ਪਿੰਡ ਭਗੜਾਨਾ ਵਾਸੀ ਜੋਗਿੰਦਰ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਯੂਥ ਇਕਾਈ ਦੇ ਪ੍ਰਧਾਨ ਜਰਨੈਲ ਸਿੰਘ ਭਟੇੜੀ ਨੇ ਦੱਸਿਆ ਕਿ ਜ਼ਿਲ੍ਹਾ ਰੋਪੜ, ਮੁਹਾਲੀ ਤੇ ਫਤਹਿਗੜ੍ਹ ਸਾਹਿਬ ਨੂੰ ਜੋੜਦੇ ਮੋਰਿੰਡਾ-ਚੁੰਨੀ ਮਾਰਗ ’ਤੇ ਪਿਛਲੇ 8-10 ਦਿਨਾਂ ਤੋਂ ਲਗਭਗ ਹਰ ਰੋਜ਼ ਸੜਕ ਹਾਦਸਾ ਵਾਪਰਦਾ ਹੈ। ਜਿਸ ਦਾ ਮੁੱਖ ਕਾਰਨ ਮਾਰਗ ’ਤੇ ਪਏ ਡੂੰਗੇ ਖੱਡੇ ਅਤੇ ਆਲੇ ਦੁਆਲੇ ਖੜ੍ਹੇ ਸੁੱਕੇ ਦਰੱਖਤ ਹਨ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਸਰਕਾਰ ਵਲੋਂ ਅਣਗੌਲਿਆ ਹੋਣ ਕਾਰਨ ਨਾ ਹੀ ਇਸ ਅਤਿ ਵਿਅਸਤ ਮਾਰਗ ਦੇ ਖੱਡੇ ਭਰੇ ਗਏ ਹਨ ਤੇ ਨਾਂ ਹੀ ਸਾਲਾਂ ਪੁਰਾਣੇ ਸੁੱਕੇ ਦਰਖ਼ਤ ਕਟਵਾਏ ਗਏ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਸ਼ਿਕਾਇਤ ਦੇ ਬਾਵਜੂਦ ਇਸ ਮਾਰਗ ਦੀ ਖਸਤਾ ਹਾਲਤ ਬਣੀ ਹੋਈ ਹੈ। ਬੀਤੀ 15 ਅਪ੍ਰੈਲ ਨੂੰ ਇਸੇ ਮਾਰਗ ’ਤੇ ਵਾਪਰੇ ਬਸ ਹਾਦਸੇ ਵਿਚ 9 ਸ਼ਰਧਾਲੂਆਂ ਦੀ ਜਾਨ ਚਲੀ ਗਈ ਤੇ ਕਈ ਫੱਟੜ ਹੋਏ ਸਨ। ਉਸ ਤੋਂ ਬਾਅਦ ਪਿੰਡ ਸਿੱਲ ਨੇੜੇ ਟਿੱਪਰ ਦੀ ਟਕੱਰ ਨਾਲ ਕਣਕ ਵੇਚਣ ਜਾ ਰਿਹਾ ਕਿਸਾਨ ਮੁਖਤਿਆਰ ਸਿੰਘ ਵਾਸੀ ਪਿੰਡ ਸਾਦਿਕਪੁਰ ਗੰਭੀਰ ਜ਼ਖਮੀਂ ਹੋ ਗਿਆ ਸੀ ਤੇ ਉਸ ਦਾ ਟਰੈਕਟਰ ਵੀ ਚਕਨਾਚੂਰ ਹੋ ਗਿਆ ਸੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਸ ਮਾਰਗ ’ਤੇ ਲਗਾਤਾਰ ਵਾਪਰ ਰਹੇ ਹਾਦਸਿਆਂ ਨੂੰ ਰੋਕਣ ਲਈ ਤੁਰੰਤ ਕਦਮ ਚੁੱਕਣ ਦੇ ਨਾਲ ਨਾਲ ਮੋਰਿੰਡਾ ਹਸਪਤਾਲ ਵਿਚ ਡਾਕਟਰ ਵੀ ਤੈਨਾਤ ਕਰਨ ਦੀ ਮੰਗ ਕੀਤੀ ਹੈ, ਤਾਂ ਜੋ ਕਿਸੇ ਵੀ ਜ਼ਖ਼ਮੀ ਦੇ ਇਲਾਜ ਵਿਚ ਦੇਰੀ ਨਾ ਹੋਵੇ।